ਸ਼ਾਂਤ, ਸੰਤੁਸ਼ਟ ਤੇ ਸ਼ਾਨਾਮੱਤਾ ਸੱਭਿਆਚਾਰ, ਸਾਂਝਾ ਚੁੱਲ੍ਹਾ

ਸ਼ਾਂਤ, ਸੰਤੁਸ਼ਟ ਤੇ ਸ਼ਾਨਾਮੱਤਾ ਸੱਭਿਆਚਾਰ, ਸਾਂਝਾ ਚੁੱਲ੍ਹਾ

ਪੰਜਾਬ ਦੀ ਜੀਵਨਸ਼ੈਲੀ ਵਿਚ ਸੱਭਿਆਚਾਰ ਦੀ ਅਮਿੱਟ ਛਾਪ ਹੈ, ਜਿਸ ਦਾ ਚਾਨਣ ਰੋਜ਼ਮਰ੍ਹਾ ਦੀ ਕਿਰਿਆ ਨੂੰ ਖੁਸ਼ੀਆਂ ਨਾਲ ਰੁਸ਼ਨਾਉਂਦਾ ਹੈ। ਇਸ ਦੀਆਂ ਮਿੱਥਾਂ, ਕਲਾ, ਰੀਤੀ-ਰਿਵਾਜ ਨਾਲ ਉਪਜੀ ਆਪਸੀ ਸਾਂਝ ਇੱਕ ਵੱਖਰੀ ਕਾਇਨਾਤ ਸਿਰਜਦੀ ਹੈ ਕੁੱਲ ਆਲਮ ਵਿੱਚ ਪੰਜਾਬ ਦੇ ਵਿਰਾਸਤੀ ਸੱਭਿਆਚਾਰ ਦੀ ਵੱਖਰੀ ਸ਼ਾਨ ਤੇ ਪਹਿਚਾਣ ਹੈ। ਸਾਂਝਾ ਚੁੱਲ੍ਹਾ ਇਸੇ ਵਿਰਾਸਤ ਦਾ ਹਿੱਸਾ ਹੈ ਇਹ ਪਰਿਵਾਰ ਦੀਆਂ ਖੁਸ਼ੀਆਂ ਦਾ ਅਧਾਰ ਹੈ ਜਿਸ ਵਿੱਚ ਜੋੜ ਕੇ ਰੱਖਣ ਦੀ ਅਲੌਕਿਕ ਸ਼ਕਤੀ ਹੈ। ਔਰਤਾਂ ਪਿੰਡ ਦੇ ਟੋਭੇ ’ਚੋਂ ਚੀਕਣੀ ਮਿੱਟੀ ਲਿਆ ਕੇ ਇੱਕ ਪਾਸੇ ਚੁੱਲ੍ਹਾ ਤਿਆਰ ਕਰਦੀਆਂ ਸਨ। ਢਾਂਚੇ ਦੀ ਮਜ਼ਬੂਤੀ ਲਈ ਇੱਟਾਂ, ਪੀਲੀ ਮਿੱਟੀ ਤੇ ਤੂੜੀ ਦੀ ਵਰਤੋਂ ਵੀ ਕੀਤੀ ਜਾਂਦੀ। ਚੁੱਲ੍ਹੇ ਦੇ ਨਾਲ ਹਾਰਾ, ਲੋਹ, ਚੁਰ, ਤੰਦੂਰ ਅਤੇ ਭੱਠੀ ਵੀ ਬਣਾਈ ਜਾਂਦੀ। ਜੋ ਸਰਦੀਆਂ ਵਿੱਚ ਖੋਆ ਕੱਢਣ ਜਾਂ ਵਿਆਹ-ਸ਼ਾਦੀਆਂ ਦੇ ਸਮੇਂ ਵਰਤਦੇ ਸਨ

ਅੱਜ ਵਾਂਗ ਕੰਮ ਕਰਦੇ ਹਾਲ਼ੀ-ਪਾਲ਼ੀ (ਹਾਲ਼ੀ ਹਲਵਾਹਕ ਖੇਤਾਂ ਵਿਚ ਕੰਮ ਕਰਨ ਵਾਲੇ ਤੇ ਪਾਲ਼ੀ ਪਸ਼ੂ ਪਾਲਣ ਵਾਲੇ) ਆਪਣੇ ਨਾਲ ਰੋਟੀ ਦੇ ਡੱਬੇ ਚੁੱਕ ਕੇ ਨਹੀਂ ਲਿਆਉਂਦੇ ਸਨ, ਸਭ ਲਈ ਖਾਣਾ ਘਰ ਹੀ ਤਿਆਰ ਹੁੰਦਾ। ਹਾਰੇ ਵਿੱਚ ਮੱਠੀ ਅੱਗ ਨਾਲ ਕੜ੍ਹਦਾ ਦੁੱਧ, ਰਿੱਝਦੀ ਦਾਲ ਜਾਂ ਸਾਗ ਦੀ ਮਹਿਕ ਘਰ ਦੇ ਮਾਹੌਲ ਨੂੰ ਮਹਿਕਣ ਲਾ ਦਿੰਦੀ। ਚੁੱਲ੍ਹੇ ਦੀ ਵਰਤੋਂ ਥੋੜ੍ਹੀ ਦਾਲ-ਰੋਟੀ ਬਣਾਉਣ ਲਈ ਕੀਤੀ ਜਾਂਦੀ। ਲੋਹ ਵੱਡੇ ਅਕਾਰ ਦਾ ਚੁੱਲ੍ਹਾ ਹੈ ਜਿਸ ਉੱਪਰ ਲੋਹੇ ਦੀ ਤਵੀ ਰੱਖ 10 ਤੋਂ 15 ਰੋਟੀਆਂ ਇੱਕੋ ਸਮੇਂ ਬਣ ਸਕਦੀਆਂ ਹਨ। ਲੋਹ ਦੀ ਤੇਜ ਅੱਗ ਲਈ ਹਰ-ਹਰ ਜਾਂ ਕਪਾਹ ਦੀਆਂ ਛਿਟੀਆਂ ਤੇ ਕਮਾਦ ਦੀ ਪੱਤੀ ਦੀ ਵਰਤੋਂ ਬਾਲਣ ਦੇ ਰੂਪ ਵਿਚ ਕਰਦੇ ਸਨ ਸਰਦੀਆਂ ਵਿੱਚ ਚੁੱਲ੍ਹੇ ਦੀ ਅੱਗ ਦਾ ਸੇਕ ਮਾਨਣ ਦਾ ਨਜਾਰਾ ਬਿਜਲਈ ਹੀਟਰਾਂ ਨੂੰ ਫੇਲ੍ਹ ਕਰ ਦਿੰਦਾ। ਸਾਂਝੇ ਚੁੱਲੇ੍ਹ ਬੀਤੇ ਜਮਾਨੇ ਦੀ ਖੁੱਲ੍ਹੀ ਰਸੋਈ ਸੀ, ਜਿਸ ਵਿੱਚ ਭਾਂਡੇ ਰੱਖਣ ਲਈ ਚੌਂਕਾ ਬਣਾਉਂਦੇ ਸਨ

ਮਾਡਰਨ ਸਮੇਂ ਦੀ ਅਤਿ-ਆਧੁਨਿਕ ਮੋਡੂਲਰ ਕਿਚਨ ਦੇ ਤੁੱਲ ਭਾਵੇਂ ਮਾਸਾ ਵੀ ਨਹੀਂ ਪਰ ਉੱਥੇ ਤਿਉ-ਮੁਹੱਬਤ ਨਾਲ ਬਣਦਾ ਖਾਣਾ ਤੇ ਤੀਆਂ ਦੀਆਂ ਰੌਣਕਾਂ ਵਾਂਗ ਸਵਰਗਮਈ ਵਾਸਾ ਕਿਧਰੇ ਨਜ਼ਰ ਨਹੀਂ ਆਉਂਦਾ। ਉਸ ਵਕਤ ਪਰਦੇ ਦਾ ਵੀ ਖਾਸ ਧਿਆਨ ਰੱਖਦੇ ਸਨ ਚੁੱਲ੍ਹੇ ਦੁਆਲੇ ਤਿੰਨ ਤੋਂ ਚਾਰ ਫੁੱਟ ਉਚਾ ਓਟਾ ਬਣਾਇਆ ਜਾਂਦਾ ਤਾਂ ਜੋ ਬਾਹਰੋਂ ਆਏ ਵਿਅਕਤੀ ਦੀ ਨਜ਼ਰ ਖਾਣੇ ਉੱਪਰ ਨਾ ਜਾਵੇ ਚੌਂਤਰੇ ਦੀ ਕੰਧ ਵਿੱਚ ਆਲੇ ਬਣਾਏ ਜਾਂਦੇ ਸਨ, ਜਿਸ ਵਿੱਚ ਸਜਾਵਟੀ ਜਾਂ ਨਿੱਕਆਨਾ ਸਾਮਾਨ ਸਾਂਭਿਆ ਜਾਂਦਾ ਸੀ। ਵਿਹੜੇ ਤੇ ਚੌਂਤਰੇ ਵਿੱਚ ਪੀਲੀ ਮਿੱਟੀ ਦਾ ਪੋਚਾ ਪੱਕੇ ਫਰਸ਼ ਨੂੰ ਮਾਤ ਪਾਉਂਦੇ ।

ਓਟੇ ਅਤੇ ਭਾਂਡੇ ਰੱਖਣ ਵਾਲੇ ਚੌਂਕੇ ਨੂੰ ਵਿਰਾਸਤੀ ਹੱਥੀਂ ਚਿੱਤਰਕਾਰੀ ਨਾਲ ਸਜਾਇਆ ਜਾਂਦਾ ਸੀ ਕੰਧਾਂ ਉੱਪਰ ਪਾਂਡੂ ਫੇਰਨ ਪਿੱਛੋਂ ਫੁੱਲ-ਬੂਟੇ, ਤਾਰੇ, ਚਿੜੀਆਂ, ਕਬੂਤਰ, ਮੋਰ, ਘੋੜੇ ਆਦਿ ਬਣਾ ਕੇ ਸਜਾਉਂਦੇ ਸਨ ਜਿਸ ਲਈ ਨੀਲ, ਪੀਲੀ ਗਾਚਣੀ, ਲਾਲ, ਹਰਾ ਤੇ ਗੁਲਾਨਾਰੀ ਰੰਗ ਦੀ ਵਧੇਰੇ ਵਰਤੋਂ ਹੁੰਦੀ ਚੌਂਕੇ ਵਿੱਚ ਪਏ ਕਾਂਸੀ, ਤਾਂਬੇ, ਸਟੀਲ, ਪਿੱਤਲ ਦੇ ਥਾਲ, ਕੰਗਣੀ ਵਾਲੇ ਗਲਾਸ, ਛੰਨੇ, ਬਾਟੀਆਂ ਤੇ ਪਤੀਲੇ ਵਰਗੇ ਭਾਂਡਿਆਂ ਦੀ ਪੈਂਦੀ ਸੋਨੇ-ਚਾਂਦੀ ਵਰਗੀ ਚਮਕ ਚੌਂਕੇ ਦੀ ਸੋਭਾ ਨੂੰ ਹੋਰ ਵਧਾ ਦਿੰਦੀ ਦੁੱਧ ਕਾੜ੍ਹਨ ਵਾਲੇ ਹਾਰੇ ਨੂੰ ਜ਼ਿਆਦਾਤਰ ਖਿੜਕੀ ਲਾ ਕੇ ਰੱਖਦੇ ਸਨ ਤਾਂ ਜੋ ਜਾਨਵਰਾਂ ਤੋਂ ਬਚਾਅ ਹੋ ਜਾਵੇ।

ਜ਼ਿਆਦਾਤਰ ਚੌਂਕੇ ਵਿਚੋਂ ਪਹਿਲਾਂ ਖਾਣਾ ਵੱਡੇ ਬਜੁਰਗਾਂ ਨੂੰ ਦਿੰਦੇ ਸਨ ਤਿਉਹਾਰਾਂ ਦੇ ਸਮੇਂ ਚੁੱਲ੍ਹੇ-ਚੌਂਕੇ ਦੀ ਰੌਣਕ ਦੁੱਗਣੀ ਹੋ ਜਾਂਦੀ ਉਸ ਸਮੇਂ ਖੋਏ ਦੀ ਬਰਫੀ, ਚੌਲਾਂ ਦੀਆਂ ਪਿੰਨੀਆਂ, ਪਕੌੜੇ ਤੇ ਲੁੱਡੂ ਘਰ ਹੀ ਬਣਾਏ ਜਾਂਦੇ ਸਨ ਚੁੱਲ੍ਹੇ ਕੋਲੋਂ ਉੱਠਦੀਆਂ ਸੁਗੰਧਾਂ ਦੇ ਨਾਲ ਘਰ ਦਾ ਚਾਰ-ਚੁਫੇਰੇ ਸਵਾਦਲਾ ਹੋ ਜਾਂਦਾ ਸਾਂਝੇ ਪਰਿਵਾਰ ਦੀ ਪਵਿੱਤਰ ਰੀਤ ਜਿੱਥੇ ਕੁਨਬੇ ਨੂੰ ਸੰਯੁਕਤ ਰੱਖਦੀ, ਉੱਥੇ ਹੀ ਬੱਚਿਆਂ ਨੂੰ ਸੰਸਕਾਰੀ ਸਿੱਖਿਆ ਵੀ ਆਪ-ਮੁਹਾਰੇ ਪ੍ਰਾਪਤ ਹੋ ਜਾਂਦੀ ਸੀ ਪਿਆਰ ਨਾਲ ਰਹਿਣਾ, ਵੰਡ ਕੇ ਖਾਣਾ, ਮਿਲ ਕੇ ਖੇਡਣਾ ਵਰਗੀਆਂ ਸਧਾਰਨ ਗੱਲਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਇਹ ਸਭ ਕੁਝ ਘਰ ਦੇ ਵਰਤਾਰੇ ਨੂੰ ਦੇਖ ਹੀ ਸਿੱਖ ਜਾਂਦੇ। ਭਾਵੇਂ ਅੱਜ ਵਾਂਗ ਪੈਸੇ ਦੀ ਬਹੁਤਾਤ ਨਹੀਂ ਸੀ ਪਰ ਖੁਸ਼ੀਆਂ ਜਰੂਰ ਬੇਹਿਸਾਬੀਆਂ ਸਨ।

ਤੰਗੀਆਂ-ਤੁਰਸ਼ੀਆਂ ਦਾ ਸੰਘਰਸ਼ੀ ਜੀਵਨ ਹਰ ਕਸੌਟੀ ਉੱਤੇ ਖਰੇ ਉੱਤਰਨ ਦੀ ਤਾਂਘ ਰੱਖਦਾ ਹੈ ਬਚਪਨ ਵਿੱਚ ਮਿਲੀ ਸਿੱਖਿਆ ਜੀਵਨ ਜਾਂਚ ਸਿਖਾਉਂਦੀ ਹੈ, ਜਿਸ ਨਾਲ ਘਾਟੇ ਨੂੰ ਸਹਿਣਾ, ਵਾਧੇ ਵੇਲੇ ਸੰਜਮ, ਮਿਹਨਤ ਕਰਨਾ, ਮੁਸ਼ਕਲਾਂ ਵਿੱਚ ਸਾਥ ਨਿਭਾਉਣ ਵਾਲੇ ਗੁਣ ਬੱਚੇ ਦੇ ਮਨ ’ਤੇ ਉੱਕਰ ਜਾਂਦੇ ਹਨ, ਜੋ ਤਾਉਮਰ ਮਿਹਨਤ ਨਾਲ ਜੀਵਨ ਨੂੰ ਸੁਖਾਲਾ ਬਣਾਉਣ ਵਿਚ ਸਹਾਈ ਹੁੰਦੇ ਹਨ ਅਜੋਕੇ ਸਮੇਂ ਦੀ ਪੀੜ੍ਹੀ ਲਈ ਇਹ ਪਰੰਪਰਾ ਵੱਡਾ ਸਬਕ ਹੋ ਸਕਦੀ ਸੀ ਪਰ ਇਸ ਰੀਤ ਦੀ ਖੜੋਤ ਤੇ ਅਲੋਪ ਹੋਣ ਦਾ ਮੰਜਰ ਸਾਹਮਣੇ ਹੈ। ਬਾਕੀ ਕਸਰ ਨਵਯੁੱਗ ਦੀਆਂ ਕਾਢਾਂ ਨੇ ਪੂਰੀ ਕਰ ਦਿੱਤੀ, ਜਿਨ੍ਹਾਂ ਦਾ ਸਦਉਪਯੋਗ ਦੇ ਨਾਲੋਂ ਦੁਰਉਪਯੋਗ ਜਿਆਦਾ ਹੋ ਰਿਹਾ ਹੈ ਅੱਜ ਸਭ ਹੱਥੀਂ ਤੇ ਦਿਮਾਗੀ ਕੰਮ ਜਲਦੀ ਤੇ ਸੌਖਿਆਂ ਹੋਣ ਦਾ ਅਨੰਦ ਮਾਣ ਰਹੇ ਹਨ

ਪਰ ਉਸ ਕਾਰਨ ਵਿਹਲਾ ਮਨ ਸ਼ੈਤਾਨ ਦਾ ਘਰ ਹੋਰ ਵੱਡਾ ਹੋ ਗਿਆ ਸਾਂਝੀ ਸੰਗਤ ਵਿਚ ਮਿਲਣ ਵਾਲੀ ਸੰਜੀਦਾ ਸਿੱਖਿਆ ਤੋਂ ਵਾਂਝੇ ਹੋ ਗਏ। ਸਾਕ-ਸਬੰਧੀਆਂ ਦੀ ਮਿਲਣੀ ਖੁਸ਼ੀ ਤੇ ਗਮੀ ਦੇ ਸਮਾਗਮਾਂ ਤੱਕ ਸਿਮਟ ਕੇ ਰਹਿ ਗਈ ਅਸੀਂ ਸੱਭਿਆਚਾਰ ਦੇ ਨਾਲੋ-ਨਾਲ ਸੰਸਕਾਰਾਂ ਤੋਂ ਵੀ ਪਾਸਾ ਵੱਟ ਗਏ ਮਾਡਰਨ ਜੁੱਗ ਦੇ ਮਾਪੇ ਪੀੜ੍ਹੀ ਦਰ ਪੀੜ੍ਹੀ ਵਾਲੇ ਸੰਸਕਾਰ ਮਹਿੰਗੇ ਸਕੂਲਾਂ ਜਾਂ ਇੰਟਰਨੈਟ ਦੇ ਜਰੀਏ ਮੋਬਾਇਲ ਤੋਂ ਲੱਭਦੇ ਹਨ ਪਰ ਉਹ ਸਿੱਖਿਆਵਾਂ ਬੱਚਿਆਂ ਲਈ ਮਨੋਰੰਜਨ ਤੋਂ ਅੱਗੇ ਨਹੀਂ ਵਧਦੀਆਂ ਬੀਤੇ ਸਮੇਂ ਨੂੰ ਮੋੜਿਆ ਨਹੀਂ ਜਾ ਸਕਦਾ ਪਰ ਸਾਡੇ ਚਿੰਤਨਸ਼ੀਲ ਬਜੁਰਗ ਅੱਜ ਵੀ ਝਾਉਲੀਆਂ ਨਜਰਾਂ ਨਾਲ ਇਹੀ ਲੱਭਦੇ ਹਨ ਕਾਸ! ਕਿਤੇ ਉਹ ਬੀਤੇ ਵੇਲੇ ਮੁੜ ਆਵਣ!

ਹਕੀਕਤ ਵਿਚ ਸ਼ਾਨਾਮੱਤਾ ਸੱਭਿਆਚਾਰ ਸਾਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਦੱਸਦਾ ਹੈ, ਜਿਸ ਨਾਲ ਅਸੀਂ ਸ਼ਾਂਤ ਤੇ ਸੰਤੁਸ਼ਟੀ ਭਰਿਆ ਜੀਵਨ ਬਸਰ ਕਰ ਸਕਦੇ ਹਾਂ ਆਓ! ਸਭ ਮਿਲ ਕੇ ਸੁਹਿਰਦਤਾ ਨਾਲ ਸਿਰਜਣਾਤਮਿਕ ਪਗਡੰਡੀਆਂ ਵੱਲ ਮੁੜ ਚੱਲੀਏ, ਜਿਸ ਨਾਲ ਖੁਸ਼ੀ ਦੀਆਂ ਫੁਹਾਰਾਂ ਫਿਰ ਤੋਂ ਫੁੱਟਣ ਲੱਗ ਜਾਵਣ ਸਾਂਝੇ ਪਰਿਵਾਰ ਦੀਆਂ ਮਜਬੂਤ ਜੜ੍ਹਾਂ ਮੁੜ ਰਿਸ਼ਤਿਆਂ ਨੂੰ ਆਪਣੀਆਂ ਵਲਗਣਾਂ ਵਿਚ ਸਮਾ ਲੈਣ, ਤਾਂ ਜੋ ਕੁਦਰਤ ਦੀ ਬਖਸ਼ੀ ਅਨਮੋਲ ਮਨੁੱਖੀ ਜ਼ਿੰਦਗੀ ਦਾ ਹਰ ਪਲ ਯਾਦਗਾਰ ਬਣ ਜਾਵੇ। ਸਾਂਝੇ ਪਰਿਵਾਰ ਦੇ ਸਾਂਝੇ ਚੁੱਲ੍ਹੇ ਦਾ ਵਿਹੜਾ ਹਮੇਸ਼ਾ ਵਧਦਾ, ਫੁੱਲਦਾ ਤੇ ਖੁਸ਼ੀਆਂ ਬਖੇਰਦਾ ਨਜ਼ਰ ਆਵੇ
ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ
ਮੋ. 78374-90309
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ