ਨਵਜੋਤ ਸਿੰਘ ਸਿੱਧੂ ਵੱਲੋਂ ਵਿਦਿਆਰਥਣਾਂ ਤੇ ਔਰਤਾਂ ਲਈ ਵੱਡੇ ਐਲਾਨ

Navjot Singh Sidhu Sachkahoon

ਔਰਤਾਂ ਨੂੰ ਦੋ ਹਜ਼ਾਰ ਰੁਪਏ ਤੇ ਘਰੇਲੂ ਜਰੂਰਤ ਲਈ 8 ਗੈਸ ਸਿਲੰਡਰ ਤੇ ਵਿਦਿਆਰਥਣਾਂ ਨੂੰ ਕਲਾਸ ਅਨੁਸਾਰ ਸਹਾਇਤਾ ਰਾਸ਼ੀ ਤੇ ਸਕੂਟਰੀ ਦੇਣ ਦਾ ਕੀਤਾ ਵਾਅਦਾ

(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ/ਗੁਰਬਿੰਦਰ ਸਿੰਘ) ਸ਼ਹਿਣਾ/ਬਰਨਾਲਾ। ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਲਕਾ ਭਦੌੜ ਦੀ ਜ਼ਿਲ੍ਹੇ ਦੇ ਕਸਬਾ ਸ਼ਹਿਣਾ ਵਿਖੇ ਹੋਈ ਰੈਲੀ ਦੌਰਾਨ ਪੜ੍ਹਾਈ ਕਰਦੀਆਂ ਵਿਦਿਆਰਥਣਾਂ ਤੇ ਔਰਤਾਂ ਲਈ ਐਲਾਨਾਂ ਦੀ ਝੜੀ ਲਗਾ ਦਿੱਤੀ। ਸਿੱਧੂ ਨੇ ਕਾਂਗਰਸ ਪਾਰਟੀ ਦੀ ਸਰਕਾਰ ਆਉਣ ’ਤੇ ਹਰ ਔਰਤ ਨੂੰ ਦੋ ਹਜ਼ਾਰ ਰੁਪਏ ਮਹੀਨੇ ਦੇਣ ਦੇ ਨਾਲ ਹੀ ਘਰੇਲੂ ਵਰਤੋਂ ਲਈ 8 ਗੈਸ ਸਿਲੰਡਰ ਦੇਣ ਤੋਂ ਇਲਾਵਾ ਵਿਦਿਆਰਥਣਾਂ ਨੂੰ ਪੜ੍ਹਾਈ ਲਈ ਸਹਾਇਤਾ ਰਾਸ਼ੀ ਤੇ ਪੜ੍ਹਾਈ ਲਈ ਆਉਣ-ਜਾਣ ਵਾਸਤੇ ਸਕੂਟਰੀ ਦੇਣ ਦਾ ਵੀ ਵਾਅਦਾ ਕੀਤਾ।

ਸ੍ਰੀ ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਉਹ ਪੰਜਾਬ ਮਾਡਲ ਤਹਿਤ ਨਵੀਂ ਸੋਚ ਤੇ ਨਵਾਂ ਪੰਜਾਬ ਲੈ ਕੇ ਔਰਤਾਂ ਨੂੰ ਬਰਾਬਰ ਦੇ ਹੱਕ ਦੇਣ ਅਤੇ ਖ਼ੁਦ ਮੁਖਤਿਆਰ ਕਰਨ ਲਈ ਔਰਤਾਂ ਨੂੰ ਵੱਡੇ ਹੱਕ ਦੇਣਗੇ। ਉਨ੍ਹਾਂ ਕਿਹਾ ਕਿ ਪਹਿਲੇ ਏਜੰਡੇ ਤਹਿਤ ਪੰਜਾਬ ਦੀ ਹਰ ਔਰਤ, ਜੋ ਘਰ ਸੰਭਾਲਦੀ ਹੈ, ਨੂੰ ਪ੍ਰਤੀ ਮਹੀਨਾ 2 ਹਜ਼ਾਰ ਰੁਪਏ ਸਨਮਾਨ ਭੱਤਾ ਅਤੇ ਹਰ ਸਾਲ 8 ਗੈਸ ਸਿਲੰਡਰ ਮੁਫਤ ਦਿੱਤੇ ਜਾਣਗੇ। ਪੰਜਵੀਂ ਕਲਾਸ ਪਾਸ ਕਰਨ ਵਾਲੀ ਪੰਜਾਬ ਦੀ ਹਰ ਲੜਕੀ ਨੂੰ 5 ਹਜ਼ਾਰ ਰੁਪਏ, 8ਵੀਂ ਪਾਸ ਕਰਨ ਵਾਲੀ ਲੜਕੀ ਨੂੰ 10 ਹਜ਼ਾਰ ਰੁਪਏ, 10ਵੀਂ ਪਾਸ ਕਰਨ ਵਾਲੀ ਲੜਕੀ ਨੂੰ 15 ਹਜ਼ਾਰ ਅਤੇ 12ਵੀਂ ਪਾਸ ਕਰਨ ਵਾਲੀ ਲੜਕੀ ਨੂੰ 20 ਹਜ਼ਾਰ ਰੁਪਏ ਦੇ ਨਾਲ ਟੈਬਲੇਟ ਦੇ ਕੇ ਮਾਣ ਸਨਮਾਨ ਦਿੱਤਾ ਜਾਵੇਗਾ। ਇਹ ਫ਼ੈਸਲਾ ਲੜਕੀਆਂ ਦੀ ਪੜ੍ਹਾਈ ਨੂੰ ਪ੍ਰਫ਼ੁੱਲਿਤ ਕਰਨ ਲਈ ਕੀਤਾ ਗਿਆ ਹੈ। ਇਸ ਤੋਂ ਬਿਨਾਂ ਜੋ ਲੜਕੀ 12ਵੀਂ ਤੋਂ ਅੱਗੇ ਉਚ ਪੱਧਰੀ ਪੜ੍ਹਾਈ ਕਰਨਾ ਚਾਹੇਗੀ, ਨੂੰ ਬਿਨਾਂ ਕਿਸੇ ਵਿਆਜ਼ ਤੋਂ ਪੜ੍ਹਾਈ ਲਈ ਲੋਨ ਦੇ ਨਾਲ-ਨਾਲ ਇੱਕ ਇਲੈਕਟ੍ਰੋਨਿਕ ਸਕੂਟਰੀ ਦਿੱਤੀ ਜਾਵੇਗੀ।

ਸ੍ਰੀ ਸਿੱਧੂ ਨੇ ਆਪਣੇ ਨੁਕਤੇ ਬਾਰੇ ਦੱਸਦੇ ਕਿਹਾ ਕਿ ਪ੍ਰਾਪਰਟੀ ਜਾਂ ਜ਼ਮੀਨ ਜੇਕਰ ਕਿਸੇ ਵੀ ਔਰਤ ਜਾਂ ਲੜਕੀ ਦੇ ਨਾਮ ਕੀਤੀ ਜਾਂਦੀ ਹੈ ਤਾਂ ਉਸ ’ਤੇ ਪੰਜਾਬ ਸਰਕਾਰ ਕੋਈ ਵੀ ਸਰਕਾਰੀ ਫ਼ੀਸ ਨਹੀਂ ਲਈ ਜਾਵੇਗੀ। ਇਹ ਨੁਕਤਾ ਵੀ ਪੰਜਾਬ ਦੀਆਂ ਔਰਤਾਂ ਦੇ ਅਧਿਕਾਰ ਵਧਾਉਣ ਲਈ ਹੈ। ਅਗਲੇ ਨੁਕਤੇ ਤਹਿਤ ਪੰਜਾਬ ’ਚ ਲੜਕੀਆਂ ਲਈ ਸਕਿੱਲ ਡਿਵੈਲਪਮੈਂਟ ’ਤੇ ਜੋਰ ਦਿੱਤਾ ਜਾਵੇਗਾ। ਪੰਜਾਬ ਦੇ 23 ਜਿਲ੍ਹਿਆਂ ’ਚ ਲੜਕੀਆ ਲਈ ਵੱਖ-ਵੱਖ ਸਕਿੱਲਜ਼ ਲਈ ਸਕਿੱਲ ਸੈਂਟਰ ਖੋਲ੍ਹੇ ਜਾਣਗੇ ਜਿਸ ਨਾਲ ਲੜਕੀਆਂ ਨੂੰ ਨੌਕਰੀਆਂ ਦੇ ਵੱਡੇ ਮੌਕੇ ਉਪਲਬਧ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਅਰਬਨ ਇੰਪਲੋਏਮਿੰਟ ਗਾਰੰਟੀ (ਸ਼ਹਿਰੀ ਰੁਜ਼ਗਾਰ ਗਾਰੰਟੀ) ਦਾ ਪ੍ਰੋਗਰਾਮ ਲਿਆਂਦਾ ਜਾਵੇਗਾ।

ਜਿਸ ਤਹਿਤ 5 ਲੱਖ ਲੋਕਾਂ ਨੂੰ ਨੌਕਰੀ ਦੀ ਗਾਰੰਟੀ ਦਿੱਤੀ ਜਾਵੇਗੀ ਜਿਸ ਤਹਿਤ ਪਿੰਡਾਂ ’ਚ ਮਨਰੇਗਾ ਤਹਿਤ ਪਿੰਡਾਂ ’ਚ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ, ਉਸੇ ਤਹਿਤ ਪੰਜਾਬ ਦੇ ਸ਼ਹਿਰਾਂ ’ਚ ਰੁਜ਼ਗਾਰ ਵਧਾਉਣ ਲਈ ਇਹ ਏਜੰਡਾ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜੋ ਇਹ ਪ੍ਰੋਗਰਾਮ ਲਿਆਂਦੇ ਜਾ ਰਹੇ ਹਨ, ਇਹ ਕਾਂਗਰਸ ਪਾਰਟੀ ਦੇ ਚੋਣ ਮੈਨੀਫ਼ੈਸਟੋ ਦਾ ਹਿੱਸਾ ਹੋਣਗੇ। ਇਸ ਲਈ ਪੈਸਾ ਪੰਜਾਬ ਵਿਚਲਾ ਮਾਫ਼ੀਆ ਸਿਸਟਮ ਖ਼ਤਮ ਕਰਕੇ ਇਕੱਤਰ ਹੋਵੇਗਾ। ਇਹ ਪੰਜਾਬ ਦੀਆਂ ਔਰਤਾਂ ਜਾਂ ਲੜਕੀਆਂ ਲਈ ਕੋਈ ਖੈਰਾਤ ਨਹੀਂ ਹੈ, ਜਦਕਿ ਇਹ ਉਹਨਾਂ ਦੇ ਹੱਕ ਹਨ। ਕਾਂਗਰਸ ਪਾਰਟੀ ਔਰਤਾਂ ਨੂੰ ਵੱਧ ਅਧਿਕਾਰ ਅਤੇ ਬਰਾਬਰ ਦੇ ਹੱਕ ਦੇਣ ਲਈ ਇਹ ਪ੍ਰੋਗਰਾਮ ਲਿਆ ਰਹੀ ਹੈ।

ਉਨ੍ਹਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ਅੱਜ ਪੰਜਾਬ ’ਚ ਕੇਜਰੀਵਾਲ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਕਰ ਰਿਹਾ ਹੈ, ਜਦੋਂਕਿ ਦਿੱਲੀ ’ਚ ਕਿਸੇ ਔਰਤ ਨੂੰ ਇੱਕ ਪੈਸਾ ਨਹੀਂ ਦਿੱਤਾ। ਕੇਜਰੀਵਾਲ ਦੀ ਕੈਬਨਿਟ ’ਚ ਇੱਕ ਵੀ ਔਰਤ ਜਾਂ ਕੋਈ ਪੰਜਾਬੀ ਤੱਕ ਨਹੀਂ ਸ਼ਾਮਲ ਕੀਤਾ ਗਿਆ। ਕੇਜਰੀਵਾਲ ਸਰਕਾਰ ਦੀ ਬਾਦਲਾਂ ਨਾਲ ਗੂੜੀ ਸਾਂਝ ਹੈ, ਕਿਉਂਕਿ ਬਾਦਲਾਂ ਦੀਆਂ ਬੱਸਾਂ ਨੂੰ ਦਿੱਲੀ ਜਾਣ ਦੇ ਪਰਮਿਟ ਦਿੱਤੇ ਜਾ ਰਹੇ ਹਨ, ਜਦਕਿ ਪੰਜਾਬ ਰੋਡਵੇਜ਼ ਦੀ ਐਂਟਰੀ ਬੰਦ ਹੈ।

ਉਨ੍ਹਾਂ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ, ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ’ਤੇ ਵੀ ਤੰਜ਼ ਕਸਦਿਆਂ ਕਿਹਾ ਕਿ ਕੈਪਟਨ ਤੇ ਬਾਦਲਾਂ ਨੇ ਆਪਣੇ ਰਾਜ ਦੌਰਾਨ ਲੋਕਾਂ ਦਾ ਕੀ ਸੰਵਾਰਿਆ ਹੈ, ਇਹ ਸਭ ਨੂੰ ਪਤਾ ਹੈ। ਬਾਦਲਾਂ ਨੇ ਆਪਣੇ ਰਾਜ ’ਚ ਸਿਰਫ਼ ਤੇ ਸਿਰਫ਼ ਮਾਫੀਆ ਲਿਆਂਦਾ ਹੈ ਨਾ ਕਿ ਲੋਕਾਂ ਲਈ ਕੋਈ ਸਹੂਲਤ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ