ਮੰਤਰੀ ਮੰਡਲ ਵੱਲੋਂ ਪੰਜਾਬ ਕੋਆਪੇਰਟਿਵ ਆਡਿਟ (ਗਰੁੱਪ-ਬੀ) ਸਰਵਿਸ ਰੂਲਜ਼, 2016 ਵਿੱਚ ਸੋਧ ਨੂੰ ਪ੍ਰਵਾਨਗੀ
ਉਦੇਸ਼ ਸਹਿਕਾਰਤਾ ਵਿਭਾਗ ਦੇ ਕੰਮਕਾਜ ਵਿੱਚ ਵਧੇਰੇ ਕੁਸ਼ਲਤਾ ਨੂੰ ਯਕੀਨੀ ਬਣਾਉਣਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਕਰਮਚਾਰੀਆਂ ਦੇ ਹਿੱਤਾਂ ਅਤੇ ਸਹਿਕਾਰਤਾ ਵਿਭਾਗ ਦੇ ਕੰਮਕਾਜ ਵਿੱਚ ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਕੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਮੰਤਰੀ ਮੰਡਲ ਨੇ ਅੱਜ ਪੰਜਾਬ ਕੋਆਪੇਰਟਿਵ ਆਡਿਟ (ਗਰੁੱਪ-ਬੀ) ਸਰਵਿਸ ਰੂਲਜ਼, 2016 ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਅੱਜ ਸ਼ਾਮ ਇੱਥੇ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਅਨੁਸਾਰ ਵਿਭਾਗ ਦੇ ਪੁਨਰਗਠਨ ਕਾਰਨ ਉਪਬੰਧਾਂ ਵਿੱਚ ਕੀਤੀ ਗਈ ਸੋਧ ਨਾਲ ਆਡਿਟ ਅਫਸਰ, ਸੁਪਰਡੈਂਟ ਗ੍ਰੇਡ-2, ਸੀਨੀਅਰ ਆਡੀਟਰ, ਇੰਸਪੈਕਟਰ ਆਡਿਟ ਅਤੇ ਸੀਨੀਅਰ ਸਹਾਇਕ ਦੀਆਂ ਅਸਾਮੀਆਂ ਲਈ ਸਿੱਧੇ/ਪ੍ਰਮੋਸ਼ਨਲ ਮੌਕੇ ਪ੍ਰਦਾਨ ਹੋਣਗੇ।
ਜ਼ਿਕਰਯੋਗ ਹੈ ਕਿ ਅਫਸਰਜ਼ ਕਮੇਟੀ ਦੀ ਪ੍ਰਵਾਨਗੀ ਉਪਰੰਤ 30 ਦਸੰਬਰ 2020 ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵਿਭਾਗ ਦਾ ਪੁਨਰਗਠਨ ਕੀਤਾ ਗਿਆ ਸੀ, ਜਿਸ ਵਿੱਚ ਇੰਸਪੈਕਟਰਾਂ ਦੀਆਂ ਅਸਾਮੀਆਂ 774 ਤੋਂ ਘਟਾ ਕੇ 654, ਸੀਨੀਅਰ ਆਡੀਟਰਾਂ ਦੀਆਂ ਅਸਾਮੀਆਂ 32 ਤੋਂ ਵਧਾ ਕੇ 107 ਕਰ ਦਿੱਤੀਆਂ ਗਈਆਂ ਸਨ। ਇਸੇ ਤਰਾਂ ਪੰਜਾਬ ਸਰਕਾਰ ਵੱਲੋਂ 29 ਅਪ੍ਰੈਲ, 2021 ਨੂੰ ਜਾਰੀ ਹੁਕਮਾਂ ਦੀ ਪ੍ਰਵਾਨਗੀ ਉਪਰੰਤ ਆਡਿਟ ਅਫ਼ਸਰ ਦੀਆਂ ਅਸਾਮੀਆਂ 22 ਤੋਂ ਵਧਾ ਕੇ 24 ਅਤੇ ਸੁਪਰਡੈਂਟ ਗਰੇਡ-2 ਦੀਆਂ ਅਸਾਮੀਆਂ 16 ਤੋਂ ਵਧਾ ਕੇ 22 ਅਤੇ ਸੀਨੀਅਰ ਸਹਾਇਕ ਦੀਆਂ ਅਸਾਮੀਆਂ 24 ਤੋਂ ਵਧਾ ਕੇ 34 ਕਰ ਦਿੱਤੀਆਂ ਗਈਆਂ ਹਨ।
ਐਸ.ਬੀ.ਐਸ.ਨਗਰ ਵਿੱਚ ਔੜ ਨੂੰ ਸਬ-ਤਹਿਸੀਲ ਬਣਾਉਣ ਨੂੰ ਦਿੱਤੀ ਪ੍ਰਵਾਨਗੀ
ਆਮ ਲੋਕਾਂ, ਜਿਨਾਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਕਰਵਾਉਣ ਲਈ ਲੰਬੀ ਦੂਰੀ ਤੈਅ ਕਰਕੇ ਤਹਿਸੀਲ ਨਵਾਂਸਹਿਰ ਜਾਣਾ ਪੈਂਦਾ ਹੈ, ਦੀ ਸਹੂਲਤ ਅਤੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਮੰਤਰੀ ਮੰਡਲ ਨੇ ਔੜ ਕਸਬੇ ਨੂੰ ਸਬ-ਤਹਿਸੀਲ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ, ਜੋ ਕਿ ਮੌਜੂਦਾ ਸਮੇਂ ਤਹਿਸੀਲ/ਸਬ-ਡਵੀਜਨ ਨਵਾਂਸ਼ਹਿਰ ਦਾ ਹਿੱਸਾ ਹੈ। ਔੜ ਦੀ ਨਵੀਂ ਸਬ-ਤਹਿਸੀਲ ਵਿੱਚ 2 ਕਾਨੂੰਗੋ ਸਰਕਲ, 18 ਪਟਵਾਰ ਸਰਕਲ ਅਤੇ 41 ਪਿੰਡ ਸ਼ਾਮਲ ਹੋਣਗੇ ਜੋ ਕੁੱਲ 11,171 ਹੈਕਟੇਅਰ ਰਕਬੇ ਵਿੱਚ ਫੈਲੇ ਹੋਣਗੇ। ਇਸ ਤੋਂ ਇਲਾਵਾ, ਨਵੀਂ ਬਣੀ ਸਬ-ਤਹਿਸੀਲ ਲਈ ਨਾਇਬ-ਤਹਿਸੀਲਦਾਰ ਦੀ ਇੱਕ ਅਸਾਮੀ, ਕਲਰਕ ਅਤੇ ਚਪੜਾਸੀ ਦੀਆਂ 3-3 ਅਸਾਮੀਆਂ ਤੋਂ ਇਲਾਵਾ ਚਪੜਾਸੀ-ਕਮ-ਮਾਲੀ ਦੀ ਇੱਕ ਅਸਾਮੀ ਸਮੇਤ ਲੋੜੀਂਦੇ ਸਟਾਫ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ