ਤਿੰਨ ਰੋਜ਼ਾ ਅਥਲੈਟਿਕਸ ਅਤੇ ਰੋਲਰ ਸਕੇਟਿੰਗ ਮੁਕਾਬਲਿਆਂ ‘ਚ ਹਿੱਸਾ ਲੈਣਗੇ ਵੱਡੀ ਗਿਣਤੀ ਖਿਡਾਰੀ
ਸੰਗਰੂਰ(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) | ਖੇਡਾਂ ਦੇ ਖੇਤਰ ਵਿੱਚ ਖਿਡਾਰੀਆਂ ਨੂੰ ਮਿਆਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਅੰਦਰ ਵੱਡੇ ਪੈਮਾਨੇ ‘ਤੇ ਕਾਰਜ ਕੀਤੇ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਵਾਰ ਹੀਰੋਜ਼ ਸਟੇਡੀਅਮ ਵਿਖੇ ਪੰਜਾਬ ਰਾਜ ਖੇਡਾਂ ਲੜਕੇ ਅਤੇ ਲੜਕੀਆਂ (ਅੰਡਰ 14) ਦੀ ਸ਼ੁਰੂਆਤ ਕਰਨ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਇਨ੍ਹਾਂ ਖੇਡਾਂ ਤਹਿਤ ਅਥਲੈਟਿਕਸ ਅਤੇ ਰੋਲਰ ਸਕੇਟਿੰਗ ਦੇ ਮੁਕਾਬਲੇ ਸ਼ੁਰੂ ਹੋਏ ਹਨ ਜੋ ਕਿ 17 ਜਨਵਰੀ ਤੱਕ ਜਾਰੀ ਰਹਿਣਗੇ।ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਵਾਰ ਹੀਰੋਜ਼ ਸਟੇਡੀਅਮ ਵਿਖੇ ਬਣੇ ਸਿੰਥੈਟਿਕ ਟਰੈਕ ‘ਤੇ ਅਥਲੈਟਿਕ ਦੇ ਖਿਡਾਰੀ ਉੱਚ ਦਰਜੇ ਦੀ ਸਿਖਲਾਈ ਹਾਸਿਲ ਕਰਕੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਕਰੀਬ 7.50 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੇ ਅਤਿ ਆਧੁਨਿਕ ਮਲਟੀਪਰਪਜ਼ ਖੇਡ ਕੰਪਲੈਕਸ਼ ਦੀ ਉਸਾਰੀ ਦਾ ਕੰਮ ਅਗਲੇ ਸਾਲ ਤੱਕ ਮੁਕੰਮਲ ਹੋ ਜਾਵੇਗਾ ਜਿਸਦਾ ਜ਼ਿਲ੍ਹੇ ਦੇ ਖਿਡਾਰੀਆਂ ਤੋਂ ਇਲਾਵਾ ਵੱਖ-ਵੱਖ ਰਾਜਾਂ ਤੋਂ ਖੇਡ ਮੁਕਾਬਲਿਆਂ ਲਈ ਆਉਣ ਵਾਲੇ ਖਿਡਾਰੀ ਵੀ ਲਾਭ ਲੈ ਸਕਣਗੇ।
ਉਨ੍ਹਾਂ ਕਿਹਾ ਕਿ ਖੇਡ ਸਟੇਡੀਅਮ ਤੱਕ ਪਹੁੰਚ ਕਰਨ ਲਈ ਸਟੇਡੀਅਮ ਨੂੰ ਜਲਦੀ 100 ਫੁੱਟ ਚੌੜੀ ਸੜਕ ਨਾਲ ਜੋੜਿਆ ਜਾਵੇਗਾ, ਜਿਸਦੇ ਨਾਲ ਸਟੇਡੀਅਮ ਦੇ ਆਲੇ-ਦੁਆਲੇ ਪਾਰਕਿੰਗ ਦੀ ਸਮੱਸਿਆ ਵੀ ਹੱਲ ਹੋਵੇਗੀ ਅਤੇ ਬਜ਼ਾਰ ਦੇ ਰਸਤੇ ਸਟੇਡੀਅਮ ਤੱਕ ਪਹੁੰਚ ਕਰਨ ਦੀ ਵੀ ਲੋੜ ਨਹੀਂ ਪਵੇਗੀ। ਉਨ੍ਹਾਂ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਖੇਡਾਂ ਅੰਦਰ ਚੰਗਾ ਮੁਕਾਮ ਹਾਸਿਲ ਕਰਕੇ ਆਪਣੇ ਸੂਬੇ, ਸਕੂਲ ਅਤੇ ਖੇਤਰ ਦਾ ਨਾਮ ਰੌਸ਼ਨ ਕਰਨ ਲਈ ਸੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਥਲੈਟਿਕਸ ਦੀਆਂ ਖਿਡਾਰਣਾਂ ਵੱਲੋਂ 600 ਮੀਟਰ ਦੌੜ ਲਗਾਈ ਗਈ, ਜਿਸ ਵਿੱਚ ਕਰਨਦੀਪ ਕੌਰ ਤਰਨਤਾਰਨ ਨੇ ਪਹਿਲਾ, ਪੂਜਾ ਹੁਸ਼ਿਆਰਪੁਰ ਨੇ ਦੂਸਰਾ ਅਤੇ ਮਨਦੀਪ ਕੌਰ ਬਠਿੰਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਸੰਗਰੂਰ ਦੀਆਂ ਲੜਕੀਆਂ ਨੇ ਸਵਾਗਤੀ ਗੀਤ ਪੇਸ਼ ਕੀਤਾ ਅਤੇ ਰੋਲਰ ਸਕੇਟਿੰਗ ਦੀ ਹਰਸ਼ਰਨ ਕੌਰ ਨੇ ਸਮੂਹ ਖਿਡਾਰਣਾਂ ਵੱਲੋਂ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਦੀ ਸਹੁੰ ਚੁਕਾਈ।ਇਸ ਮੌਕੇ ਅਵਿਕੇਸ ਗੁਪਤਾ ਐਸ.ਡੀ.ਐੱਮ. ਸੰਗਰੂਰ, ਸਤਪਾਲ ਸਰਮਾ ਡੀਐਸਪੀ, ਯੋਗਰਾਜ ਜਿਲ੍ਹਾ ਖੇਡ ਅਫਸਰ ਸੰਗਰੂਰ, ਅਨਿਲ ਕੁਮਾਰ ਘੀਚਾ ਸੀਨੀਅਰ ਕਾਂਗਰਸੀ ਆਗੂਆਂ ਤੋਂ ਇਲਾਵਾ ਖੇਡ ਵਿਭਾਗ ਦੇ ਸਮੂਹ ਕੋਚ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ