ਜਗਰਾਓਂ (ਜਸਵੰਤ ਰਾਏ)। ਬੀਤੀ ਰਾਤ ਪੰਜ ਦੋਸਤ ਆਪਣੀ ਨਵੀਂ ਕਾਰ ਵਿੱਚ ਲੁਧਿਆਣਾ ਤੋਂ ਆ ਰਹੇ ਸਨ ਜੋ ਜਗਰਾਓਂ ਤੋਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਬਣੇ ਮੇਨ ਹਾਈਵੇਅ ਦੇ ਉੱਚੇ ਪੁਲ ਦੀ ਰੇਲਿੰਗ ਨੂੰ ਤੋੜਦੀ ਹੋਈ ਪੁਲ ਦੇ ਹੇਠਾਂ ਜਾ ਡਿੱਗੀ (Accident)। ਜਿਸ ਕਾਰਨ ਅੰਕਿਤ ਲੂਥਰਾ ਦੀ ਮੌਤ ਹੋ ਗਈ। ਜਦਕਿ ਚਾਰ ਜਣੇ ਜਖ਼ਮੀ ਹੋ ਗਏ।
ਰਾਹਗੀਰਾਂ ਵੱਲੋਂ ਜਖਮੀਆਂ ਨੂੰ ਜਗਰਾਓਂ ਦੇ ਹੀ ਇੱਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਤਿੰਨ ਨੌਜਵਾਨਾਂ ਯਤਿਨ ਬਾਂਸਲ, ਰਿੰਕਲ ਅਰੋੜਾ ਤੇ ਪੰਕੂ ਬਾਂਸਲ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਦਕਿ ਚੌਥੇ ਜ਼ਖ਼ਮੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ’ਚ ਰਹਿੰਦੇ ਪੰਜ ਦੋਸਤ ਆਪਣੇ ਇਕ ਦੋਸਤ ਵੱਲੋਂ ਕੁਝ ਦਿਨ ਪਹਿਲਾਂ ਹੀ ਲਈ ਨਵੀਂ ਆਈ 20 ਕਾਰ ਤੇ ਲੁਧਿਆਣਾ ਤੋਂ ਜਗਰਾਓਂ ਵਾਪਸ ਪਰਤ ਰਹੇ ਸਨ। ਰਾਤ ਕਰੀਬ 12 ਵਜੇ ਅਲੀਗੜ ਪੁਲ ਨੇੜੇ ਉਨਾਂ ਦੀ ਕਾਰ ਕਿਸੇ ਕਾਰਨ ਹਾਦਸਾਗ੍ਰਸਤ ਹੁੰਦੀ ਹੋਈ ਪੁਲ ਤੋਂ ਹੇਠਾਂ ਡਿੱਗ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।