Deen Dayal Lado Lakshmi Yojana | ਹੁਣ 80% ਤੋਂ ਵੱਧ ਲਿਆਓ ਅੰਕ, ਮਾਂ ਨੂੰ ਮਿਲਣਗੇ 2100 ਰੁਪਏ
- 1 ਲੱਖ 80 ਹਜ਼ਾਰ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰ ਹੋਣਗੇ ਸ਼ਾਮਲ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਵੀਰਵਾਰ ਨੂੰ ਇੱਥੇ ਹੋਈ ਹਰਿਆਣਾ ਕੈਬਨਿਟ ਦੀ ਮੀਟਿੰਗ ’ਚ ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ, 2025 ਦਾ ਵਿਸਥਾਰ ਕਰਦਿਆਂ ਮਹੱਤਵਪੂਰਨ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ। ਰਾਜ ਸਰਕਾਰ ਨੇ ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਦਾ ਵਿਸਥਾਰ ਕੀਤਾ ਹੈ। ਇਸ ਅਧੀਨ ਵਰਤਮਾਨ ’ਚ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਪਰਿਵਾਰਾਂ ਦੀਆਂ ਔਰਤਾਂ ਨੂੰ 2100 ਰੁਪਏ ਦਾ ਲਾਭ ਦਿੱਤਾ ਜਾ ਰਿਹਾ ਹੈ। ਹੁਣ ਇਹ ਲਾਭ 1 ਲੱਖ 80 ਹਜ਼ਾਰ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਵੀ ਮਿਲੇਗਾ, ਬਸ਼ਰਤੇ ਉਨ੍ਹਾਂ ਮਾਵਾਂ ਨੇ ਵਿਕਸਿਤ ਭਾਰਤ ਦੀ ਦਿਸ਼ਾ ’ਚ ਕਦਮ ਵਧਾਉਂਦਿਆਂ ਬੱਚਿਆਂ ਦੀ ਸਿੱਖਿਆ ਤੇ ਵਿਕਾਸ ’ਤੇ ਧਿਆਨ ਦਿੱਤਾ ਹੋਵੇ।
ਸੋਧ ਅਧੀਨ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 1 ਲੱਖ 80 ਹਜ਼ਾਰ ਰੁਪਏ ਤੋਂ ਘੱਟ ਹੈ, ਅਜਿਹੇ ਪਰਿਵਾਰਾਂ ਦੇ ਬੱਚੇ ਜੋ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਹਨ, ਉਹ 10ਵੀਂ ਤੇ 12ਵੀਂ ਜਮਾਤ ’ਚ 80 ਫੀਸਦੀ ਤੋਂ ਵੱਧ ਨੰਬਰ ਲੈ ਕੇ ਆਉਂਦੇ ਹਨ, ਅਜਿਹੀਆਂ ਮਾਵਾਂ ਨੂੰ ਵੀ ਹੁਣ ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੱਚਿਆਂ ਦੀ ਗੁਣਵੱਤਾ ਵਾਲੀ ਸਿੱਖਿਆ ’ਤੇ ਧਿਆਨ ਦੇਣ ਦੇ ਉਦੇਸ਼ ਨਾਲ ਵੀ ਭਾਰਤ ਸਰਕਾਰ ਦੇ ਨਿਪੁੰਨ ਮਿਸ਼ਨ ਅਧੀਨ ਜਮਾਤ ਇੱਕ ਤੋਂ ਚਾਰ ਤੱਕ ਗ੍ਰੇਡ ਲੈਵਲ ਮੁਹਾਰਤ ਹਾਸਲ ਕਰਦੇ ਹਨ, ਅਜਿਹੀਆਂ ਮਾਵਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ।
Deen Dayal Lado Lakshmi Yojana
ਨਾਲ ਹੀ ਬੱਚਿਆਂ ’ਚ ਕੁਪੋਸ਼ਣ ਜਾਂ ਐਨੀਮੀਆ ਨੂੰ ਰੋਕਣ ਲਈ ਵੀ ਪਹਿਲ ਕੀਤੀ ਗਈ ਹੈ। ਇਸ ਅਧੀਨ ਪੋਸ਼ਣ ਟ੍ਰੈਕਰ ਵਿੱਚ ਕੋਈ ਬੱਚਾ ਜੋ ਕੁਪੋਸ਼ਿਤ ਜਾਂ ਐਨੀਮੀਆ ਪੀੜਤ ਸੀ, ਉਹ ਪੋਸ਼ਿਤ ਤੇ ਸਿਹਤਮੰਦ ਹੋ ਕੇ ਗ੍ਰੀਨ ਜ਼ੋਨ ’ਚ ਆ ਜਾਂਦਾ ਹੈ, ਤਾਂ ਅਜਿਹੀਆਂ ਮਾਵਾਂ ਨੂੰ ਵੀ 2100 ਰੁਪਏ ਦਾ ਲਾਭ ਪ੍ਰਦਾਨ ਕੀਤਾ ਜਾਵੇਗਾ। ਉਮਰ ਤੇ ਰਿਹਾਇਸ਼ੀ ਪ੍ਰਮਾਣ ਪੱਤਰ ਦੇ ਮਾਪਦੰਡਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹਾਲਾਂਕਿ ਉਪਰੋਕਤ ਸਾਰੀਆਂ ਸ਼੍ਰੇਣੀਆਂ ਅਧੀਨ ਇਹ ਲਾਭ ਸਿਰਫ਼ 3 ਬੱਚਿਆਂ ਤੱਕ ਹੀ ਮਿਲੇਗਾ। ਜਿਨ੍ਹਾਂ ਔਰਤਾਂ ਦੇ ਤਿੰਨ ਤੋਂ ਵੱਧ ਬੱਚੇ ਹਨ, ਉਹ ਇਸ ਸ਼੍ਰੇਣੀ ਲਈ ਅਯੋਗ ਹੋਣਗੀਆਂ।
Read Also : ਗੀਜ਼ਰ ਗੈਸ ਚੜ੍ਹਨ ਕਾਰਨ ਲੜਕੀ ਦੀ ਮੌਤ, ਅੱਜ ਸੀ ਜਨਮ ਦਿਨ
ਇਸ ਨਾਲ ਹੀ, ਔਰਤਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਰਥਿਕ ਰੂਪ ’ਚ ਮਜ਼ਬੂਤ ਬਣਾਉਣ ਲਈ ਵੀ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ। ਵਰਤਮਾਨ ’ਚ ਜੋ 2100 ਰੁਪਏ ਦੀ ਰਾਸ਼ੀ ਭੈਣ-ਬੇਟੀਆਂ ਦੇ ਖਾਤਿਆਂ ’ਚ ਜਾ ਰਹੀ ਹੈ, ਹੁਣ ਇਸ ਰਾਸ਼ੀ ਵਿੱਚੋਂ 1100 ਰੁਪਏ ਸਿੱਧੇ ਔਰਤਾਂ ਨੂੰ ਮਿਲਣਗੇ ਤੇ 1000 ਰੁਪਏ ਸਰਕਾਰ ਰੀਕਰਿੰਗ ਡਿਪਾਜ਼ਿਟ/ਫਿਕਸਡ ਡਿਪਾਜ਼ਿਟ ਕਰਵਾਏਗੀ। ਇਸ ਡਿਪਾਜ਼ਿਟ ਦਾ ਪੈਸਾ ਵਿਆਜ ਸਹਿਤ ਲਾਭਪਾਤਰੀ ਨੂੰ ਮਿਲੇਗਾ।
ਆਰਡੀ/ਐੱਫਡੀ ਦੀ ਮਿਆਦ ਸਰਕਾਰ ਵੱਲੋਂ ਨਿਰਧਾਰਤ ਕੀਤੀ ਜਾਵੇਗੀ ਜੋ ਪੰਜ ਸਾਲਾਂ ਤੋਂ ਵੱਧ ਨਹੀਂ ਹੋਵੇਗੀ। ਇਸ ਦਾ ਇੱਕ ਐੱਸਐੱਮਐੱਸ ਵੀ ਹਰ ਮਹੀਨੇ ਹਰ ਔਰਤ ਨੂੰ ਜਾਵੇਗਾ। ਲਾਭਪਾਤਰੀ ਦੀ ਬੇਵਕਤੀ ਮੌਤ ’ਤੇ ਉਸ ਦੇ ਨਾਮਜ਼ਦ ਵਿਅਕਤੀ ਨੂੰ ਇਹ ਰਾਸ਼ੀ ਤੁਰੰਤ ਪ੍ਰਦਾਨ ਕੀਤੀ ਜਾਵੇਗੀ, ਇਹ ਵੀ ਤਜਵੀਜ਼ ਕੀਤੀ ਗਈ ਹੈ। ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਅਧੀਨ ਹੁਣ ਤੱਕ 10 ਲੱਖ 255 ਔਰਤਾਂ ਨੇ ਅਰਜ਼ੀ ਦਿੱਤੀ ਹੈ। ਇਸ ’ਚੋਂ 8 ਲੱਖ ਔਰਤਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾ ਰਹੀ ਹੈ। ਹੁਣ ਤੱਕ ਸਰਕਾਰ ਨੇ ਦੋ ਕਿਸ਼ਤਾਂ ’ਚ ਲਗਭਗ 250 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ।
ਹਰਿਆਣਾ ਪੁਲਿਸ ’ਚ ਹੋਵੇਗੀ 5,500 ਕਾਂਸਟੇਬਲਾਂ ਦੀ ਭਰਤੀ
ਚੰਡੀਗੜ੍ਹ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੇ ਕਾਂਸਟੇਬਲ ਦੇ ਕੁੱਲ 5,500 ਅਸਾਮੀਆਂ ਲਈ ਸੀਈਟੀ ਪੜਾਅ-(ਦੂਜਾ) ਅਧੀਨ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਇਸ ਭਰਤੀ ਰਾਹੀਂ ਪੁਰਸ਼, ਮਹਿਲਾ ਤੇ ਹਰਿਆਣਾ ਰੇਲਵੇ ਪੁਲਿਸ ’ਚ ਕਾਂਸਟੇਬਲ ਅਸਾਮੀਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਕਮਿਸ਼ਨ ਦੀ ਨੋਟੀਫਿਕੇਸ਼ਨ ਅਨੁਸਾਰ ਭਰਤੀ ’ਚ 4,500 ਅਸਾਮੀਆਂ ਪੁਰਸ਼ ਕਾਂਸਟੇਬਲ, 600 ਅਸਾਮੀਆਂ ਮਹਿਲਾ ਕਾਂਸਟੇਬਲ ਤੇ 400 ਅਸਾਮੀਆਂ ਹਰਿਆਣਾ ਰੇਲਵੇ ਪੁਲਿਸ ਲਈ ਨਿਰਧਾਰਤ ਕੀਤੀਆਂ ਗਈਆਂ ਹਨ। ਕਮਿਸ਼ਨ ਅਨੁਸਾਰ ਆਨਲਾਈਨ ਬਿਨੈ ਪ੍ਰਕਿਰਿਆ 11 ਜਨਵਰੀ ਤੋਂ ਸ਼ੁਰੂ ਹੋਵੇਗੀ ਤੇ ਉਮੀਦਵਾਰ 25 ਜਨਵਰੀ ਤੱਕ ਬਿਨੈ ਕਰ ਸਕਣਗੇ।
ਕਿਸੇ ਵੀ ਸ਼੍ਰੇਣੀ ਦੇ ਉਮੀਦਵਾਰ ਤੋਂ ਬਿਨੈ ਫੀਸ ਨਹੀਂ ਲਈ ਜਾਵੇਗੀ। ਭਰਤੀ ਨਾਲ ਸਬੰਧਤ ਵਿਸਥਾਰਤ ਜਾਣਕਾਰੀ ਕਮਿਸ਼ਨ ਦੀ ਵੈਬਸਾਈਟ ’ਤੇ ਉਪਲੱਬਧ ਹੈ। ਬੀਸੀ-ਏ, ਬੀਸੀ-ਬੀ ਤੇ ਈਡਬਲਿਊਐੱਸ ਸ਼੍ਰੇਣੀ ਦੇ ਉਮੀਦਵਾਰਾਂ ਲਈ ਸਹਾਇਕ ਸਰਟੀਫਿਕੇਟ 1 ਅਪਰੈਲ 2025 ਤੋਂ 25 ਜਨਵਰੀ 2026 ਵਿਚਕਾਰ ਜਾਰੀ ਹੋਣਾ ਜ਼ਰੂਰੀ ਹੋਵੇਗਾ। ਡੀਐੱਸਸੀ ਤੇ ਓਐੱਸਸੀ ਸ਼੍ਰੇਣੀ ਦੇ ਉਮੀਦਵਾਰਾਂ ਦੇ ਸਰਟੀਫਿਕੇਟ 13 ਨਵੰਬਰ 2024 ਤੋਂ ਬਾਅਦ ਜਾਰੀ ਹੋਏ ਹੋਣੇ ਚਾਹੀਦੇ ਹਨ। ਸਾਬਕਾ ਫੌਜੀਆਂ ਦੇ ਪਰਿਵਾਰ ਮੈਂਬਰਾਂ ਲਈ ਯੋਗਤਾ ਸਰਟੀਫਿਕੇਟ 12 ਜਨਵਰੀ 2025 ਤੋਂ ਬਾਅਦ ਜਾਰੀ ਜਾਂ ਨਵੀਨੀਕਰਨ ਹੋਣਾ ਜ਼ਰੂਰੀ ਹੈ।
Deen Dayal Lado Lakshmi Yojana
ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਸ਼ਤਿਹਾਰ ਨੰਬਰ 14/2024 ਅਧੀਨ ਪਹਿਲਾਂ ਬਿਨੈ ਕਰ ਚੁੱਕੇ ਉਮੀਦਵਾਰਾਂ ਨੂੰ ਵੀ ਇਸ ਭਰਤੀ ਪ੍ਰਕਿਰਿਆ ਲਈ ਨਵੇਂ ਸਿਰੇ ਤੋਂ ਬਿਨੈ ਕਰਨਾ ਪਵੇਗਾ ਅਜਿਹੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਉਮਰ ’ਚ ਛੋਟ ਦਿੱਤੀ ਜਾਵੇਗੀ। ਦਾਖਲਾ ਪੱਤਰ ਡਾਊਨਲੋਡ ਕਰਨ ਦੀ ਤਾਰੀਖ ਤੇ ਪ੍ਰੀਖਿਆ ਪ੍ਰੋਗਰਾਮ ਦੇ ਐਲਾਨ ਬਾਅਦ ’ਚ ਵੱਖਰੇ ਤੌਰ ’ਤੇ ਕੀਤੀ ਜਾਵੇਗੀ। ਕਮਿਸ਼ਨ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਰਜ਼ੀ ਤੋਂ ਪਹਿਲਾਂ ਇਸ਼ਤਿਹਾਰ ’ਚ ਦਿੱਤੇ ਸਾਰੇ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹਨ ਤੇ ਅਰਜ਼ੀ ਪ੍ਰਕਿਰਿਆ ਅੰਤਿਮ ਤਾਰੀਖ ਤੋਂ ਪਹਿਲਾਂ ਪੂਰੀ ਕਰਨ। ਅਰਜ਼ੀ ਪੱਤਰ ’ਚ ਕਿਸੇ ਵੀ ਕਿਸਮ ਦੀ ਗਲਤੀ ਹੋਣ ’ਤੇ ਉਸ ਨੂੰ ਰੱਦ ਕਰ ਦਿੱਤਾ ਜਾਵੇਗਾ ਤੇ ਸੁਧਾਰ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ।














