ਕਿਹਾ; ਮਨਪ੍ਰੀਤ ਬਾਦਲ ਨੇ ਪਿੱਠ ਵਿਚ ਛੁਰਾ ਮਾਰਿਆ
ਦੋਦਾ, (ਰਵੀਪਾਲ) ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਥਾਨਕ ਦਾਣਾ ਮੰਡੀ ਵਿਖੇ ਹੋਏ ਸੰਗਤ ਦਰਸ਼ਨ ਪ੍ਰੋਗਰਾਮ ‘ਚ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ ਅਤੇ ਪਾਰਟੀ ਦੀ ਪਹਿਲੀ ਸੂਚੀ ਲਗਭਗ ਤੈਅ ਹੋ ਚੁੱਕੀ ਹੈ।
ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਹੀ ਹੁਸ਼ਿਆਰਪੁਰ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਮੀਦਵਾਰਾਂ ਦੇ ਜਲਦ ਐਲਾਨ ਦੀ ਗੱਲ ਨੂੰ ਗਲਤ ਠਹਿਰਾਇਆ ਸੀ ਪਰ ਅੱਜ ਇਸ ਤੋਂ ਬਿਲਕੁਲ ਉਲਟ ਉਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਤੈਅ ਹੋਣ ਦੀ ਗੱਲ ਕਹਿ ਕੇ ਉਮੀਦਵਾਰਾਂ ਦੇ ਜਲਦੀ ਐਲਾਨ ਦੇ ਸੰਕੇਤ ਦਿੱਤੇ ਹਨ ।
ਇਹ ਵੀ ਪੜ੍ਹੋ : ਫੁਲਕਾਰੀ ਤੇ ਬਾਗ ਬੀਤੇ ਸਮੇਂ ਦੀ ਗੱਲ ਹੋ ਕੇ ਰਹਿ ਗਏ
ਇਸ ਮੌਕੇ ਉਨ੍ਹਾਂ ਕਿ ਪੰਜਾਬੀਆਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਕਾਂਗਰਸ ਦਾ ਚਾਪਲੂਸ ਬਣ ਕੇ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬੀਆਂ ਨਾਲ ਤਾਂ ਧੋਖਾ ਕਮਾਇਆ ਹੀ ਹੈ ਪਰ ਮਨਪ੍ਰੀਤ ਦਾ ਸਭ ਤੋਂ ਜ਼ਿਆਦਾ ਖਿਆਲ ਰੱਖਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਪਿੱਠ ਵਿਚ ਵੀ ਉਸ ਨੇ ਛੁਰਾ ਮਾਰਿਆ ਹੈ। ਉਨਾਂ ਕਿਹਾ ਕਿ ਜਿਹੜਾ ਬੰਦਾ ਬਾਦਲ ਸਾਹਿਬ ਦਾ ਨਹੀਂ ਬਣ ਸਕਿਆ ਉਹ ਕਿਸੇ ਦਾ ਨਹੀਂ ਬਣ ਸਕਦਾ। ਉਨਾਂ ਕਿਹਾ ਕਿ ਇਕ ਪਾਸੇ ਜਿੱਥੇ ਗਿੱਦੜਬਾਹਾ ਹਲਕੇ ਨੇ ਬਾਦਲ ਪਰਿਵਾਰ ‘ਤੇ ਏਨਾ ਜ਼ਿਆਦਾ ਵਿਸ਼ਵਾਸ ਪ੍ਰਗਟਾਇਆ ਉੱਥੇ ਹੀ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀਦਲ, ਸ.ਪ੍ਰਕਾਸ਼ ਸਿੰਘ ਬਾਦਲ ਅਤੇ ਹਲਕੇ ਦੇ ਲੋਕਾਂ ਨਾਲ ‘ਕਾਂਗਰਸੀ ਚਾਪਲੂਸ’ ਬਣ ਕੇ ਧ੍ਰੋਹ ਕਮਾਇਆ ਹੈ।
ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਕਰਕੇ ਪੰਜਾਬ ਦੇ ਲੋਕ ਤੀਜੀ ਵਾਰ ਵੀ ਗੱਠਜੋੜ ਨੂੰ ਸੇਵਾ ਦਾ ਮੌਕਾ ਦੇਣਗੇ ਕਿਉਂ ਕਿ ਵਿਰੋਧੀ ਪਾਰਟੀਆਂ ਵਿਚੋਂ ਕਾਂਗਰਸੀ ਤਾਂ ਪਹਿਲਾਂ ਹੀ ਖੁਦ ਆਪਣੀ ਹਾਰ ਮੰਨੀ ਬੈਠੇ ਹਨ ਜਦਕਿ ‘ਆਪ’ ਵਾਲੇ ਪੰਜਾਬੀ ਮਾਹੌਲ, ਸਭਿਆਚਾਰ ਤੇ ਵਿਰਸੇ ਤੋਂ ਅਣਜਾਣ ਅਜਿਹੇ ਗਰਮਖਿਆਲੀ ਵਿਅਕਤੀਆਂ ਦਾ ਟੋਲਾ ਹੈ ਜੋ ਪੰਜਾਬ ਵਿਚ ਸੱਤਾ ਪ੍ਰਾਪਤੀ ਦੀ ਲਾਲਸਾ ਸਿਰਫ ਇਸ ਕਰਕੇ ਕਰ ਰਹੇ ਹਨ ਤਾਂ ਜੋ ਕੇਂਦਰ ਸਰਕਾਰ ਨਾਲ ਵਿਵਾਦ ਖੜਾ ਕੀਤਾ ਜਾ ਸਕੇ। ਤਰਨ ਤਾਰਨ ਵਿਚ ਗੈਂਗਸਟਰ ਵਾਰ ਸਬੰਧੀ ਉਨਾਂ ਕਿਹਾ ਕਿ ਪੰਜਾਬ ਦਾ ਸ਼ਾਂਤੀ ਭਰਿਆ ਮਾਹੌਲ ਖਰਾਬ ਕਰਨ ਦੀ ਕਿਸੇ ਨੂੰ ਵੀ ਇਜਾਜਤ ਨਹੀਂ ਦਿੱਤੀ ਜਾਵੇਗੀ।