ਬਠਿੰਡਾ (ਅਸ਼ੋਕ ਵਰਮਾ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ‘ਚ ਫੇਲ੍ਹ ਰਹੀ ਹੈ ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਅੱਜ ਸੀਨੀਅਰ ਭਾਜਪਾ ਆਗੂ ਦਿਆਲ ਸੋਢੀ ਦੀ ਜਿਲ੍ਹਾ ਪ੍ਰਧਾਨ ਵਜੋਂ ਨਿਯੁਕਤੀ ਦੇ ਐਲਾਨ ਸਮੇਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਭਾਜਪਾ ਆਗੂ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਦੀ ਤਾਰੀਫ ਕੀਤੀ ਅਤੇ ਆਪਣੀ ਸਰਕਾਰ ਵੱਲੋਂ ਥਰਮਲ ਬੰਦ ਕਰਨ ਦੇ ਮੁੱਦੇ ‘ਤੇ ਵੀ ਪੱਲਾ ਝਾੜ ਲਿਆ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਨੇ ਥਰਮਲ ਬਾਰੇ ਪ੍ਰਪੋਜ਼ਲ ਤਿਆਰ ਕੀਤੀ ਸੀ ਪਰ ਲੋਕ ਹਿੱਤ ਨੂੰ ਦੇਖਦਿਆਂ ਉਸ ‘ਤੇ ਅਮਲ ਨਹੀਂ ਕੀਤਾ ਜਦੋਂਕਿ ਕੈਪਟਨ ਸਰਕਾਰ ਨੇ ਤਾਂ ਆਉਣ ਸਾਰ ਹੀ ਥਰਮਲਾਂ ਦਾ ਭੋਗ ਪਾ ਦਿੱਤਾ ਹੈ ਉਨ੍ਹਾਂ ਆਪਣੀ ਸਰਕਾਰ ਵੱਲੋਂ ਕੀਤੇ ਬਿਜਲੀ ਖਰੀਦ ਸਮਝੌਤਿਆਂ ਨੂੰ ਵੀ ਸਹੀ ਕਰਾਰ ਦਿੱਤਾ ਤੇ ਕਿਹਾ ਕਿ ਪੰਜਾਬ ‘ਚ ਬਿਜਲੀ ਦੀ ਘਾਟ ਪੂਰੀ ਕਰਨ ਲਈ ਅਜਿਹਾ ਜਰੂਰੀ ਸੀ।
ਉਨ੍ਹਾਂ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਜਦੋਂਕਿ ਕੈਪਟਨ ਸਰਕਾਰ ਨੇ ਪਿਛਲੇ ਦਸ ਮਹੀਨਿਆਂ ‘ਚ ਇੱਕ ਵੀ ਲੋਕ ਪੱਖੀ ਫੈਸਲਾ ਨਹੀਂ ਲਿਆ ਹੈ ਉਨ੍ਹਾਂ ਆਖਿਆ ਕਿ ਕਾਂਗਰਸ ਨੇ ਕਿਸਾਨਾਂ ਦਾ ਕਰਜ਼ਾ ਕੁਰਕੀ ਖ਼ਤਮ ਫਸਲ ਦੀ ਪੂਰੀ ਰਕਮ, ਘਰ-ਘਰ ਨੌਕਰੀ, ਸਮੇਤ 9 ਪ੍ਰਮੁੱਖ ਵਾਅਦੇ ਕੀਤੇ ਸਨ ਜੋ ਪੂਰੇ ਨਹੀਂ ਕੀਤੇ। ਸ੍ਰੀ ਕਾਲੀਆ ਨੇ ਦੋਸ਼ ਲਾਇਆ ਕਿ ਕੈਪਟਨ ਨੇ ਸਦਨ ‘ਚ ਖੜ੍ਹੇ ਹੋਕੇ ਕਰਜਾ ਵਾਪਿਸ ਨਾ ਕਰਨ ਦੀ ਅਪੀਲ ਦੇ ਅਸਰ ਕਾਰਨ ਕਿਸਾਨਾਂ ਸਿਰ ਕਰਜੇ ਦਾ ਬੋਝ ਵਧ ਗਿਆ ਜਿਸ ਕਰਕੇ ਪੰਜਾਬ ‘ਚ 350 ਤੋਂ ਵੱਧ ਕਿਸਾਨ ਖੁਦਕਸ਼ੀ ਕਰ ਚੁੱਕੇ ਹਨ ਇਸ ਮੌਕੇ ਸ਼ਹਿਰੀ ਜਿਲ੍ਹਾ ਪ੍ਰਧਾਨ ਦਿਆਲ ਸੋਢੀ, ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਡਿਪਟੀ ਮੇਅਰ ਗੁਰਿੰਦਰਪਾਲ ਕੌਰ ਮਾਂਗਟ, ਭਾਜਪਾ ਆਗੂ ਮੋਹਨ ਲਾਲ ਗਰਗ ਅਤੇ ਅਸ਼ੋਕ ਬਾਲਿਆਂ ਵਾਲੀ ਹਾਜਰ ਸਨ।