
ਸੁਨਾਮ ਵਿਖੇ ਬਣ ਰਹੇ ਨਵੇਂ ਤਹਿਸੀਲ ਕੰਪਲੈਕਸ, ਬੱਸ ਸਟੈਂਡ, ਸਕੂਲ, ਇਨਡੋਰ ਸਪੋਰਟਸ ਕੰਪਲੈਕਸ ਅਤੇ ਸ਼ਹੀਦ ਊਧਮ ਸਿੰਘ ਕਾਲਜ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਿਆ ਜਾਇਜ਼ਾ
- ਵਿਕਾਸ ਕਾਰਜਾਂ ‘ਤੇ ਖਰਚੇ ਜਾ ਰਹੇ ਨੇ ਕਰੀਬ 85 ਕਰੋੜ ਰੁਪਏ, ਕੰਮ ਜੰਗੀ ਪੱਧਰ ਉੱਤੇ ਜਾਰੀ
Sunam Development Projects: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸ਼ਹੀਦ ਊਧਮ ਸਿੰਘ ਦੀ ਧਰਤੀ, ਸੁਨਾਮ ਊਧਮ ਸਿੰਘ ਵਾਲਾ ਨੂੰ ਅਤਿ ਆਧੁਨਿਕ ਸ਼ਹਿਰਾਂ ਦੀ ਗਿਣਤੀ ਵਿੱਚ ਸ਼ੁਮਾਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਦਿਨ-ਰਾਤ ਇੱਕ ਕਰ ਕੇ ਕੰਮ ਕੀਤਾ ਕੀਤਾ ਜਾ ਰਿਹਾ ਹੈ ਤੇ ਸੁਨਾਮ ਸ਼ਹਿਰ ਵਿੱਚ ਕਰੀਬ 85 ਕਰੋੜ ਰੁਪਏ ਦੀ ਲਾਗਤ ਨਾਲ ਵੱਖੋ-ਵੱਖ ਵਿਕਾਸ ਕਾਰਜਾਂ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਇਹਨਾਂ ਪ੍ਰੋਜੈਕਟਾਂ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ। ਸ਼੍ਰੀ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਵਿੱਚ 15.32 ਕਰੋੜ ਰੁਪਏ ਦੀ ਲਾਗਤ ਨਾਲ ਤਹਿਸੀਲ ਕੰਪਲੈਕਸ ਦਾ ਅਪਗ੍ਰੇਡੇਸ਼ਨ ਪ੍ਰੋਜੈਕਟ ਸ਼ਾਮਲ ਹੈ। ਨਵੇਂ ਕੰਪਲੈਕਸ ਵਿੱਚ ਐਸ.ਡੀ.ਐਮ. ਦਫ਼ਤਰ, ਸਬ-ਰਜਿਸਟਰਾਰ ਦਫ਼ਤਰ, ਤਹਿਸੀਲਦਾਰ ਦਫ਼ਤਰ, ਖਜ਼ਾਨਾ ਦਫ਼ਤਰ, ਖੁਰਾਕ ਸਪਲਾਈ ਦਫ਼ਤਰ, ਟੈਕਸ ਦਫ਼ਤਰ, ਸਹਿਕਾਰੀ ਸਭਾ ਦਫ਼ਤਰ ਅਤੇ ਹੋਰ ਵਿਭਗਾਂ ਸਮੇਤ ਕੁੱਲ 11 ਵਿਭਾਗਾਂ ਦੇ ਦਫਤਰ ਹੋਣਗੇ, ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਇਹ ਕੰਪਲੈਕਸ ਪੰਜਾਬ ਦਾ ਪਹਿਲਾ ਅਜਿਹਾ ਤਹਿਸੀਲ ਕੰਪਲੈਕਸ ਹੋਵੇਗਾ, ਜਿਸ ਵਿੱਚ 11 ਵਿਭਾਗਾਂ ਦੇ ਦਫਤਰ ਹੋਣਗੇ। ਇਹ ਪ੍ਰਾਜੈਕਟ ਲੋਕਾਂ ਨੂੰ ਸਮਾਂਬੱਧ ਢੰਗ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰ ਕੇ ਬਹੁਤ ਲਾਭ ਪਹੁੰਚਾਏਗਾ ਅਤੇ ਨਾਲ ਹੀ ਇਹ ਲੋਕਾਂ ਨੂੰ ਆਪਣੇ ਨੇੜੇ ਪ੍ਰਸ਼ਾਸਕੀ ਸੇਵਾਵਾਂ ਹਾਸਲ ਕਰਨ ਦੀ ਸਹੂਲਤ ਦੇਵੇਗਾ, ਜਿਸ ਨਾਲ ਉਨ੍ਹਾਂ ਦਾ ਸਮਾਂ, ਪੈਸੇ ਅਤੇ ਊਰਜਾ ਬਚੇਗੀ।
15.32 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹੈ ਨਵਾਂ ਤਹਿਸੀਲ ਕੰਪਲੈਕਸ ਤੇ 13.64 ਕਰੋੜ ਰੁਪਏ ਦੀ ਲਾਗਤ ਨਾਲ ਬੱਸ ਸਟੈਂਡ
ਇਸੇ ਤਰ੍ਹਾਂ ਉਨ੍ਹਾਂ ਨੇ ਸੁਨਾਮ ਵਿੱਚ 13.64 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਸਟੈਂਡ ਦੇ ਪ੍ਰੋਜੈਕਟ ਦੀ ਸਮੀਖਿਆ ਕੀਤੀ। ਇਸ ਪ੍ਰਾਜੈਕਟ ਤਹਿਤ ਬੱਸ ਸਟੈਂਡ ਵਿੱਚ ਬੱਸ ਕਾਊਂਟਰਾਂ ਦੇ ਨਾਲ ਨਾਲ ਇੱਕ ਸ਼ਾਪਿੰਗ ਕੰਪਲੈਕਸ ਵੀ ਸ਼ਾਮਲ ਹੋਵੇਗਾ। ਸੁਨਾਮ ਵਿਖੇ ਕਰੀਬ 08.20 ਕਰੋੜ ਰੁਪਏ ਦੀ ਲਾਗਤ ਨਾਲ ਕੁੜੀਆਂ ਦੇ ਨਵੇਂ ਬਣਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰੋਜੈਕਟ ਦੀ ਵੀ ਸ਼੍ਰੀ ਅਰੋੜਾ ਨੇ ਸਮੀਖਿਆ ਕੀਤੀ।
ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਵਿਕਾਸ ਕਾਰਜਾਂ ‘ਤੇ ਖਰਚੇ ਜਾ ਰਹੇ ਨੇ ਕਰੀਬ 20.78 ਕਰੋੜ ਰੁਪਏ ਅਤੇ ਇਨਡੋਰ ਸਪੋਰਟਸ ਕੰਪਲੈਕਸ ‘ਤੇ ਕਰੀਬ 18.95 ਕਰੋੜ ਰੁਪਏ
ਸੁਨਾਮ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 18.95 ਕਰੋੜ ਰੁਪਏ ਦੀ ਲਾਗਤ ਨਾਲ ਇਨਡੋਰ ਸਪੋਰਟਸ ਕੰਪਲੈਕਸ ਬਣਾਉਣ ਬਾਬਤ ਕਾਰਵਾਈ ਜਾਰੀ ਹੈ। ਇਸ ਕੰਪਲੈਕਸ ਵਿੱਚ ਸਿੰਥੈਟਿਕ ਟਰੈਕ, ਬੈਡਮਿੰਟਨ, ਬਾਕਸਿੰਗ, ਜੂਡੋ, ਕੁਸ਼ਤੀ, ਬਾਸਕਟਬਾਲ, ਵਾਲੀਬਾਲ ਅਤੇ ਤਾਈਕਵਾਂਡੋ ਦੀਆਂ ਸਹੂਲਤਾਂ ਹੋਣਗੀਆਂ। ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਵਿਕਾਸ ਕਾਰਜਾਂ ਤਹਿਤ ਐਸਟ੍ਰੋ ਟਰਫ, ਹਾਕੀ ਗਰਾਊਂਡ, ਲੈਕਚਰ ਹਾਲ, ਲਾਇਬ੍ਰੇਰੀ, ਪ੍ਰਬੰਧਕੀ ਬਲਾਕ ਅਤੇ ਹੋਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 20.78 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਸੁਨਾਮ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ 8.49 ਕਰੋੜ ਰੁਪਏ ਦੇ ਪ੍ਰਾਜੈਕਟਾਂ ਸਬੰਧੀ ਵੀ ਕੰਮ ਜਾਰੀ ਹੈ। Sunam Development Projects

ਇਹ ਵੀ ਪੜ੍ਹੋ: Punjab Government ਦਾ ਮਜ਼ਬੂਤ ਇਰਾਦਾ : ਸਿਹਤ, ਰਾਹਤ ਅਤੇ ਮੁੜ ਉਸਾਰੀ ਵਿੱਚ ਹਰ ਦਿਨ ਪੇਸ਼ ਕੀਤੀ ਜਾ ਰਹੀ ਹੈ ਨਵੀ ਮਿਸਾ…
ਇਸ ਮੌਕੇ ਕੈਬਨਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇਹਨਾਂ ਪ੍ਰੋਜੈਕਟਾਂ ਸਬੰਧੀ ਕੰਮ ਤੈਅ ਸਮੇਂ ਵਿੱਚ ਪੂਰੇ ਕੀਤੇ ਜਾਣ। ਉਹਨਾਂ ਕਿਹਾ ਕਿ ਕੰਮ ਦੀ ਗੁਣਵੱਤਾ ਸਬੰਧੀ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸੁਨਾਮ ਦੇ ਵਿਕਾਸ ਲਈ ਬਚਨਵੱਧ ਹੈ, ਜਿੰਨਾ ਕੰਮ ਪਿਛਲੇ ਤਿੰਨ ਸਾਲਾਂ ਵਿੱਚ ਵਿਧਾਨ ਸਭਾ ਹਲਕਾ ਸੁਨਾਮ ਵਿੱਚ ਹੋਇਆ ਹੈ, ਉਨਾਂ ਕੰਮ ਇਸ ਹਲਕੇ ਦੇ ਵਿੱਚ ਪਿਛਲੇ 70 ਸਾਲ ਵਿੱਚ ਨਹੀਂ ਹੋਇਆ। ਉਹਨਾਂ ਵੱਲੋਂ ਇਸ ਇਤਿਹਾਸਕ ਹਲਕੇ ਨੂੰ ਸੂਬੇ ਵਿੱਚੋਂ ਅੱਵਲ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿ ਉਹ ਵਿਕਾਸ ਕਾਰਜਾਂ ਦੀ ਨਿਗਰਾਨੀ ਖੁਦ ਕਰਨ, ਜੇਕਰ ਕਿਤੇ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ।
ਇਸ ਮੌਕੇ ਐਕਸੀਅਨ ਲੋਕ ਨਿਰਮਾਣ ਵਿਭਾਗ ਅਜੈ ਗਰਗ,ਕੈਬਨਿਟ ਮੰਤਰੀ ਦੇ ਓ.ਐੱਸ.ਡੀ. ਅੰਮ੍ਰਿਤ ਸਿੱਧੂ, ਮੀਡੀਆ ਕੋਆਰਡੀਨੇਟਰ ਜਤਿੰਦਰ ਜੈਨ, ਬਲਾਕ ਪ੍ਰਧਾਨ ਸਾਹਿਬ ਸਿੰਘ, ਸੰਦੀਪ ਜਿੰਦਲ, ਮਨੀ ਸਰਾਓਂ, ਅਮਰੀਕ ਧਾਲੀਵਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ-ਵੱਖ ਅਹੁਦੇਦਾਰ, ਪਤਵੰਤੇ ਅਤੇ ਸ਼ਹਿਰ ਵਾਸੀ ਹਾਜ਼ਰ ਸਨ।