10 ਦੀ ਬਜਾਏ 7 ਪਟਵਾਰ ਸਰਕਲਾਂ ਲਈ ਇੱਕ ਕਾਨੂੰਗੋ ਨਿਯੁਕਤ ਕਰਨ ਨੂੰ ਵੀ ਦਿੱਤੀ ਮਨਜ਼ੂਰੀ
ਅਸ਼ਵਨੀ ਚਾਵਲਾ/ਚੰਡੀਗੜ੍ਹ। ਮਾਲ ਵਿਭਾਗ ਦੀ ਕਾਰਜਪ੍ਰਣਾਲੀ ਵਿੱਚ ਹੋਰ ਵਧੇਰੇ ਕਾਰਜਕੁਸ਼ਲਤਾ ਲਿਆਉਣ ਦੇ ਮਕਸਦ ਨਾਲ ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ 1090 ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਭਰਨ ਨੂੰ ਮਨਜ਼ੂਰੀ ਦੇ ਦਿੱਤੀ।ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫੈਸਲਾ ਸੂਬਾਈ ਪ੍ਰਸ਼ਾਸਨ ਵਿੱਚ ਮਾਲ ਵਿਭਾਗ ਦਾ ਅਹਿਮ ਹਿੱਸਾ ਹੋਣ ਕਰਕੇ ਲਿਆ ਗਿਆ ਹੈ, ਜਿੱਥੇ ਜ਼ਮੀਨੀ ਰਿਕਾਰਡ ਨੂੰ ਇਕੱਠਾ ਕਰਨ, ਸਾਂਭ ਸੰਭਾਲ ਅਤੇ ਅਪਡੇਟ ਕਰਨ ਵਿੱਚ ਪਟਵਾਰੀਆਂ ਦਾ ਅਹਿਮ ਰੋਲ ਹੁੰਦਾ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਫੈਸਲੇ ਨਾਲ ਮਾਲ ਵਿਭਾਗ ਦੇ ਕੰਮ ਨਿਪਟਾਉਣ ਦੀ ਗਤੀ ਵਿੱਚ ਹੋਰ ਵਧੇਰੇ ਤੇਜ਼ੀ ਅਤੇ ਕਾਰਜਕੁਸ਼ਲਤਾ ਆਉਣ ਤੋਂ ਇਲਾਵਾ ਲੋਕਾਂ ਨੂੰ ਸੇਵਾਵਾਂ ਦੇਣ ਦੀ ਵਿਵਸਥਾ ਵਿੱਚ ਵੀ ਹੋਰ ਸੁਧਾਰ ਆਵੇਗਾ। ਸਰਕਾਰ ਦੇ ਇਸ ਲੋਕ ਪੱਖੀ ਉਦਮ ਸਦਕਾ ਲੋਕਾਂ ਨੂੰ ਵੱਡੇ ਪੱਧਰ ‘ਤੇ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਮੰਤਰੀ ਮੰਡਲ ਵੱਲੋਂ 7 ਪਟਵਾਰ ਸਰਕਲਾਂ ਪਿੱਛੇ ਇਕ ਕਾਨੂੰਗੋ ਦੀ ਪੋਸਟਿੰਗ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਦੋਂ ਕਿ ਮੌਜੂਦਾ ਸਮੇਂ 10 ਪਟਵਾਰ ਸਰਕਲਾਂ ਪਿੱਛੇ ਇਕ ਕਾਨੂੰਗੋ ਤਾਇਨਾਤ ਹੈ। ਇਸ ਫੈਸਲੇ ਨਾਲ ਕਾਨੂੰਗੋ ਦੀਆਂ 34 ਨਵੀਆਂ ਅਸਾਮੀਆਂ ਬਣਨਗੀਆਂ ਇਹ ਫੈਸਲਾ ਸੂਬੇ ਵਿੱਚ ਸਮਾਜਿਕ-ਆਰਥਿਕ ਤਬਦੀਲੀਆਂ ਕਾਰਨ ਫੀਲਡ ਵਿੱਚ ਤਾਇਨਾਤ ਕਾਨੂੰਗੋਆਂ ਦੇ ਵਧੇ ਕੰਮ ਨੂੰ ਵੀ ਘਟਾਏਗਾ।
ਗੈਰ ਖੇਤੀਬਾੜੀ ਮੰਤਵ ਲਈ ਵਰਤੇ ਜਾਂਦੇ ਦਰਿਆਈ/ਨਹਿਰੀ ਪਾਣੀ ਦੀਆਂ ਕੀਮਤਾਂ ‘ਤੇ ਮੁੜ ਵਿਚਾਰ ਦਾ ਫੈਸਲਾ
ਮਾਲੀਏ ਨੂੰ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਤੋਂ ਬਿਨਾਂ ਹੋਰਨਾਂ ਮੰਤਵਾਂ ਲਈ ਵਰਤੇ ਜਾਂਦੇ ਦਰਿਆਵੀ/ਨਹਿਰੀ ਪਾਣੀ ਦੀਆਂ ਕੀਮਤਾਂ ਸੋਧਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਸਤਾਵਿਤ ਕੀਮਤਾਂ ਗੁਆਂਢੀ ਸੂਬੇ ਹਰਿਆਣਾ ਦੇ ਬਰਾਬਰ ਹੋਣਗੀਆਂ ਤੇ ਇਨ੍ਹਾਂ ਸੋਧਾਂ ਨਾਲ ਮਾਲੀਏ ‘ਚ ਵੀ ਵਾਧਾ ਹੋਵਗੇ। ਇਸ ਵੇਲੇ ਜੋ 24 ਕਰੋੜ ਰੁਪਏ ਪ੍ਰਤੀ ਸਾਲ ਮਾਲੀਆ ਇਕੱਠਾ ਹੁੰਦਾ ਹੈ
ਪ੍ਰਸਤਾਵਿਤ ਵਾਧੇ ਨਾਲ ਇਹ ਮਾਲੀਆ ਵਧ ਕੇ 319 ਕਰੋੜ ਰੁਪਏ ਪ੍ਰਤੀ ਸਾਲ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਜਲ ਸਰੋਤ ਵਿਭਾਗ ਸਿੰਜਾਈ ਤੋਂ ਇਲਾਵਾ ਵੱਖ-ਵੱਖ ਅਦਾਰਿਆਂ ਜਿਵੇਂ ਕਿ ਥਰਮਲ ਪਾਵਰ ਪਲਾਂਟ, ਉਦਯੋਗਾਂ, ਨਗਰ ਨਿਗਮਾਂ ਨੂੰ ਦਰਿਆਵਾਂ ਅਤੇ ਨਹਿਰਾਂ ਰਾਹੀਂ ਥੋਕ ਵਿੱਚ ਪਾਣੀ ਦੀ ਸਪਲਾਈ ਕਰਦਾ ਹੈ। ਇਸੇ ਤਰਾਂ ਪੀਣ ਵਾਲੇ ਪਾਣੀ ਤੇ ਬੋਤਲਬੰਦ ਪਾਣੀ ਉਦਯੋਗ, ਪੀਣ ਵਾਲੇ ਪਾਣੀ ਦੀ ਸਪਲਾਈ (ਸਮੇਤ ਰੇਲਵੇ ਤੇ ਸੈਨਾ), ਮੱਛੀ ਤਲਾਬ, ਇੱਟਾਂ ਬਣਾਉਣੀਆਂ ਅਤੇ ਨਿਰਮਾਣ ਲਈ ਪਾਣੀ ਦੀ ਵਰਤੋਂ ਵਾਲੇ ਪਾਣੀ ਦੀ ਥੋਕ ਵਿੱਚ ਕੰਮ ਕਰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।