ਖੇਡ ਰਹੇ ਬੱਚਿਆਂ ’ਚੋਂ ਕਿਸੇ ਬੱਚੇ ਨੇ ਮਨਦੀਪ ਦੀ ਸੱਜੀ ਅੱਖ ’ਚ ਤੀਰ ਮਾਰ ਦਿੱਤਾ ਸੀ
Saint Dr MSG: 13 ਮਾਰਚ 1993 ਦੀ ਗੱਲ ਹੈ ਉਸ ਸਮੇਂ ਮੇਰਾ ਲੜਕਾ ਮਨਦੀਪ ਸਿੰਘ ਲੱਗਭੱਗ ਚਾਰ ਸਾਲ ਦਾ ਸੀ। ਖੇਡ ਰਹੇ ਬੱਚਿਆਂ ’ਚੋਂ ਕਿਸੇ ਬੱਚੇ ਨੇ ਮਨਦੀਪ ਦੀ ਸੱਜੀ ਅੱਖ ’ਚ ਤੀਰ ਮਾਰ ਦਿੱਤਾ, ਜਿਸ ਨਾਲ ਬੱਚੇ ਦੀ ਅੱਖ ਦਾ ਡੇਲਾ ਦੁਫਾੜ ਹੋ ਗਿਆ ਬੱਚੇ ਨੂੰ ਉਸੇ ਸਮੇਂ ਦਿਸਣਾ ਬੰਦ ਹੋ ਗਿਆ ਅਤੇ ਦਰਦ ਨਾਲ ਉਸ ਦਾ ਬੁਰਾ ਹਾਲ ਹੋ ਗਿਆ ਅਸੀਂ ਬੱਚੇ ਨੂੰ ਪਿੰਡ ਦੇ ਡਾਕਟਰ ਕੋਲ ਦਿਖਾਇਆ ਉਸ ਨੇ ਅੱਖ ’ਚ ਦਵਾਈ ਪਾ ਕੇ ਕਿਹਾ ਕਿ ਇਸ ਨੂੰ ਸ਼ਹਿਰ ਲੈ ਜਾਓ ਉਸ ਤੋਂ ਬਾਅਦ ਅਸੀਂ ਮਨਦੀਪ ਨੂੰ ਫਾਜ਼ਿਲਕਾ ਸ਼ਹਿਰ ਲੈ ਗਏ ਸ਼ਹਿਰ ’ਚ ਇੱਕ ਨੇਤਰ ਮਾਹਿਰ ਨੂੰ ਦਿਖਾਇਆ ਤਾਂ ਉਸ ਨੇ ਅੱਖ ਦੀ ਹਾਲਤ ਦੇਖ ਕੇ ਆਪਣੀ ਅਸਮਰੱਥਾ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਅੱਖ ਕਦੇ ਵੀ ਠੀਕ ਨਹੀਂ ਹੋ ਸਕਦੀ।
ਇਸ ਦੇ ਪੱਥਰ ਦਾ ਆਨਾ (ਅੱਖ ਦਾ ਅੰਦਰੂਨੀ ਹਿੱਸਾ) ਪਵਾਉਣਾ ਪਵੇਗਾ ਇਸ ਨੂੰ ਕਿਸੇ ਵੱਡੇ ਸ਼ਹਿਰ ਪਟਿਆਲਾ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ’ਚ ਦਿਖਾ ਲਵੋ! ਮੈਨੂੰ ਆਪਣੇ ਪਿਆਰੇ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਇੰਨਾ ਵਿਸ਼ਵਾਸ ਸੀ ਕਿ ਡਾਕਟਰ ਚਾਹੇ ਕੁਝ ਵੀ ਕਹੇ, ਪਰ ਪਿਤਾ ਜੀ ਮੇਰੇ ਬੱਚੇ ਦੀ ਅੱਖ ਜ਼ਰੂਰ ਠੀਕ ਕਰ ਦੇਣਗੇ।
ਇਹ ਵੀ ਪੜ੍ਹੋ: Shah Satnam Ji Specialty Hospital: ਡੇਂਗੂ ਪੀੜਤਾਂ ਲਈ ਵਰਦਾਨ ਸਾਬਿਤ ਹੋ ਰਿਹੈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ
ਮੈਂ ਪਿਆਰੇ ਸਤਿਗੁਰੂ ਜੀ ਦਾ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾਇਆ ਅਤੇ ਬੱਚੇ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚੱਲ ਪਿਆ ਇਹ ਸੋਚ ਕੇ ਕਿ ਉੱਥੇ ਅੱਖਾਂ ਦੇ ਵੱਡੇ-ਵੱਡੇ ਡਾਕਟਰ ਹਨ ਉਹ ਜ਼ਰੂਰ ਮੇਰੇ ਬੱਚੇ ਦੀ ਅੱਖ ਠੀਕ ਕਰ ਦੇਣਗੇ ਉੱਥੇ ਪਹੁੰਚ ਕੇ ਅਸੀਂ ਅੱਖਾਂ ਦੇ ਤਿੰਨ ਮਾਹਿਰਾਂ ਤੋਂ ਜਾਂਚ ਕਰਵਾਈ, ਪਰ ਉਨ੍ਹਾਂ ਨੇ ਵੀ ਜਵਾਬ ਦੇ ਦਿੱਤਾ ਹਾਲਾਂਕਿ ਉਨ੍ਹਾਂ ’ਚੋਂ ਇੱਕ ਵੱਡੇ ਡਾਕਟਰ ਨੇ ਕਿਹਾ ਕਿ ਵੱਡਾ ਆਪ੍ਰੇਸ਼ਨ ਕਰਨਾ ਪਵੇਗਾ,
ਪਰ ਨਜ਼ਰ ਠੀਕ ਹੋਣ ਦੀ ਕੋਈ ਗਰੰਟੀ ਨਹੀਂ ਹੈ ਸ਼ਾਇਦ ਦਸ ਪੈਸੇ ਨਜ਼ਰ ਠੀਕ ਹੋ ਜਾਵੇ ਪਰ ਮੇਰੇ ਮਨ ਨੂੰ ਤਸੱਲੀ ਨਾ ਮਿਲੀ ਮੈਂ ਆਪਣੇ ਬੱਚੇ ਨੂੰ ਉੱਥੋਂ ਡੇਰਾ ਸੱਚਾ ਸੌਦਾ ਸਰਸਾ ਲੈ ਆਇਆ। ਦਰਬਾਰ ’ਚ ਪੂਜਨੀਕ ਹਜ਼ੂਰ ਪਿਤਾ ਜੀ ਦੇ ਦਰਸ਼ਨ ਕੀਤੇ ਅਤੇ ਬੱਚੇ ਨੂੰ ਵੀ ਦਰਸ਼ਨ ਕਰਵਾਏ ਮਨ ਅੰਦਰ ਹੀ ਮੈਂ ਆਪਣੇ ਪਿਆਰੇ ਸਤਿਗੁਰੂ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਅਰਦਾਸ ਕੀਤੀ ਕਿ ਬੱਚੇ ਦੀ ਅੱਖ ਆਪ ਜੀ ਹੀ ਠੀਕ ਕਰ ਸਕਦੇ ਹੋ ਜੀ, ਨਹੀਂ ਤਾਂ ਦੁਨੀਆਦਾਰੀ ਦੇ ਡਾਕਟਰਾਂ ਵੱਲੋਂ ਤਾਂ ਜਵਾਬ ਹੀ ਹੈ।
ਉਸ ਰਾਤ ਸ਼ਾਹ ਮਸਤਾਨਾ ਜੀ ਧਾਮ ’ਚ ਰਹੇ ਉਸ ਰਾਤ ਮੈਨੂੰ ਸੁਫ਼ਨਾ ਆਇਆ ਜਿਵੇਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਡਾਕਟਰ ਬਣ ਕੇ ਸ਼ਾਹ ਮਸਤਾਨਾ ਜੀ ਧਾਮ ’ਚ ਬਾਗ ਵੱਲ ਜਾਣ ਵਾਲੇ ਰਾਹ ’ਤੇ ਇੱਕ ਤਖਤਪੋਸ਼ ’ਤੇ ਲਿਟਾ ਕੇ ਮੇਰੇ ਬੱਚੇ ਦੀ ਅੱਖ ਦਾ ਆਪ੍ਰੇਸ਼ਨ ਕਰ ਦਿੱਤਾ ਹੋਵੇ। ਅਗਲੀ ਸਵੇਰ ਜਦੋਂ ਮੈਂ ਉੱਠਿਆ ਤਾਂ ਮੈਨੂੰ ਯਕੀਨ ਹੋ ਗਿਆ ਕਿ ਪੂਜਨੀਕ ਗੁਰੂ ਜੀ ਨੇ ਮੇਰੇ ਬੱਚੇ ਦਾ ਕਰਮ ਖੁਦ ਚੁੱਕ ਲਿਆ ਹੈ।
ਪਿਆਰੇ ਸਤਿਗੁਰੂ ਜੀ ਦੀ ਰਹਿਮਤ ਦਾ ਕਮਾਲ
ਹੁਣ ਬੱਚਾ ਜ਼ਲਦੀ ਹੀ ਠੀਕ ਹੋ ਜਾਵੇਗਾ। ਮੈਂ ਆਪਣੇ ਬੇਟੇ ਦੀ ਅੱਖ ਦਾ ਆਪ੍ਰੇਸ਼ਨ ਕਰਵਾਉਣ ਲਈ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚੱਲ ਪਿਆ। ਪਿਆਰੇ ਸਤਿਗੁਰੂ ਜੀ ਦੀ ਅਜਿਹੀ ਰਹਿਮਤ ਹੋਈ ਕਿ ਬੱਚੇ ਨੂੰ ਰਾਹ ’ਚ ਹੀ ਉਸ ਖਰਾਬ ਅੱਖ ’ਚੋਂ ਦਿਖਾਈ ਦੇਣ ਲੱਗ ਗਿਆ ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਉੱਥੇ ਸਾਡਾ ਇਸ ਤਰ੍ਹਾਂ ਖਿਆਲ ਰੱਖਿਆ ਗਿਆ ਜਿਵੇਂ ਕਿ ਕਿਸੇ ਵੱਡੇ ਮੰਤਰੀ ਨੇ ਸਾਡੀ ਸਿਫਾਰਿਸ਼ ਕੀਤੀ ਹੋਵੇ। ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮੇਰਾ ਸਤਿਗੁਰੂ ਹਰ ਸਮੇਂ ਸਾਡੇ ਨਾਲ ਹੈ, ਸਾਡੀ ਮੱਦਦ ਕਰ ਰਿਹਾ ਹੈ। ਆਪ੍ਰੇਸ਼ਨ ਤੋਂ ਬਾਅਦ ਵੀ ਮੈਨੂੰ ਪੂਜਨੀਕ ਹਜ਼ੂਰ ਪਿਤਾ ਜੀ ਦੇ ਡਾਕਟਰ ਦੇ ਰੂਪ ’ਚ ਦਰਸ਼ਨ ਹੋਏ। Saint Dr MSG
ਓਧਰ ਬੱਚੇ ਦੀ ਅੱਖ ਦਾ ਆਪ੍ਰੇਸ਼ਨ ਸਫਲ ਰਿਹਾ, ਅੱਖ ਬਿਲਕੁਲ ਠੀਕ ਹੋ ਗਈ ਆਪ੍ਰੇਸ਼ਨ ਤੋਂ ਚਾਰ ਦਿਨ ਬਾਅਦ ਮੇਰੀ ਪਤਨੀ ਸਵੇਰੇ ਤਿੰਨ ਵਜੇ ਉੱਠ ਕੇ ਸਿਮਰਨ ’ਚ ਬੈਠ ਗਈ ਉਸ ਨੇ ਮਨ ਦੇ ਪ੍ਰਭਾਵ ਕਾਰਨ ਸਿਮਰਨ ਦੌਰਾਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਉਲ੍ਹਾਂਭਾ ਦਿੱਤਾ ਕਿ ਪਿਤਾ ਜੀ, ਆਪ ਜੀ ਨੇ ਮੈਨੂੰ ਮੇਰੇ ਬੱਚੇ ਦੀ ਅੱਖ ਖਰਾਬ ਕਰਕੇ ਸਜ਼ਾ ਦਿੱਤੀ ਹੈ। ਸਾਨੂੰ ਜਗ੍ਹਾ-ਜਗ੍ਹਾ ਠੋ੍ਹਕਰਾਂ ਖਾਣੀਆਂ ਪਈਆਂ ਹਨ ਪਿਤਾ ਜੀ, ਕਿੰਨਾ ਚੰਗਾ ਹੁੰਦਾ ਕਿ ਆਪ ਜੀ ਬੱਚੇ ਦੀ ਅੱਖ ਘਰ ’ਚ ਹੀ ਠੀਕ ਕਰ ਦਿੰਦੇ ਜੋ ਦਸ ਹਜ਼ਾਰ ਰੁਪਏ ਮੈਂ ਬੱਚੇ ਦੀ ਅੱਖ ਦੇ ਆਪ੍ਰੇਸ਼ਨ ’ਤੇ ਲਾਏ ਹਨ, ਉਹ ਦੀਨ-ਦੁਖੀਆਂ ਦੀ ਮੱਦਦ ’ਚ ਲਾਉਂਦੀ।
ਇਹ ਵੀ ਪੜ੍ਹੋ: ਰੂਹਾਨੀਅਤ : ਰਾਮ-ਨਾਮ ਤੋਂ ਬਿਨਾ ਜੀਵਨ ਵਿਅਰਥ
ਮਨ ਦੀਆਂ ਇਸ ਤਰ੍ਹਾਂ ਦੀਆਂ ਸੋਚਾਂ ’ਚ ਡੁੱਬੀ ਮੇਰੀ ਪਤਨੀ ਨੂੰ ਉਸੇ ਸਮੇਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਪ੍ਰਤੱਖ ਰੂਪ ’ਚ ਦਰਸ਼ਨ ਦਿੱਤੇ ਅਤੇ ਸਿਰ ’ਤੇ ਆਪਣੇ ਪਵਿੱਤਰ ਕਰ-ਕਮਲ ਰੱਖਦੇ ਹੋਏ ਬਚਨ ਫਰਮਾਏ, ‘‘ਬੇਟਾ, ਤੁਹਾਡਾ ਜਾਨੀ ਨੁਕਸਾਨ ਹੋਣਾ ਸੀ ਜੋ ਮਾਲਕ ਨੇ ਅੱਖ ’ਤੇ ਪਾ ਕੇ ਕੱਟ ਦਿੱਤਾ ਫਿਰ ਤੂੰ ਬਹੁਤ ਰੋਣਾ ਸੀ ਜੋ ਸਾਨੂੰ ਬਰਦਾਸ਼ਤ ਨਹੀਂ ਹੋਣਾ ਸੀ’’ ਪੂਜਨੀਕ ਹਜ਼ੂਰ ਪਿਤਾ ਜੀ, ਅਸੀਂ ਤਾਂ ਗਲਤੀਆਂ ਦੇ ਪੁਤਲੇ ਹਾਂ ਸਾਨੂੰ ਮਾਫ ਕਰ ਦੇਣਾ ਇਸ ਤਰ੍ਹਾਂ ਆਪਣੀ ਦਇਆ, ਮਿਹਰ, ਰਹਿਮਤ ਬਣਾਈ ਰੱਖਣਾ ਜੀ, ਅਸੀਂ ਜਨਮਾਂ-ਜਨਮਾਂ ਤੱਕ ਵੀ ਆਪ ਜੀ ਵੱਲੋਂ ਕੀਤੇ ਉਪਕਾਰਾਂ ਦਾ ਬਦਲਾ ਨਹੀਂ ਚੁਕਾ ਸਕਦੇ। Saint Dr MSG