‘ਕੱਲੇ ਮੋਦੀ ਨਹੀਂ ਕਾਂਗਰਸ ਦੇ ਰਾਜ ‘ਚ ਵੀ ਰੁਲ ਰਹੇ ਨੇ ਜਵਾਨ ਤੇ ਕਿਸਾਨ : ਆਗੂ
ਬਠਿੰਡਾ/ਮਾਨਸਾ, (ਸੁਖਜੀਤ ਮਾਨ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਮੌਕੇ ਗੁਜਰਾਤ ਦੀ ਗਰੀਬੀ ਲੁਕੋਣ ਲਈ ਮੋਦੀ ਨੇ 7 ਫੁੱਟੀ ਕੰਧ ਕਢਾ ਦਿੱਤੀ ਸੀ ਹੁਣ ਪੰਜਾਬ ਦਾ ਦਰਦ ਛੁਪਾਉਣ ਲਈ ਕੈਪਟਨ ਨੇ ਰਾਹੁਲ ਨੂੰ ਟਰੈਕਟਰ ‘ਤੇ ਚੜ੍ਹਾ ਲਿਆ ਭਲਾ ਹੁੰਦਾ ਜੇ ਰਾਹੁਲ ਦਾ ਜਹਾਜ਼ ਕਿਸਾਨਾਂ-ਮਜ਼ਦੂਰਾਂ ਦੇ ਘਰਾਂ ਕੋਲ ਉੱਤਰਦਾ ਜਿੱਥੋਂ ਰਾਹੁਲ ਨੂੰ ਪੰਜਾਬ ਦਾ ਦਰਦ ਦਿਖਾਈ ਦਿੰਦਾ ਧਰਨਿਆਂ ‘ਚ ਕਿਸਾਨ ਆਖ ਰਹੇ ਨੇ ਕਿ ਸੌਖੇ ਤਾਂ ਕਿਸਾਨ ਕੈਪਟਨ ਦੇ ਰਾਜ ‘ਚ ਵੀ ਨਹੀਂ ਜੇ ਰਾਹੁਲ ਕਿਸਾਨਾਂ ਦਾ ਦਰਦਮੰਦ ਹੈ ਤਾਂ ਕੈਪਟਨ ਨੂੰ ਵੀ ਕੋਸੇ ਰਾਹੁਲ ਰੇਲਵੇ ਲਾਈਨਾਂ ‘ਤੇ ਮੋਰਚੇ ਲਾਈ ਬੈਠੇ ਕਿਸਾਨਾਂ ਕੋਲ ਵੀ ਘੰਟਾ ਬਿਤਾਉਂਦਾ ਤਾਂ ਉਸਦੀ ਹੀ ਪਾਰਟੀ ਦੇ ਰਾਜ ਵਾਲੇ ਸੂਬੇ ਦੀ ਅਸਲੀਅਤ ਦਾ ਸ਼ੀਸ਼ਾ ਕਿਸਾਨ ਦਿਖਾਉਂਦੇ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮਹਿਲਾ ਆਗੂ ਹਰਿੰਦਰ ਬਿੰਦੂ ਆਖਦੀ ਹੈ ਕਿ ਰਾਹੁਲ ਗਾਂਧੀ ਦਿੱਲੀਓਂ ਚੱਲਕੇ ਪੰਜਾਬ ਆ ਗਿਆ ਤਾਂ ਉਹ ਕੈਪਟਨ ਦੇ ਉਨ੍ਹਾਂ ਠੇਕਾ ਨੀਤੀ ਕਾਨੂੰਨਾਂ ‘ਤੇ ਵੀ ਝਾਤੀ ਪਾ ਲਵੇ ਜੋ ਸਾਲ 2017 ‘ਚ ਲਿਆਂਦੇ ਨੇ ਬਠਿੰਡਾ ਥਰਮਲ ਪਲਾਂਟ ਦੀਆਂ ਚਿਮਨੀਆਂ ਵੀ ਰਾਹੁਲ ਦਾ ਰਾਹ ਤੱਕਦੀਆਂ ਰਹੀਆਂ ਕਿ ਖੌਰੇ ਉਨ੍ਹਾਂ ਦੀ ਵੀ ਕੋਈ ਸੁਣੀ ਜਾਵੇ ਪਰ ਹਾਕਮਾਂ ਨੇ ਆਪਣੇ ਸਿਆਸੀ ਆਕਾ ਨੂੰ ਇੱਧਰ ਮੂੰਹ ਹੀ ਨਹੀਂ ਕਰਨ ਦਿੱਤਾ
ਮਹਿਲਾ ਆਗੂ ਨੇ ਦੱਸਿਆ ਕਿ ਪੰਜਾਬ ਦੇ ਕਰੀਬ ਹਰ ਪਿੰਡ ‘ਚ ਔਸਤਨ 4-5 ਵਿਧਵਾਵਾਂ ਅਜਿਹੀਆਂ ਨੇ ਜਿੰਨ੍ਹਾਂ ਦੇ ਸਿਰਾਂ ਦੇ ਸਾਈਂ ਖੇਤੀ ਕਰਜ਼ਿਆਂ ਨੇ ਨਿਗਲ ਲਏ , ਉਨ੍ਹਾਂ ‘ਚੋਂ ਇੱਕ ਜਾਂ ਦੋ ਨੂੰ ਮੁਆਵਜ਼ਾ ਮਿਲਿਆ ਤੇ ਬਾਕੀਆਂ ਨੂੰ ਨਾ ਮੁਆਵਜ਼ਾ ਮਿਲਿਆ ਤੇ ਨਾ ਪੈਨਸ਼ਨ ਲੱਗੀ ਹੈ ਪਰਾਲੀ ਮਾਮਲੇ ‘ਤੇ ਜੈਤੋ ‘ਚ ਲਗਾਏ ਕਿਸਾਨ ਮੋਰਚੇ ‘ਚ ਸ਼ਹੀਦ ਹੋਏ ਕਿਸਾਨ ਜਗਸੀਰ ਸਿੰਘ ਦੇ ਲੜਕੇ ਨੂੰ ਸਰਕਾਰੀ ਨੌਕਰੀ ਦਿਵਾਉਣ ਸਮੇਤ ਹੋਰਨਾਂ ਮੰਗਾਂ ਲਈ ਲਾਏ ਹੋਏ ਧਰਨੇ ‘ਚ ਕਿਸਾਨ ਡਟੇ ਹੋਏ ਨੇ,
ਜੋ ਕੈਪਟਨ ਸਰਕਾਰ ਦੇ ਪੱਧਰ ‘ਤੇ ਪੂਰੀ ਹੋਣ ਵਾਲੀ ਮੰਗ ਹੈ ਪਰ ਸਰਕਾਰ ਨੇ ਇਨ੍ਹਾਂ ਧਰਨਾਕਾਰੀ ਕਿਸਾਨਾਂ ਦੀ ਵੀ ਹਾਲੇ ਕੋਈ ਗੱਲ ਨਹੀਂ ਸੁਣੀ ਉੱਧਰ ਜ਼ਿਲ੍ਹਾ ਮਾਨਸਾ ਦੇ ਕਸਬਾ ਭੀਖੀ ਦੇ 9 ਸਾਲਾਂ ਦੇ ਅਮਨਦੀਪ ਸਿੰਘ ਅਤੇ 11 ਸਾਲਾਂ ਦੀ ਸਫਾਲੀ ਰਾਣੀ ਦੇ ਸਿਰ ‘ਤੇ ਹੱਥ ਰੱਖਣ ਲਈ ਵੀ ਪੰਜਾਬ ਸਰਕਾਰ ਦਾ ਕੋਈ ਮੰਤਰੀ ਨਹੀਂ ਬਹੁੜਿਆ ਇਨ੍ਹਾਂ ਬੱਚਿਆਂ ਦੇ ਪਿਤਾ ਤੇ ਵਿਧਵਾ ਬੇਅੰਤ ਕੌਰ ਦੇ ਫੌਜੀ ਪਤੀ ਜਸਵੰਤ ਸਿੰਘ ਦੀ ਅਰੁਣਾਂਚਲ ਪ੍ਰਦੇਸ਼ ਦੇ ਡਾਮਡਿੰਗ (ਭਾਰਤ-ਚੀਨ ਸਰਹੱਦ) ਉੱਪਰ ਸੜਕੀ ਹਾਦਸੇ ਵਿੱਚ ਮੌਤ ਹੋ ਗਈ
ਇਸ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਸ਼ਹੀਦ ਦੀ ਆਤਮਿਕ ਸ਼ਾਂਤੀ ਲਈ ਅੱਜ ਭੀਖੀ ਦੇ ਸ੍ਰੀ ਗੁਰੂ ਰਵਿਦਾਸ ਮੰਦਰ ‘ਚ ਭੋਗ ਪਾਇਆ ਗਿਆ ਇਲਾਕਾ ਨਿਵਾਸੀਆਂ ਅਤੇ ਪਰਿਵਾਰ ‘ਚ ਇਸ ਗੱਲ ਦਾ ਭਾਰੀ ਰੋਸ ਪਾਇਆ ਗਿਆ ਕਿ ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਜਸਵੰਤ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਬਣਦਾ ਮਾਣ-ਸਨਮਾਨ ਨਹੀਂ ਦਿੱਤਾ ਗਿਆ। ਪਰਿਵਾਰ ਨੇ ਦੱਸਿਆ ਕਿ ਜਵਾਨ ਦੇ ਸ਼ਹੀਦੀ ਪਾਉਣ ਤੋਂ ਲੈ ਕੇ ਭੋਗ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਮੰਤਰੀ ਜਾਂ ਮਾਨਸਾ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਅਤੇ ਪੁਲਿਸ ਮੁਖੀ ਉਹਨਾਂ ਦੇ ਪਰਿਵਾਰ ਦਾ ਦੁੱਖ ਵੰਡਾਉਣ ਨਹੀਂ ਆਇਆ ਇੱਕ ਪ੍ਰਸ਼ਾਸ਼ਨਿਕ ਅਧਿਕਾਰੀ ਅੱਜ ਭੋਗ ‘ਤੇ ਤਾਂ ਪੁੱਜਿਆ ਪਰ ਪੰਜਾਬ ਸਰਕਾਰ ਵੱਲੋਂ ਕੋਈ ਸ਼ਰਧਾਂਜਲੀ ਜਾਂ ਪਰਿਵਾਰ ਨਾਲ ਕੋਈ ਗੱਲਬਾਤ ਕੀਤੇ ਬਿਨ੍ਹਾਂ ਹੀ ਵਾਪਿਸ ਪਰਤ ਆਇਆ
ਸੰਵਿਧਾਨ ਬਚਾਓ ਮੰਚ ਦੇ ਆਗੂਆਂ ਐਡਵੋਕੇਟ ਗੁਰਲਾਭ ਸਿੰਘ ਮਾਹਲ ਤੇ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸੰਘਰਸ਼ੀਲ ਜੱਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਅਜਿਹੇ ਰਵੱਈਏ ਦੀ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਸਰਕਾਰ ਪਰਿਵਾਰ ਨੂੰ ਮੁਆਵਜ਼ਾ ਦੇਵੇ ਤੇ ਸ਼ਹੀਦ ਜਵਾਨ ਦੇ ਘਰ ਆਉਣ ‘ਚ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵੱਲੋਂ ਜੋ ਅਣਗਿਹਲੀ ਕੀਤੀ ਗਈ ਹੈ ਉਹਨਾਂ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਾਪਿਸ ਕਰਵਾਏ ਰਾਹੁਲ ਗਾਂਧੀ : ਬਿੰਦੂ
ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ ਨੇ ਆਖਿਆ ਕਿ ਜੋ ਕੰਮ ਪੰਜਾਬ ਸਰਕਾਰ ਨੂੰ ਪੰਜਾਬ ਦੇ ਭਲੇ ਲਈ ਕਰਨੇ ਚਾਹੀਦੇ ਨੇ ਉਹ ਹੁਣ ਰਾਹੁਲ ਗਾਂਧੀ ਕਰਵਾ ਕੇ ਜਾਵੇ ਉਨ੍ਹਾਂ ਕਿਹਾ ਕਿ ਜੇ ਰਾਹੁਲ ਕਿਸਾਨਾਂ ਦਾ ਹਿਤੈਸ਼ੀ ਹੈ, ਕਿਸਾਨਾਂ ਲਈ ਪੰਜਾਬ ਆਇਆ ਤਾਂ ਫਿਰ ਉਹ ਪੰਜਾਬ ਸਰਕਾਰ ਦੀਆਂ ਮੌਂਟੇਕ ਸਿੰਘ ਆਹਲੂਵਾਲੀਆਂ ਦੀਆਂ ਸਿਫਾਰਸ਼ਾਂ ਵੀ ਰੱਦ ਕਰਵਾ ਜਾਵੇ ਕਿਉਂਕਿ ਉਹ ਵੀ ਨਿੱਜੀਕਰਨ ਨੂੰ ਤੇਜ਼ ਕਰਦੀਆਂ ਸਿਫਾਰਸ਼ਾਂ ਨੇ ਤੇ ਕਾਰਪੋਰੇਟ ਘਰਾਣਿਆਂ ਨੂੰ ਸੱਦਾ ਦਿੰਦੀਆਂ ਨੇ ਮਹਿਲਾ ਆਗੂ ਨੇ ਟਿੱਪਣੀ ਕੀਤੀ ਕਿ ਇਹ ਸਿਆਸੀ ਲੋਕ ਤਾਂ ਤਪਦੇ ਤੰਦੂਰ ‘ਚ ਰੋਟੀਆਂ ਲਾਹੁਣੀਆਂ ਚਾਹੁੰਦੇ ਨੇ ਤੇ ਰਾਹੁਲ ਵੀ ਉਹੀ ਰੋਟੀਆਂ ਲਾਹੁਣ ਆਇਐ ਜਿਸ ਨੂੰ ਲੋਕ ਨਹੀਂ ਲਾਹੁਣ ਦੇਣਗੇ ਕਿਉਂਕਿ ਹੁਣ ਲੋਕ ਸੁਚੇਤ ਨੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.