16 ਜਨਵਰੀ ਨੂੰ ਕੈਪਟਨ ਸਰਕਾਰ ਖਿਲਾਫ਼ ਪੰਜਾਬ ਭਰ ‘ਚ ਧਰਨੇ ਦੇਵੇਗੀ ਭਾਜਪਾ
- ਸਰਕਾਰ ਨੂੰ ਯਾਦ ਕਰਵਾਏ ਜਾਣਗੇ ਚੋਣਾਂ ਦੌਰਾਨ ਕੀਤੇ ਵਾਅਦੇ
ਫਿਰੋਜ਼ਪੁਰ (ਸਤਪਾਲ ਥਿੰਦ)। ਬਹੁਮਤ ਨਾਲ ਸੱਤਾ ‘ਚ ਆਈ ਕੈਪਟਨ ਸਰਕਾਰ ਦੇ 10 ਮਹੀਨੇ ਵਿਸ਼ਵਾਸ਼ਘਾਤ, ਧੋਖੇ ਤੇ ਅੱਤਿਆਚਾਰ ਦੇ ਰਹੇ ਹਨ, ਜਿਹਨਾਂ ਤੋਂ ਪੰਜਾਬ ਦੇ ਲੋਕ ਦੁਖੀ ਤੇ ਨਿਰਾਸ਼ ਹੋ ਚੁੱਕੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪ੍ਰੈਸ ਕਾਂਨਫਰੰਸ ਦੌਰਾਨ ਕਰਦਿਆਂ ਕਿਹਾ ਕਿ 16 ਜਨਵਰੀ ਨੂੰ ਕੈਪਟਨ ਦੀ ਸਰਕਾਰ ਬਣੀ ਨੂੰ 10 ਮਹੀਨੇ ਹੋ ਜਾਣੇ ਹਨ।
ਸਰਕਾਰ ਵੱਲੋਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਕੈਪਟਨ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਪੰਜਾਬ ਭਾਜਪਾ ਵੱਲੋਂ 16 ਜਨਵਰੀ ਨੂੰ ਪੰਜਾਬ ਭਰ ਦੇ ਜ਼ਿਲ੍ਹਾਂ ਹੈੱਡਕੁਆਟਰਾਂ ਅੱਗੇ ਧਰਨੇ ਦਿੱਤੇ ਜਾਣਗੇ ਅਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ । ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਇੱਕ ਮਹੀਨੇ ਵਿਚ ਪੰਜਾਬ ਵਿਚੋਂ ਨਸ਼ਾ ਖਤਮ ਕਰਨਾ ਸੀ , ਪੰਜਾਬ ਦੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਮੁਆਫ ਕਰਨੇ, ਰੇਤ ਮਾਫੀਆ ਨੂੰ ਠੱਲ ਪਾਉਣ , ਘਰ – ਘਰ ਨੌਕਰੀਆਂ ਦੇਣ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਸਰਕਾਰ ਨੇ ਕੋਈ ਵਾਅਦਾ ਨਹੀਂ ਪੂਰਾ ਕੀਤਾ ।
ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਚੋਣ ਵਾਅਦੇ ਪੂਰੇ ਨਾ ਕੀਤੇ ਤਾਂ ਇਸ ਤੋਂ ਬਾਅਦ ਸੜਕਾਂ ਅਤੇ ਵਿਧਾਨ ਸਭਾ ਵਿਚ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਜ਼ਿਲਾ ਪ੍ਰਧਾਨ ਦਵਿੰਦਰ ਬਜਾਜ , ਅਸ਼ਵਨੀ ਗਰੋਵਰ, ਜੁਗਰਾਜ ਸਿੰਘ ਕਟੋਰਾ, ਡਾਂ ਕਲਭੂਸ਼ਣ , ਅਰੁਣ, ਰੰਜੀਵ ਧਵਨ ਆਦਿ ਭਾਜਪਾ ਵਰਕਰ ਹਾਜ਼ਰ ਸਨ।