ਪਰਿਵਾਰ ਦੇ ਚਾਰ ਜੀਆਂ ਦਾ ਦੋ ਚਿਖਾਵਾਂ ‘ਚ ਹੋਇਆ ਅੰਤਿਮ ਸਸਕਾਰ
ਬਾਘਾ ਪੁਰਾਣਾ (ਬਲਜਿੰਦਰ ਭੱਲਾ) ਘਰ ਦੇ ਹੀ ਇਕਲੌਤੇ ਪੁੱਤਰ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪਰਿਵਾਰ ਦੇ ਜੀਆਂ ਜਿਸ ਵਿੱਚ ਉਸ ਦੀ ਦਾਦੀ ਗੁਰਦੀਪ ਕੌਰ (80), ਪਿਤਾ ਮਨਜੀਤ ਸਿੰਘ (60), ਮਾਤਾ ਬਿੰਦਰ ਕੌਰ (58) ਤੇ ਸੰਦੀਪ ਸਿੰਘ (26) ਦਾ ਅੰਤਿਮ ਸਸਕਾਰ ਅੱਜ ਸਥਾਨਕ ਕਸਬੇ ਨੱਥੂਵਾਲਾ ਗਰਬੀ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਇਸ ਮੌਕੇ ਇਲਾਕੇ ਦੇ ਲੋਕ, ਰਿਸ਼ਤੇਦਾਰ ਵੱਡੀ ਗਿਣਤੀ ‘ਚ ਹਾਜ਼ਰ ਸਨ ਇਸ ਕਲਤ ਕਾਂਡ ਤੋਂ ਬਾਅਦ ਮ੍ਰਿਤਕ ਸਰੀਰਾਂ ਦੇ ਪੋਸਟਮਾਰਟਮ ਤੋਂ ਬਾਅਦ ਸੰਭਾਲ ਘਰ ਸਿੰਘਵਾਲਾ ਵਿਖੇ ਰੱਖੇ ਗਏ ਸਨ, ਜਿਨ੍ਹਾਂ ਨੂੰ ਮ੍ਰਿਤਕ ਸੰਦੀਪ ਸਿੰਘ ਦੀ ਛੋਟੀ ਭੈਣ ਅਮਰਜੀਤ ਕੌਰ ਪਤਨੀ ਇੰਦਰਦੀਪ ਸਿੰਘ ਵਾਸੀ ਈਸੇਵਾਲ (ਲੁਧਿਆਣਾ) ਤੇ ਭੂਆ ਪਰਮਜੀਤ ਕੌਰ ਪਤਨੀ ਹਰਪਾਲ ਸਿੰਘ ਵਾਸੀ ਗੋਰਸੀਆਂ (ਲੁਧਿਆਣਾ) ਦੇ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਘਰ ਲਿਆਂਦਾ ਗਿਆ ਤੇ ਅੰਤਿਮ ਦਰਸ਼ਨਾਂ ਵਾਸਤੇ ਰੱਖਿਆ ਗਿਆ
ਅੰਤਿਮ ਸਸਕਾਰ ਤੋਂ ਪਹਿਲਾਂ ਸੰਦੀਪ ਸਿੰਘ ਦੀ ਭੈਣ ਅਮਰਜੀਤ ਕੌਰ ਨੇ ਆਪਣੇ ਭਰਾ ਦੇ ਸਿਹਰਾ ਬੰਨ੍ਹਿਆ ਤੇ ਸੰਦੀਪ ਦੀ ਭੂਆ ਪਰਮਜੀਤ ਕੌਰ ਨੇ ਆਪਣੇ ਭਰਾ ਮਨਜੀਤ ਸਿੰਘ (ਸੰਦੀਪ ਦਾ ਪਿਤਾ) ਦੇ ਗੁੱਟ ‘ਤੇ ਰੱਖੜੀ ਬੰਨ੍ਹੀ ਇਹ ਪਲ ਬਹੁਤ ਹੀ ਗਮਗੀਨ ਭਰੇ ਸਨ ਤੇ ਹਰ ਕੋਈ ਅੱਥਰੂ ਕੇਰ ਰਿਹਾ ਸੀ ਸੰਦੀਪ ਅਤੇ ਉਸ ਦੇ ਪਿਤਾ ਮਨਜੀਤ ਸਿੰਘ ਨੂੰ ਇੱਕ ਚਿਖਾ ‘ਚ ਲਿਟਾਇਆ ਗਿਆ ਤੇ ਦੂਸਰੀ ਚਿਖਾ ‘ਚ ਉਸ ਦੀ ਮਾਤਾ ਤੇ ਦਾਦੀ ਨੂੰ ਰੱਖਿਆ ਗਿਆ ਚਿਖਾ ਨੂੰ ਅਗਨੀ ਦਿਖਾਉਣ ਦੀ ਰਸਮ ਉਸ ਦੇ ਆਂਢ-ਗੁਆਂਢ ਦੇ ਨੌਜਵਾਨਾਂ, ਉਸਦੇ ਦੋਸਤਾਂ ਨੇ ਦਿਖਾਈ ਪਰਿਵਾਰ ਦੇ ਚਾਰ ਜੀਆਂ ਦਾ, ਦੋ ਚਿਖਾਵਾਂ ‘ਚ ਹੋਏ ਸਸਕਾਰ ਸਮੇਂ ਮਹੌਲ ਇਨ੍ਹਾਂ ਗਮਗੀਨ ਸੀ
ਕਿ ਹਰ ਹਾਜ਼ਰ ਇਨਸਾਨ ਅੱਥਰੂ ਵਹਾ ਰਿਹਾ ਸੀ ਅੰਤਿਮ ਸਸਕਾਰ ਸਮੇਂ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਲੋਕਾਂ ਨੇ ਸ਼ਰਧਾਂਜਲੀ ਦਿੱਤੀ ਇਸ ਮੌਕੇ ਕਾਂਗਰਸ ਪਾਰਟੀ ਦੇ ਬੁਲਾਰੇ ਕੰਵਲਜੀਤ ਸਿੰਘ ਬਰਾੜ, ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ, ਸੂਬੇਦਾਰ ਗੁਰਬਚਨ ਸਿੰਘ ਬਾਘਾਪੁਰਾਣਾ, ਸਾਬਕਾ ਐੱਸਪੀ ਹਰਜੀਤ ਸਿੰਘ ਬਰਾੜ, ਗੁਰਬਿੰਦਰ ਸਿੰਘ ਕੰਗ, ਗੁਰਤੇਜ ਸਿੰਘ ਬਰਾੜ, ਸਰਪੰਚ ਜਸਵੀਰ ਸਿੰਘ ਸੀਰਾ ਪ੍ਰਧਾਨ, ਸਰਪੰਚ ਗੁਰਮੇਲ ਸਿੰਘ, ਸਰਪੰਚ ਜੱਜ ਸਿੰਘ, ਜਗਸੀਰ ਸਿੰਘ ਬਾਬਾ, ਸਰਪੰਚ ਗੁਰਮੀਤ ਸਿੰਘ, ਕਰਨੈਲ ਸਿੰਘ ਰਿਟਾਇਰਡ ਮੈਨੇਜਰ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।
ਵਿਆਹ ਸਬੰਧੀ ਖੁਸ਼ ਸੀ ਸੰਦੀਪ ਸਿੰਘ
ਮ੍ਰਿਤਕ ਸੰਦੀਪ ਸਿੰਘ ਸੰਨੀ ਦੀ ਭੈਣ ਅਮਰਜੀਤ ਕੌਰ ਨੇ ਪੱਤਰਕਾਰਾਂ ਨੂੰ ਭਰੇ ਮਨ ਨਾਲ ਦੱਸਿਆ ਕਿ ਸੰਦੀਪ ਹਸਮੁਖ ਸੀ ਤੇ 4 ਅਪਰੈਲ ਨੂੰ ਉਹ ਉਸਨੂੰ ਕੈਨੇਡਾ ਲਈ ਏਅਰਪੋਰਟ ‘ਤੇ ਛੱਡ ਕੇ ਆਇਆ ਸੀ। ਵਿਆਹ ਨੂੰ ਲੈ ਕੇ ਉਹ ਪੂਰਾ ਖੁਸ਼ ਸੀ। ਉਸ ਨੇ ਕਦੇ ਵੀ ਅਜਿਹੀ ਗੱਲਬਾਤ ਸਾਡੇ ਨਾਲ ਅਤੇ ਪਰਿਵਾਰ ਨਾਲ ਨਹੀਂ ਕੀਤੀ। ਉਸ ਦੀ ਉਸ ਨਾਲ ਗੱਲਬਾਤ ਵੀ ਹੁੰਦੀ ਸੀ ਪ੍ਰੰਤੂ ਸਾਰਾ ਕੁਝ ਆਮ ਹੀ ਸੀ। ਜੋ ਸਾਡੀ ਜਮੀਨ ਦੀ ਅਦਲਾ ਬਦਲੀ ਹੋਈ ਸੀ ਉਹ ਸੰਦੀਪ ਦੇ ਜਨਮ ਤੋਂ ਪਹਿਲਾਂ ਹੋਈ ਸੀ। ਉਹ ਉਸ ਨਾਲ ਦਿਲ ਦੀਆਂ ਗੱਲਾਂ ਖੁੱਲ੍ਹ ਕੇ ਕਰ ਲੈਂਦਾ ਸੀ। ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ ਉਸ ਨੇ ਸਾਡੀ ਸਾਰਿਆਂ ਦੀ ਹੱਸਦੀ ਵੱਸਦੀ ਜ਼ਿੰਦਗੀ ਖਤਮ ਕਰ ਦਿੱਤੀ। ਚਿੱਠੀ ‘ਚ ਜੋ ਲਿਖਿਆ ਉਸ ਬਾਬਤ ਉਸ ਨੇ ਕਦੇ ਵੀ ਕਿਸੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ।