‘ਕਾਂਗਰਸ ਦੇ ਸਿਰ ’ਤੇ ਸਭ ਤੋਂ ਵੱਧ ਸੱਤਾ ਹੰਢਾਉਣ ਵਾਲੇ ਕੈਪਟਨ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਸੀ’
(ਗੁਰਪ੍ਰੀਤ ਸਿੰਘ) ਸੰਗਰੂਰ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਸਾਢੇ ਚਾਰ ਸਾਲ ਵਿੱਚ ਕੋਈ ਕੰਮ ਨਹੀਂ ਕੀਤਾ ਤਾਂ ਹੀ ਹਾਈਕਮਾਂਡ ਵੱਲੋਂ ਉਨ੍ਹਾਂ ਦਾ ਬਿਸਤਰਾ ਗੋਲ ਕਰ ਦਿੱਤਾ ਗਿਆ। ਇਹ ਪ੍ਰਗਟਾਵਾ ਬੀਬੀ ਰਾਜਿੰਦਰ ਕੌਰ ਭੱਠਲ ਵਾਈਸ ਚੇਅਰਪਰਸਨ ਪੰਜਾਬ ਰਾਜ ਯੋਜਨਾ ਬੋਰਡ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬੀਬੀ ਭੱਠਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਵੱਲੋਂ ਸਭ ਤੋਂ ਜ਼ਿਆਦਾ ਵਾਰ ਮੁੱਖ ਮੰਤਰੀ, ਸੂਬੇ ਦਾ ਪ੍ਰਧਾਨ ਤੇ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਪਰ ਜਦੋਂ ਹੁਣ ਪਾਰਟੀ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਸੀ ਜਿਸ ਕਾਰਨ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰਿਆ ਗਿਆ ਪਰ ਕੈਪਟਨ ਨੂੰ ਨਵੀਂ ਪਾਰਟੀ ਨਹੀਂ ਬਣਾਉਣੀ ਚਾਹੀਦੀ ਸੀ।
ਬੀਬੀ ਭੱਠਲ ਨੇ ਕਿਹਾ ਕਿ ਮੇਰੇ ਮੁੱਖ ਮੰਤਰੀ ਹੁੰਦਿਆਂ ਪਾਰਟੀ ਵੱਲੋਂ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਲਾਇਆ ਗਿਆ ਸੀ ਪਰ ਅਸੀਂ ਮਿਲ ਕੇ ਪਾਰਟੀ ਤੇ ਲੋਕਾਂ ਦੇ ਕੰਮ ਕਰਦੇ ਰਹੇ, ਕੈਪਟਨ ਨੂੰ ਵੀ ਪਾਰਟੀ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਸੀ। ਬੀਬੀ ਭੱਠਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਕੁਝ ਮਹੀਨਿਆਂ ਵਿੱਚ ਨਵੀਂ ਕਾਂਗਰਸ ਸਰਕਾਰ ਨੇ ਵੱਡੇ ਫੈਸਲੇ ਲੈ ਕੇ ਸਾਰੇ ਵਿਰੋਧੀਆਂ ਦੇ ਮੂੰਹ ਬੰਦ ਕਰਕੇ ਰੱਖ ਦਿੱਤੇ ਹਨ। ਸਰਕਾਰ ਨੇ ਥੋੜ੍ਹੇ ਹੀ ਸਮੇਂ ਵਿੱਚ ਬਿਜਲੀ, ਪਾਣੀ, ਸਸਤਾ ਰੇਤ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਦਿ ਕੰਮ ਕਰਕੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ।
ਕਾਂਗਰਸ ਸਰਕਾਰ ਨੇ ਹੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰੋੜਾਂ ਦੇ ਕਰਜ਼ਿਆਂ ’ਤੇ ਲਕੀਰ ਫੇਰੀ ਹੈ। ਬੀਬੀ ਭੱਠਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਵਿੱਚ 50 ਕਿਲੋਮੀਟਰ ਤੱਕ ਦੇ ਇਲਾਕੇ ਵਿੱਚ ਬੀਐਸਐਫ਼ ਲਾਉਣ ਦੇ ਮਾਮਲੇ ’ਤੇ ਕੇਂਦਰ ਸਰਕਾਰ ਦੀ ਹਮਾਇਤ ਕਰਨ ’ਤੇ ਸਵਾਲ ਚੁੱਕਿਆ ਹੈ। ਬੀਬੀ ਭੱਠਲ ਨੇ ਕਿਹਾ ਕਿ ਇੱਕ ਪਾਸੇ ਤਾਂ ਕੈਪਟਨ ਸੂਬੇ ਲਈ ਵੱਧ ਅਧਿਕਾਰਾਂ ਦੀ ਗੱਲ ਕਰਦੇ ਰਹੇ ਸਨ ਅਤੇ ਅਨੰਦਪੁਰ ਮਤੇ ਦੀਆਂ ਗੱਲਾਂ ਕਰਦੇ ਸਨ ਪਰ ਹੁਣ ਸੱਤਾ ਦੇ ਲਾਲਚਵੱਸ ਪੰਜਾਬ ਦੇ ਅਧਿਕਾਰਾਂ ਨੂੰ ਸੀਮਤ ਕਰਨ ਵਾਲੀ ਭਾਜਪਾ ਸਰਕਾਰ ਦੀ ਸ਼ਲਾਘਾ ਕਰਕੇ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਬੀਬੀ ਭੱਠਲ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਆਲੋਚਨਾ ਕਰਦਿਆਂ ਇਹ ਵੀ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਹੁਣ ਤੱਕ ਕਿਸੇ ਬੇਰੁਜ਼ਗਾਰ ਨੂੰ ਨੌਕਰੀ ਨਹੀਂ ਦਿੱਤੀ ਜਦੋਂ ਕਿ ਇਹ ਲੋਕਾਂ ਵਿੱਚ ਵੱਡੇ-ਵੱਡੇ ਵਾਅਦੇ ਕਰਦੇ ਸਨ ਪਰ ਇਸ ਦੇ ਉਲਟ ਕਾਂਗਰਸ ਸਰਕਾਰ ਨੇ ਜਿੱਥੇ ਵੱਡੀ ਗਿਣਤੀ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ, ਉਥੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਵੀ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਸੰਗਰੂਰ ਦੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗਰੋਵਰ, ਹੰਸ ਰਾਜ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਮੌਜ਼ੂਦ ਸਨ।
ਲੰਮੇ ਅਰਸੇ ਪਿੱਛੋਂ ਸਾਹਮਣੇ ਆਏ ਸੁਰਿੰਦਰਪਾਲ ਸਿਬੀਆ
ਹਲਕਾ ਸੰਗਰੂਰ ਦੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿਬੀਆ ਪਿਛਲੇ ਲੰਮੇ ਸਮੇਂ ਤੋਂ ਸਿਆਸੀ ਗਤੀਵਿਧੀਆਂ ਤੋਂ ਕਿਨਾਰਾ ਕਰੀ ਬੈਠੇ ਸਨ ਪਰ ਰਾਜਿੰਦਰ ਕੌਰ ਭੱਠਲ ਦੇ ਸੰਗਰੂਰ ਆਮਦ ਪਿੱਛੋਂ ਉਨ੍ਹਾਂ ਨੂੰ ਅੱਜ ਕਾਫ਼ੀ ਸਮੇਂ ਬਾਅਦ ਪਹਿਲੀ ਵਾਰ ਸਰਗਰਮ ਵੇਖਿਆ ਗਿਆ ਜ਼ਿਕਰਯੋਗ ਹੈ ਕਿ ਹਲਕਾ ਸੰਗਰੂਰ ਦੇ ਕਾਂਗਰਸੀ ਵਿਧਾਇਕ ਰਹੇ ਸੁਰਿੰਦਰਪਾਲ ਸਿਬੀਆ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਕੇ ਬਰਨਾਲਾ ਹਲਕੇ ਤੋਂ ਚੋਣ ਲੜੇ ਸਨ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਸੀ ਮਿਲੀ, ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਯਤਨਾਂ ਨਾਲ ਉਨ੍ਹਾਂ ਨੂੰ ਮੁੜ ਕਾਂਗਰਸ ਪਾਰਟੀ ਵਿੱਚ ਲਿਆਂਦਾ ਗਿਆ ਸੀ ਪਰ ਚੋਣਾਂ ਤੋਂ ਬਾਅਦ ਸਿਬੀਆ ਦੀਆਂ ਸਰਗਰਮੀਆਂ ਇਕਦਮ ਠੱਪ ਹੋ ਗਈਆਂ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ