ਬੁਰਜ਼ਗਾਰ ਅਧਿਆਪਕਾਂ ਨੂੰ ਰਾਹਤ ਦੀ ਸੀ ਵੱਡੀ ਉਮੀਦ, ਮੁੱਖ ਸਕੱਤਰ ਦੇ ਭਰੋਸੇ ਵੀ ਨਾ ਹੋਏ ਵਫ਼ਾ
18 ਅਤੇ 20 ਮਾਰਚ ਨੂੰ ਮੁੜ ਮੋਤੀ ਮਹਿਲ ਦੀਆਂ ਬਰੂਹਾਂ ‘ਤੇ ਗੱਜਣਗੇ ਅਧਿਆਪਕ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਅਮਰਿੰਦਰ ਸਿੰਘ ਸਮੇਤ ਪੂਰੀ ਕੈਬਨਿਟ ਵੱਲੋਂ ਸੱਤਾ ਦੇ ਤਿੰਨ ਸਾਲ ਪੂਰੇ ਕਰਨ ਦੌਰਾਨ ਮਾਰੇ ਗਏ ਦਮਗਜੇ ਬੇਰੁਜ਼ਗਾਰ ਅਧਿਆਪਕਾਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕਰ ਗਏ। ਉੱਥੇ ਹੀ ਸੱਤਾ ਦੇ ਲਾਲਚ ਵੱਸ ਅਮਰਿੰਦਰ ਸਿੰਘ ਆਪਣੀ ਅਗਲੀ ਪੰਜ ਸਾਲਾਂ ਦੀ ਰਾਜਸੀ ਪਾਰੀ ਦਾ ਐਲਾਨ ਅਧਿਕਾਰਤ ਤੌਰ ‘ਤੇ ਜ਼ਰੂਰ ਕਰ ਗਏ। ਉਂਜ ਅਮਰਿੰਦਰ ਸਿੰਘ ਵੱਲੋਂ ਪਿਛਲੀਆਂ ਚੋਣਾਂ ਦੌਰਾਨ ਆਪਣੀ ਅੰਤਿਮ ਚੋਣ ਹੋਣ ਦੀ ਦੁਹਾਈ ਜ਼ਰੂਰ ਦਿੱਤੀ ਗਈ ਸੀ। ਇੱਧਰ ਬੇਰੁਜ਼ਗਾਰ ਅਧਿਆਪਕ ਪਿਛਲੇ ਕਈ ਦਿਨਾਂ ਤੋਂ ਸਰਕਾਰ ਵੱਲ ਟਿਕਟਿਕੀ ਲਈ ਵੱਡੇ ਐਲਾਨ ਦੀ ਉਮੀਦ ਵਿੱਚ ਸਨ, ਪਰ ਦੁਪਿਹਰ ਤੱਕ ਉਨ੍ਹਾਂ ਦੀ ਆਸ ਰੋਸ਼ ਵਿੱਚ ਬਦਲ ਗਈ।
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਤੇ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਮੁੜ 18 ਅਤੇ 20 ਮਾਰਚ ਨੂੰ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਅਤੇ ਉਨ੍ਹਾਂ ਵੱਲੋਂ ਕੈਪਟਨ ਦੀ ਅਗਲੀ ਪਾਰੀ ‘ਤੇ ਵੱਡਾ ਰੋਸ਼ ਵੀ ਜਿਤਾਇਆ ਗਿਆ।
ਦੱਸਣਯੋਗ ਹੈ ਕਿ ਪਟਿਆਲਾ ਪੁਲਿਸ ਵੱਲੋਂ ਕੀਤੇ ਕੁਟਾਪੇ ਅਤੇ ਅਧਿਆਪਕਾਂ ਵੱਲੋਂ ਨਹਿਰ ਵਿੱਚ ਛਾਲਾਂ ਮਾਰਨ ਤੋਂ ਬਾਅਦ 12 ਮਾਰਚ ਨੂੰ ਬੇਰੁਜ਼ਗਾਰ ਈਟੀਟੀ ਅਤੇ ਬੀਐੱਡ ਟੈੱਟ ਪਾਸ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਪ੍ਰਮੁੱਖ ਸਕੱਤਰ ਨਾਲ ਹੋਈ ਸੀ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ 16 ਮਾਰਚ ਤੱਕ ਦਾ ਇੰਤਜਾਰ ਕਰਨ ਦੀ ਗੱਲ ਆਖੀ ਗਈ ਸੀ ਅਤੇ ਭਰੋਸਾ ਦਿੱਤਾ ਸੀ ਕਿ ਇਸ ਦਿਨ ਮੁੱਖ ਮੰਤਰੀ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੇ ਹਨ।
ਇਸ ਐਲਾਨ ਨੇ ਬੇਰੁਜ਼ਗਾਰ ਅਧਿਆਪਕਾਂ ਦੀ ਨੀਂਦ ਵੀ ਅੱਧੀ ਕੀਤੀ ਹੋਈ ਸੀ। ਅੱਜ ਸਵੇਰ ਤੋਂ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਵਿੱਚ ਆਸ ਦੀ ਵੱਡੀ ਕਿਰਨ ਸੀ, ਜੋ ਕਿ ਦੁਪਿਹਰ ਹੁੰਦਿਆਂ -ਹੁੰਦਿਆਂ ਰੋਸ਼ ਵਿੱਚ ਬਦਲ ਗਈ। ਬੇਰੁਜ਼ਗਾਰ ਅਧਿਆਪਕ ਅਧਿਆਪਕਾਂ ਦੀਆਂ ਕੱਢੀਆਂ ਗਈਆਂ ਅਸਾਮੀਆਂ ਅਤੇ ਉਮਰ ਹੱਦ ਦੇ ਵਾਧੇ ਵਿੱਚ ਮੁੱਖ ਮੰਤਰੀ ਤੋਂ ਵੱਡੇ ਐਲਾਨ ਦੀ ਤਾਂਘ ਵਿੱਚ ਸਨ, ਪਰ ਇਸ ਐਲਾਨ ਦੀ ਥਾਂ ਉਨ੍ਹਾਂ ਨੂੰ ਮੁੜ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ ਜ਼ਰੂਰ ਕਰਨਾ ਪਿਆ। ਦੋਹਾਂ ਯੂਨੀਅਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਸਰਕਾਰ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਸਿਰਫ਼ ਠੱਲ੍ਹਣ ਦੀ ਕੋਸ਼ਿਸ਼ ਸੀ।
ਈਟੀਟੀ ਟੈੱਟ ਪਾਸ ਯੂਨੀਅਨ ਵੱਲੋਂ 18 ਮਾਰਚ ਨੂੰ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਜਦਕਿ ਬੀਐੱਡ ਟੈੱਟ ਪਾਸ ਯੂਨੀਅਨ ਵੱਲੋਂ 20 ਮਾਰਚ ਨੂੰ ਮੋਤੀ ਮਹਿਲ ਦੇ ਘਿਰਾਓ ਦਾ ਬਿਗਲ ਵਜਾਇਆ ਗਿਆ। ਆਗੂਆਂ ਨੇ ਰੋਸ਼ ਪ੍ਰਗਟ ਕਰਦਿਆਂ ਆਖਿਆ ਕਿ ਰਾਜੇ ਨੂੰ ਬੇਰੁਜ਼ਗਾਰਾਂ ਦਾ ਕੋਈ ਫਿਕਰ ਨਹੀਂ, ਪਰ ਆਪਣੇ ਅਗਲੇ ਸਾਲਾਂ ਦੀ ਕੁਰਸੀ ਦਾ ਵੱਡਾ ਫਿਕਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਸਰਕਾਰ ਦੇ ਕੰਮਾਂ ਤੋਂ ਬੁਰੀ ਤਰ੍ਹਾਂ ਨਾਖੁਸ਼ ਹਨ ਅਤੇ ਤਾਜ ‘ਤੇ ਬਿਠਾਉਣ ਵਾਲੇ ਲੋਕ ਧਰਤੀ ‘ਤੇ ਲਿਆਉਣ ਲਈ ਹੁਣੇ ਤੋਂ ਕਮਰ ਕਸ ਰਹੇ ਹਨ।
ਲੋਕਾਂ ਤੇ ਨੌਜਵਾਨਾਂ ਦਾ ਕੈਪਟਨ ਤੋਂ ਭਰੋਸਾ ਉੱਠਿਆ: ਕੁਲਵਿੰਦਰ ਸਿੰਘ
ਪੰਜਾਬ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਨਿਦਾਮਪੁਰ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਕੈਪਟਨ ‘ਤੇ ਰੱਤੀ ਭਰ ਵੀ ਭਰੋਸਾ ਨਹੀਂ, ਕਿਉਂਕਿ ਝੂਠੇ ਮੁੱਖ ਮੰਤਰੀ ਨੇ ਘਰ-ਘਰ ਨੌਕਰੀ ਸਮੇਤ ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਆਖੀ ਸੀ ਜੋ ਕਿ ਅਜੇ ਤੱਕ ਐਲਾਨਾਂ ਤੱਕ ਹੀ ਸੀਮਿਤ ਹੈ। ਉਨ੍ਹਾਂ ਕਿਹਾ ਕਿ ਲੰਘੀਆਂ ਜਿਮਨੀ ਚੋਣਾਂ ਵਿੱਚ 50 ਹਜਾਰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਜੋ ਕਿ ਸਿਰਫ਼ ਮੁਗੇਰੀ ਲਾਲ ਦੇ ਸੁਪਨੇ ਹੋ ਨਿਬੱੜਿਆ। ਹੁਣ ਤੀਜੀ ਵਾਰ ਫਿਰ ਅਗਲੀਆਂ ਚੋਣਾਂ ‘ਤੇ ਅੱਖ ਰੱਖਦਿਆ ਮੁੱਖ ਮੰਤਰੀ ਵੱਲੋਂ 1 ਲੱਖ ਨੌਕਰੀਆਂ ਦੇਣ ਦੀ ਗੱਲ ਆਖੀ ਗਈ ਹੈ, ਜੋ ਕਿ ਸਿਰਫ਼ ਕਾਗਜੀ ਵਾਅਦੇ ਸਾਬਤ ਹੋਣਗੇ।
ਸਰਕਾਰ ਨੇ ਬੇਰੁਜ਼ਗਾਰਾਂ ਨਾਲ ਧੋਖਾ ਕੀਤਾ: ਦੀਪਕ ਕੰਬੋਜ
ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ ਦਾ ਕਹਿਣਾ ਹੈ ਕਿ ਅਮਰਿੰਦਰ ਸਰਕਾਰ ਨੇ ਬੇਰੁਜ਼ਗਾਰਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਮੁੱਖ ਸਕੱਤਰ ਵੱਲੋਂ ਤਿੰਨ ਸਾਲਾਂ ਦੇ ਮੱਦੇਨਜਰ ਅਧਿਆਪਕਾਂ ਨੂੰ ਉਨ੍ਹਾਂ ਦੇ ਹੱਕ ਵਿੱਚ ਵੱਡੇ ਐਲਾਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਸਰਕਾਰ ਵੱਲੋਂ ਸਿਰਫ਼ ਧਰਨੇ ਨੂੰ ਉਠਾਉਣ ਦਾ ਹੀ ਮਕਸਦ ਸੀ। ਉਨ੍ਹਾਂ ਕਿਹਾ ਕਿ ਹੁਣ ਭਾਵੇਂ ਕੈਪਟਨ ਕਿੰਨਾ ਮਰਜ਼ੀ ਅਗਲੀਆਂ ਚੋਣਾਂ ਲੜਨ ਦੀ ਦੁਹਾਈ ਦੇਈ ਜਾਵੇ, ਪਰ ਲੋਕ ਰੋਅ ਅੱਗੇ ਉਨ੍ਹਾਂ ਦੀ ਅਗਲੀ ਪਾਰੀ ਮਿਸ ਹੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।