ਕਿਹਾ, ਕੇਂਦਰ ਸਰਕਾਰ ਦੇ ਸਹਿਯੋਗ ਬਿਨਾ ਪੰਜਾਬ ਨਹੀਂ ਆ ਸਕਦਾ ਲੀਂਹ ’ਤੇ
ਕੈਪਟਨ ਅਮਰਿੰਦਰ ਸਿੰਘ (Capt Amarinder ) ਨੇ ਸ਼ਹਿਰ ’ਚ ਕੀਤਾ ਆਪਣੇ ਲਈ ਚੋਣ ਪ੍ਰਚਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt Amarinder ) ਨੇ ਵੀ ਅੱਜ ਆਪਣੀ ਸੀਟ ’ਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਥੇ ਰੱਜ ਕੇ ਤਾਰੀਫ਼ ਕੀਤੀ ਗਈ, ੳੁੱਥੇ ਹੀ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹਾਰਨ ਦੀ ਭਵਿੱਖ ਬਾਣੀ ਵੀ ਕਰ ਦਿੱਤੀ।
ਕੈਪਟਨ ਅਮਰਰਿੰਦਰ ਸਿੰਘ ਨੇ ਕਿਹਾ ਕਿ ਚੰਨੀ ਨੇ 111 ਦਿਨਾਂ ਵਿੱਚ ਪੰਜਾਬ ਦੇ ਸਿਰ 33 ਹਜ਼ਾਰ ਕਰੋੜ ਕਰਜ਼ਾ ਚਾੜ੍ਹ ਦਿੱਤਾ ਹੈ। ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸ਼ਹਿਰ ਵਿੱਚ ਇੱਕ ਇਕੱਠ ਨੂੰ ਸੰਬੋਧਨ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਪਟਿਆਲਵੀਆਂ ਨੂੰ ਤਕੜੇ ਹੋ ਕੇ ਗਠਜੋੜ ਨੂੰ ਵੋਟਾਂ ਪਾਉਣ ਲਈ ਆਖਿਆ। ਕੈਪਟਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਵੱਚ 1800 ਕਰੋੜ ਰੁਪਏ ਦਿੱਤਾ ਗਿਆ ਹੈ ਅਤੇ ਪਟਿਆਲਾ ਅੰਦਰ ਲਗਭਗ 65 ਪ੍ਰੋਜੈਕਟ ਚੱਲ ਰਹੇ ਹਨ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬੰਧੀ ਕਿਹਾ ਕਿ ਜਦੋਂ ਉਹ 2007 ਵਿੱਚ ਮੁੱਖ ਮੰਤਰੀ ਸਨ ਤਾ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਉਹ ਆਪਸ ਵਿੱਚ ਮਿਲਦੇ ਰਹਿੰਦੇ ਸਨ ਅਤੇ ਬਹੁਤ ਪਿਆਰ ਸੀ।
ਚੰਨੀ ਨੇ 111 ਦਿਨਾਂ ਵਿੱਚ ਪੰਜਾਬ ਦੇ ਸਿਰ 33 ਹਜ਼ਾਰ ਕਰੋੜ ਕਰਜ਼ਾ ਚਾੜ੍ਹ ਦਿੱਤਾ
ਇੱਥੋਂ ਤੱਕ ਕਿ ਮੁੱਖ ਮੰਤਰੀ ਤੋਂ ਪਹਿਲਾ ਜਦੋਂ ਨਰਿੰਦਰ ਮੋਦੀ ਆਰਐਸਐਸ ਦੇ ਪੰਜਾਬ ਦੇ ਇੰਚਾਰਜ ਸਨ, ਉਸ ਸਮੇਂ ਤੋਂ ਹੀ ਉਨ੍ਹਾਂ ਨੂੰ ਮਿਲਦੇ ਰਹਿੰਦੇ ਸਨ ਅਤੇ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਇੱਥੋਂ ਤੱਕ ਪਤਲੀ ਹੋ ਚੁੱਕੀ ਹੈ ਕਿ ਕੇਂਦਰ ਸਰਕਾਰ ਦੇ ਸਹਿਯੋਗ ਬਿਨਾ ਇੱਥੇ ਕੁਝ ਨਹੀਂ ਕੀਤਾ ਜਾ ਸਕਦਾ। ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਜੋੜੀ ਹੀ ਪੰਜਾਬ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ, ਇਸ ਲਈ ਪੰਜਾਬ ’ਚ ਡਬਲ ਇੰਜ਼ਨ ਸਰਕਾਰ ਲਿਆਉਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈ ਮੁੱਖ ਮੰਤਰੀ ਸੀ ਤਾਂ ਪੰਜਾਬ ਦੇ ਸਿਰ 70 ਹਜ਼ਾਰ ਕਰੋੜ ਦਾ ਕਰਜ਼ਾ ਸੀ, ਪਰ ਚੰਨੀ ਵੱਲੋਂ 111 ਦਿਨਾਂ ’ਚ ਵੀ 33 ਹਜਾਰ ਕਰੋੜ ਕਰਜ਼ਾ ਚਾੜ੍ਹ ਦਿੱਤਾ ਗਿਆ ਹੈ, ਪਤਾ ਨਹੀਂ ਕੀ ਕੀਤਾ ਗਿਆ ਹੈ।
ਅਮਰਿੰਦਰ ਸਿੰਘ (Capt Amarinder) ਨੇ ਕਿਹਾ ਕਿ 7-8 ਤਾਰੀਖ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ’ਚ ਪੁੱਜਣਗੇ ਅਤੇ ਉਹ ਵੀ ਲਗਾਤਾਰ ਪੰਜਾਬ ਵਿੱਚ ਪ੍ਰਚਾਰ ਕਰਨਗੇ। ਇਸ ਦੌਰਾਨ ਅਮਰਿੰਦਰ ਸਿੰਘ ਨੇ ਕਿਹਾ ਕਿ 2024 ’ਚ ਵੀ ਨਰਿੰਦਰ ਮੋਦੀ ਦੀ ਜਿੱਤ ਯਕੀਨੀ ਹੈ ਕਿਉਂਕਿ ਉਨ੍ਹਾਂ ਸਾਹਮਣੇ ਕਿਸੇ ਵੀ ਪਾਰਟੀ ਦਾ ਆਗੂ ਮਜ਼ਬੂਤ ਨਹੀਂ ਹੈ। ਕੈਪਟਨ ਦੀ ਆਮਦ ਦਾ ਸਾਰਾ ਜਿੰਮਾ ਉਨ੍ਹਾਂ ਦੀ ਪੁੱਤਰੀ ਬੀਬਾ ਜੈਇੰਦਰ ਕੌਰ ਵੱਲੋਂ ਸੰਭਾਲਿਆ ਹੋਇਆ ਸੀ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਪੰਜਾਬ ਲੋਕ ਕਾਂਗਰਸ ਦੇ ਆਗੂ ਮੌਜ਼ੂਦ ਸਨ।
ਨਵਜੋਤ ਸਿੱਧੂ ਬੁਰੀ ਤਰ੍ਹਾਂ ਹਾਰ ਰਿਹੈ : ਕੈਪਟਨ ਅਮਰਿੰਦਰ (Capt Amarinder )
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਅੰਮਿ੍ਰਤਸਰ ਸਾਹਿਬ ਤੋਂ ਫੋਨ ਆਇਆ ਅਤੇ ਉਸ ਨੇ ਦੱਸਿਆ ਕਿ ਹੋਰ ਦਾ ਤਾ ਪਤਾ ਨਹੀਂ ਪਰ ਨਵਜੋਤ ਸਿੱਧੂ ਉੱਥੋਂ ਕਿਸੇ ਵੀ ਹਾਲਤ ਵਿੱਚ ਨਹੀਂ ਜਿੱਤ ਸਕਦਾ ਅਤੇ ਉਸਦੀ ਹਾਰ ਤੈਅ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ