ਨਹੀਂ ਮੰਨੀ ‘ਆਪ’ ,ਕੋਵਿਡ-19 ਪਾਜ਼ਿਟਿਵ ਵਿਧਾਇਕਾਂ ਦੀ ਗਿਣਤੀ 29 ਤੱਕ ਵੱਧੀ, ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਵੀ ਪਾਜ਼ਿਟਿਵ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੋਵਿਡ-19 ਪਾਜ਼ਿਟਿਵ ਵਿਧਾਇਕਾਂ/ਮੰਤਰੀਆਂ ਦੀ ਗਿਣਤੀ ਵਧਕੇ 29 ਤੱਕ ਪੁੱਜਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Capt Amarinder) ਨੇ ਅੱਜ ਇਨ੍ਹਾਂ ਵਿਧਾਇਕਾਂ/ਮੰਤਰੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਵਿਧਾਇਕਾਂ ਨੂੰ ਭਲਕੇ ਵਿਧਾਨ ਸਭਾ ਦੇ ਹੋਣ ਵਾਲੇ ਇੱਕ ਰੋਜ਼ਾ ਸੈਸ਼ਨ ਵਿੱਚ ਸ਼ਿਰਕਤ ਨਾ ਕਰਨ ਦੀ ਅਪੀਲ ਕੀਤੀ ਹੈ।
Capt Amarinder appeals to MLAs not to attend corona-positive session
ਆਮ ਆਦਮੀ ਪਾਰਟੀ ਵੱਲੋਂ 20 ਅਗਸਤ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਦਿੱਤੇ ਜਾ ਰਹੇ ਧਰਨਿਆਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਪਾਰਟੀ ਦੇ ਵਿਧਾਇਕਾਂ ਦੀ ਅਗਵਾਈ ਵਿੱਚ ਦਿੱਤੇ ਜਾ ਰਹੇ ਧਰਨੇ ਆਮ ਲੋਕਾਂ ਦੇ ਜੀਵਨ ਨੂੰ ਖਤਰੇ ਵਿੱਚ ਪਾ ਰਹੇ ਹਨ। ਆਪ ਪਾਰਟੀ ਨੂੰ ਇਹ ਧਰਨੇ ਬੰਦ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 25 ਤੋਂ 250 ਵਿਅਕਤੀਆਂ ਦੀ ਸ਼ਮੂਲੀਅਤ ਨਾਲ ਹੋਣ ਵਾਲੇ ਇਹ ਇਕੱਠ/ਧਰਨੇ ਇਸ ਮਹਾਂਮਾਰੀ ਨੂੰ ਹੋਰ ਫੈਲਾਉਣ ਲਈ ਬਲ਼ਦੀ ‘ਤੇ ਤੇਲ ਪਾਉਣ ਦਾ ਕੰਮ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਤੱਕ ਇਨ੍ਹਾਂ ਧਰਨਿਆਂ ਦੀ ਦਿਨ/ਰਾਤ ਅਗਵਾਈ ਕਰਨ ਵਾਲੇ ਵਿਧਾਇਕਾਂ ਵਿੱਚੋਂ ਦੋ ਵਿਧਾਇਕ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਹ ਵਿਧਾਇਕ ਹੁਣ ਤੱਕ ਵੱਡੀ ਗਿਣਤੀ ਹੋਰ ਲੋਕਾਂ ਦੇ ਸੰਪਰਕ ਵਿੱਚ ਆ ਚੁੱਕੇ ਹਨ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਵਿਧਾਇਕਾਂ ਵਿਚੋਂ ਹੁਣ ਤੱਕ ਚਾਰ ਮੈਂਬਰ (ਸਮੇਤ ਇਕ ਅਲੱਗ ਹੋਏ) ਕੋਵਿਡ ਪਾਜ਼ੇਟਿਵ ਆ ਚੁੱਕੇ ਹਨ। ਮੁੱਖ ਮੰਤਰੀ ਵੱਲੋਂ ਜਲਦੀ ਨਤੀਜਿਆਂ ਲਈ ਵਿਧਾਨ ਸਭਾ ਦੇ ਨਾਲ-ਨਾਲ ਪੰਜਾਬ ਭਵਨ ਅਤੇ ਐਮ.ਐਲ.ਏ. ਹੋਸਟਲ ਵਿਖੇ ਸੈਸ਼ਨ ਤੋਂ ਪਹਿਲਾਂ ਟੈਸਟਿੰਗ ਲਈ ਟਰੂਨੈਟ ਅਤੇ ਆਰ.ਏ.ਟੀ ਮਸ਼ੀਨਾ ਲਗਾਉਣ ਲਈ ਵੀ ਨਿਰਦੇਸ਼ ਕੀਤੇ ਗਏ ਸਨ ਕਿਉਂ ਜੋ ਸ਼ੈਸ਼ਨ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਕੋਵਿਡ ਟੈਸਟ ਵਿਚੋਂ ਨੈਗੇਟਿਵ ਆਉਣ ਵਾਲਿਆਂ ਨੂੰ ਹੀ ਸੈਸ਼ਨ ਵਿੱਚ ਸ਼ਮੂਲੀਅਤ ਦੀ ਆਗਿਆ ਹੋਵੇਗੀ।
ਮੁੱਖ ਮੰਤਰੀ ਅਤੇ ਹੋਰ ਅਧਿਕਾਰੀਆਂ ਨਾਲ ਕੋਵਿਡ ਦੇ ਜਾਇਜ਼ਾ ਲੈਣ ਸਬੰਧੀ ਵੀਡੀਓ ਕਾਨਫਰੰਸ ਦੌਰਾਨ ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਕੋਵਿਡ ਪਾਜ਼ੇਟਿਵ ਵਿਧਾਇਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਉਨਾਂ ਦੇ ਵਿਧਾਇਕ ਜੇਕਰ ਸ਼ੈਸ਼ਨ ਵਿੱਚ ਹਾਜ਼ਰੀ ਭਰਨ ਦੇ ਇੱਛੁਕ ਹਨ ਉਹ ਵਿਧਾਨ ਸਭਾ ਵਿਖੇ ਟੈਸਟਿੰਗ ਲਈ ਜਲਦੀ ਪਹੁੰਚਣ।
ਸਪੀਕਰ ਵੱਲੋਂ ਅਕਾਲੀ ਤੇ ਆਪ ਵਿਧਾਇਕਾਂ ਨੂੰ ਸੈਸ਼ਨ ‘ਚ ਭਾਗ ਨਾ ਲੈਣ ਦੀ ਅਪੀਲ
ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਉਨ੍ਹਾਂ ਵਿਧਾਇਕਾਂ ਨੂੰ ਸੈਸ਼ਨ ਦੀ ਕਾਰਵਾਈ ਵਿੱਚ ਸ਼ਾਮਲ ਨਾ ਹੋਣ ਲਈ ਕਿਹਾ ਹੈ, ਜਿਹੜੇ ਕੋਰੋਨਾ ਪਾਜ਼ਿਟਿਵ ਦੇ ਪ੍ਰਾਇਮਰੀ ਸੰਪਰਕ ਵਿੱਚ ਆਏ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਹ ਸਲਾਹ ਸ਼੍ਰੋਮਣੀ ਅਕਾਲੀ ਦਲ ਦੇ ਉਸ ਪੱਤਰ ਦੇ ਉੱਤਰ ‘ਚ ਦਿੱਤੀ ਹੈ, ਜਿਸ ਰਾਹੀਂ ਅਕਾਲੀ ਦਲ ਨੇ ਪੁੱਛਿਆ ਸੀ ਕਿ ਉਹ ਵਿਧਾਨ ਸਭਾ ਸੈਸ਼ਨ ਵਿੱਚ ਸ਼ਾਮਲ ਹੋ ਸਕਦੇ ਹਨ ਜਾਂ ਫਿਰ ਨਹੀਂ?
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਇਸ ਸਬੰਧੀ ਸਿਹਤ ਵਿਭਾਗ ਨਾਲ ਗੱਲਬਾਤ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਦਨ ਦੀ ਕਾਰਵਾਈ ਵਿੱਚ ਭਾਗ ਨਾ ਲੈਣ ਪਰ ਜਿਹੜੇ ਵਿਧਾਇਕ ਪ੍ਰਾਈਮਰੀ ਸੰਪਰਕ ਵਿੱਚ ਨਹੀਂ ਆਏ ਹਨ ਅਤੇ ਉਸ ਦਿਨ ਮੀਟਿੰਗ ਵਿੱਚ ਸ਼ਾਮਲ ਨਹੀਂ ਸਨ, ਉਨਾਂ ਦੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਭਾਗ ਲੈਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਇਸ ਫੈਸਲੇ ਤੋਂ ਬਾਅਦ ਹੁਣ ਵਿਰੋਧ ਧਿਰ ਦੇ ਸਦਨ ਤੋਂ ਬਾਹਰ ਰਹਿਣ ਦੇ ਆਸਾਰ ਬਣ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.