36ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਸ਼ੁਰੂ
ਸੁਖਜੀਤ ਮਾਨ/ਜਲੰਧਰ। ਸੀਏਜੀ (ਕੈਗ) ਦਿੱਲੀ ਨੇ ਸੀਆਰਪੀਐਫ ਦਿੱਲੀ ਨੂੰ 5-2 ਦੇ ਫਰਕ ਨਾਲ ਹਰਾ ਕੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਜਿੱਤ ਦਰਜ ਕਰਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਏ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਪਹਿਲੇ ਦਿਨ ਨਾਕ ਆਊਟ ਦੌਰ ਦੇ ਦੋ ਮੈਚ ਖੇਡੇ ਗਏ। ਟੂਰਨਾਮੈਂਟ ਦਾ ਰਸਮੀ ਉਦਘਾਟਨ 11 ਅਕਤੂਬਰ ਨੂੰ ਸ਼ਾਮ 6 ਵਜੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਕਰਨਗੇ ਜਦਕਿ ਵਿਧਾਇਕ ਪ੍ਰਗਟ ਸਿੰਘ ਸਮਾਰੋਹ ਦੀ ਪ੍ਰਧਾਨਗੀ ਕਰਨਗੇ।
ਨਾਕ ਆਊਟ ਦੌਰ ਦੇ ਪਹਿਲੇ ਮੈਚ ਵਿੱਚ ਸੀਏਜੀ (ਕੈਗ) ਦਿੱਲੀ ਨੇ ਸੀਆਰਪੀਐਫ ਦਿੱਲੀ ਨੂੰ 5-2 ਦੇ ਫਰਕ ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਖੇਡ ਦੇ ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ਤੇ ਸਨ। ਖੇਡ ਦੇ 6ਵੇਂ ਮਿੰਟ ਵਿੱਚ ਕੈਗ ਦੇ ਨਿਤਿਨ ਮੁਕੇਸ਼ ਨੇ ਗੋਲ ਕਰਕੇ ਖਾਤਾ ਖੋਲ੍ਹਿਆ।
ਇਸ ਤੋਂ ਬਾਅਦ 9ਵੇਂ ਮਿੰਟ ਵਿੱਚ ਸੀਆਰਪੀਐਫ ਦੇ ਕੁਲਦੀਪ ਇੱਕਾ ਨੇ ਬਰਾਬਰੀ ਦਾ ਗੋਲ ਕੀਤਾ। ਅੱਧੇ ਸਮੇਂ ਤੋਂ ਬਾਅਦ ਤੀਸਰੇ ਕਵਾਟਰ ਵਿੱਚ ਕੈਗ ਨੇ ਖੇਡ ਤੇ ਪੂਰੀ ਤਰ੍ਹਾਂ ਕੰਟਰੋਲ ਕੀਤਾ। ਖੇਡ ਦੇ 37ਵੇਂ ਮਿੰਟ ਵਿਚ ਕੈਗ ਦੇ ਮਨੀਸ਼ ਯਾਦਵ ਨੇ, 40ਵੇਂ ਮਿੰਟ ਵਿਚ ਨਿਤਿਨ ਮੁਕੇਸ਼ ਨੇ ਅਤੇ 45ਵੇਂ ਮਿੰਟ ਵਿਚ ਮਨੀਕਾਂਤਾ ਨੇ ਗੋਲ ਕਰਕੇ ਸਕੋਰ 4-1 ਕੀਤਾ। ਤੀਸਰੇ ਕਵਾਰਟਰ ਦੇ ਖਤਮ ਹੋਣ ਤੱਕ ਸਕੋਰ 4-1 ਸੀ। ਚੌਥੇ ਕਵਾਰਟਰ ਦੇ ਸ਼ੁਰੂ ਵਿਚ ਹੀ ਸੀਆਰਪੀਐਫ ਦੇ ਰਣਦੀਪ ਸਿੰਘ ਨੇ ਪੈਨਲਟੀ ਕਾਰਨਰ ਰਾਂਹੀ ਗੋਲ ਕਰਕੇ ਸਕੋਰ 2-4 ਕੀਤਾ।
53ਵੇਂ ਮਿੰਟ ਵਿੱਚ ਕੈਗ ਦੇ ਚੰਦਨ ਸਿੰਘ ਨੇ ਪੈਨਲਟੀ ਕਾਰਨਰ ਰਾਂਹੀ ਗੋਲ ਕਰਕੇ ਸਕੋਰ 5-2 ਕਰਕੇ ਮੈਚ ਜਿੱਤ ਲਿਆ ਨਾਕ ਆਊਟ ਦੌਰ ਦੇ ਦੂਜੇ ਮੈਚ ਵਿੱਚ ਬੀਐਸਐਫ ਜਲੰਧਰ ਅਤੇ ਪੰਜਾਬ ਐਂਡ ਸਿੰਧ ਬੈਂਕ ਦਰਮਿਆਨ ਸਖਤ ਮੁਕਾਬਲਾ ਹੋਇਆ ਜਿਸ ‘ਚੋਂ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਜੇਤੂ ਰਹੀ ।
11 ਅਕਤੂਬਰ ਦੇ ਮੈਚ
ਇੰਡੀਅਨ ਏਅਰ ਫੋਰਸ ਦਿੱਲੀ ਬਨਾਮ ਪੰਜਾਬ ਨੈਸ਼ਨਲ ਬੈਂਕ ਦਿੱਲੀ- ਸ਼ਾਮ 4:30 ਵਜੇ।
ਕੈਗ ਦਿੱਲੀ ਬਨਾਮ ਪੰਜਾਬ ਐਂਡ ਸਿੰਧ ਬੈਂਕ ਸ਼ਾਮ 6: 00 ਵਜੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।