ਸੱਤਾ ਦੀ ਚਾਬੀ ਤੁਹਾਡੇ ਹੱਥ, ਤੁਸੀਂ ਸੱਤਾ ਪਲਟ ਸਕਦੇ ਹੋ, ਜਿਹੜੇ ਕਰਨ ਕਿਸਾਨਾਂ ਦੇ ਮਸਲੇ ਹੱਲ, ਉਨਾਂ ਨੂੰ ਹੀ ਦਿਓ ਵੋਟ
- 2024 ਦੀ ਜੰਗ ਦਾ ਆਗਾਜ਼ ਪੰਜਾਬ ਵਿੱਚੋਂ, ਤਿੰਨ ਸੂਬਿਆਂ ਦੇ ਮੁੱਖ ਮੰਤਰੀ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਕੀਤੇ ਹਮਲੇ
- ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਵਲੋਂ ਵੱਡੇ ਗਏ ਕਿਸਾਨਾਂ ਦੀ ਪਰਿਵਾਰਾਂ ਨੂੰ 3-3 ਲੱਖ ਤਾਂ ਗਲਵਾਨ ਦੇ ਸਹੀਦਾਂ ਨੂੰ 10-10 ਲੱਖ
- ਸਮਾਗਮ ’ਚ ਅਰਵਿੰਦ ਕੇਜਰੀਵਾਲ ਕੀਤੀ ਸ਼ਿਰਕਤ ਤਾਂ ਭਗਵੰਤ ਮਾਨ ਨੇ ਕੀਤੀ ਮੇਜ਼ਬਾਨੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਸੱਤਾ ਦੀ ਚਾਬੀ ਤੁਹਾਡੇ ਹੱਥ ਵਿੱਚ ਹੀ ਹੁੰਦੀ ਹੈ, ਤੁਸੀਂ ਚਾਹੋ ਤੋਂ ਸੱਤਾ ਵੀ ਪਲਟ ਸਕਦੇ ਹੋ। ਜਿਹੜੀ ਸਰਕਾਰ ਕਿਸਾਨਾਂ ਦੇ ਮਸਲੇ ਹਲ਼ ਕਰਦੀ ਹੈ ਅਤੇ ਜਿਹੜੀ ਸਰਕਾਰ ਉਨ੍ਹਾਂ ਦੀ ਫਸਲ ਦਾ ਰੇਟ ਠੀਕ ਦਿੰਦੀ ਹੈ, ਉਸ ਨੂੰ ਹੀ ਵੋਟ ਦੇਣੀ ਚਾਹੀਦੀ ਹੈ, ਕਿਉਂਕਿ ਦੁਖ ਦੀ ਗੱਲ ਹੈ ਕਿ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਦੇਸ਼ ਵਿੱਚ ਹੁਣ ਤੱਕ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਲੜਾਈ ਕਰਨੀ ਪੈਂਦੀ ਹੈ ਅਤੇ ਸ਼ਹਾਦਤਾਂ ਤੱਕ ਦੇਣੀ ਪੈ ਰਹੀਆਂ ਹਨ। ਦਿੱਲੀ ਮੋਰਚੇ ’ਤੇ ਸ਼ਹੀਦ ਹੋਏ ਕਿਸਾਨਾਂ ਨੂੰ ਉਹ ਵਾਪਸ ਤਾਂ ਲੈ ਕੇ ਨਹੀਂ ਆ ਸਕਦੇ ਹਨ ਪਰ ਉਨਾਂ ਦੇ ਪਰਿਵਾਰਾਂ ਨੂੰ ਕੁਝ ਮਦਦ ਕਰਦੇ ਹੋਏ ਦੁੱਖ ਜ਼ਰੂਰ ਘੱਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
ਇਹ ਪ੍ਰਗਟਾਵਾ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਚੰਡੀਗੜ੍ਹ ਵਿਖੇ ਸ਼ਹੀਦ ਕਿਸਾਨਾਂ ਅਤੇ ਗਲਵਾਨ ਦੀ ਘਾਟੀ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਚੈੱਕ ਵੰਡਣ ਦੇ ਸਮਾਗਮ ਦੌਰਾਨ ਕੀਤਾ। ਕੇ. ਚੰਦਰਸ਼ੇਖਰ ਰਾਓ ਦੇ ਨਾਲ ਸਟੇਜ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸਨ। ਇਸ ਮੌਕੇ ਮਾਹੌਲ ਭਾਜਪਾ ਦੇ ਖ਼ਿਲਾਫ਼ ਹੀ ਜਾ ਰਿਹਾ ਸੀ ਤਾਂ ਕਿਸਾਨ ਪਰਿਵਾਰਾਂ ਵੱਲੋਂ ਭਾਜਪਾ ਵਿਰੋਧੀ ਨਾਅਰੇ ਵੀ ਲਾਏ ਗਏ। ਜਿਸ ਤੋਂ ਨਜ਼ਰ ਆ ਰਿਹਾ ਸੀ ਕਿ ਦੇਸ਼ ਵਿੱਚ ਕਾਂਗਰਸ ਤੋਂ ਇਲਾਵਾ ਵੀ ਕੋਈ ਭਾਜਪਾ ਵਿਰੋਧੀ ਧਿਰ ਖੜੀ ਹੋ ਰਹੀ ਹੈ, ਜਿਸ ਵਿੱਚ ਕਈ ਪਾਰਟੀਆਂ ਮਿਲ ਕੇ ਕੰਮ ਕਰਨਗੀਆਂ।
ਚੰਡੀਗੜ ਵਿਖੇ ਪੁੱਜੇ ਕੇ. ਚੰਦਰਸ਼ੇਖਰ ਰਾਓ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਇਹੋ ਜਿਹੀ ਸਭਾ ਕਰਨ ਮੌਕੇ ਉਨਾਂ ਨੂੰ ਦੁਖ ਹੁੰਦਾ ਹੈ। ਅੱਖਾਂ ਵਿੱਚ ਪਾਣੀ ਤੱਕ ਆ ਜਾਂਦਾ ਹੈ ਕਿ ਸਾਡੇ ਦੇਸ਼ ਵਿੱਚ ਕੀ ਹੋ ਰਿਹਾ ਹੈ। ਦੇਸ਼ ਦੇ ਅੰਨਦਾਤਾ ਨੂੰ ਆਪਣੇ ਹੱਕ ਦੀ ਲੜਾਈ ਵਿੱਚ ਖ਼ਾਲੀਸਤਾਨੀ ਅੱਤਵਾਦੀ ਕਿਹਾ ਜਾਂਦਾ ਹੈ ਤਾਂ ਕਦੇ ਦੇਸ਼ਧ੍ਰੋਹੀ ਕਿਹਾ ਜਾਂਦਾ ਹੈ। ਅਸੀਂ ਸਾਰਾ ਕੁਝ ਦੇਖ ਰਹੇ ਸੀ ਅਤੇ ਸੁਣ ਵੀ ਰਹੇ ਸੀ। ਕੇਂਦਰ ਸਰਕਾਰ ਦਾ ਇਹ ਰਵੱਈਆ ਠੀਕ ਨਹੀਂ ਸੀ। ਕਿਸਾਨ ਦੇਸ਼ ਨੂੰ ਅੰਨ ਦਿੰਦਾ ਹੈ ਅਤੇ ਪੇਟ ਭਰਦਾ ਹੈ ਤਾਂ ਉਨਾਂ ਨਾਲ ਵੀ ਇਨਸਾਫ਼ ਹੋਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਤੇਲੰਗਾਨਾ ਬਣਨ ਤੋਂ ਪਹਿਲਾਂ ਉਨਾਂ ਦੇ ਸੂਬੇ ਵਿੱਚ ਵੀ ਇਹੋ ਜਿਹਾ ਹਾਲ ਸੀ। ਦਿੱਲੀ ਬੈਠੀ ਕੇਂਦਰ ਸਰਕਾਰ ਕਿਸਾਨਾਂ ਦੀ ਖੂਨ ਚੂਸਣ ਤੱਕ ਜਾਂਦੀ ਸੀ। ਸਾਨੂੰ ਕਹਿੰਦੀ ਸੀ ਕਿਸਾਨਾਂ ਨੂੰ ਮੁਫ਼ਤ ਬਿਜਲੀ ਬੰਦ ਕਰਦੇ ਹੋਏ ਮੀਟਰ ਲਗਾਓ ਪਰ ਅਸੀਂ ਇਹੋ ਜਿਹਾ ਕੁਝ ਵੀ ਨਹੀਂ ਕੀਤਾ। ਤੇਲੰਗਾਨਾ ਵਿਖੇ ਮੁਫ਼ਤ ਬਿਜਲੀ ਦਿੱਤੀ ਜਾਂਦੀ ਹੈ ਅਤੇ ਕਿਸਾਨਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਹੈ। ਉਨਾਂ ਕਿਹਾ ਕਿ ਜੇਕਰ ਕੋਈ ਸੂਬਾ ਸਰਕਾਰ ਆਪਣੇ ਕਿਸਾਨਾਂ ਨੂੰ ਕੋਈ ਮੱਦਦ ਕਰਨਾ ਚਾਹੁੰਦੀ ਹੈ ਤਾਂ ਕੇਂਦਰ ਸਰਕਾਰ ਉਸ ਵਿੱਚ ਅੜਿੱਕੇ ਪਾਉਂਦੀ ਹੈ ਪਤਾ ਨਹੀਂ ਦਿੱਲੀ ਨੂੰ ਇਸ ਵਿੱਚ ਕਿਉਂ ਪਰੇਸ਼ਾਨੀ ਹੁੰਦੀ ਹੈ।
ਕਿਸਾਨਾਂ ਨੂੰ ਸੰਵਿਧਾਨਿਕ ਗਰੰਟੀ ਮਿਲਣੀ ਚਾਹੀਦੀ ਹੈ ਕਿ ਉਨਾਂ ਦੀ ਫਸਲ ਕਿਹੜੇ ਰੇਟ ’ਤੇ ਵਿਕੇਗੀ। ਜੇਕਰ ਇੰਝ ਨਹੀਂ ਹੁੰਦਾ ਹੈ ਤਾਂ ਕਿਸਾਨਾਂ ਨੂੰ ਤੈਅ ਕਰਨਾ ਪਏਗਾ ਕਿ ਉਹ ਕਿਹਨੂੰ ਵੋਟ ਦੇਣਾ ਚਾਹੁੰਦੇ ਹਨ। ਕਿਸਾਨਾਂ ਨੂੰ ਦੇਸ਼ ਭਰ ਵਿੱਚ ਅੰਦੋਲਨ ਚਲਾਉਣਾ ਚਾਹੀਦਾ ਹੈ ਅਤੇ ਠੀਕ ਰੇਟ ਦੇਣ ਵਾਲੀ ਪਾਰਟੀਆਂ ਨੂੰ ਹੀ ਵੋਟ ਦੇਣੀ ਚਾਹੀਦੀ ਹੈ।
ਜੇਲ੍ਹ ਭੇਜਣਾ ਚਾਹੁੰਦੀ ਸੀ ਭਾਜਪਾ ਕਿਸਾਨਾਂ ਨੂੰ, ਮੈ ਨਹੀਂ ਕੀਤੇ ਦਸਤਖ਼ਤ : ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਇਸ ਮੌਕੇ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਬਾਰਡਰ ਵਿਖੇ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਉਨਾਂ ਨੂੰ ਇੱਕ ਫਾਈਲ ਆਈ, ਜਿਸ ਵਿੱਚ ਦਿੱਲੀ ਦੇ ਖੇਡ ਸਟੇਡੀਅਮ ਅਤੇ ਗਰਾਊਂਡ ਨੂੰ ਜੇਲ੍ਹ ਦਾ ਦਰਜਾ ਦੇਣ ਸਬੰਧੀ ਲਿਖਿਆ ਹੋਇਆ ਸੀ। ਮੈ ਤੁਰੰਤ ਹੀ ਉਨ੍ਹਾਂ ਦੀ ਮਨਸ਼ਾ ਨੂੰ ਸਮਝ ਗਿਆ ਸੀ ਕਿ ਇਹ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਆਰਜ਼ੀ ਜੇਲ੍ਹ ਭੇਜਣਾ ਚਾਹੁੰਦੇ ਹਨ, ਕਿਉਂਕਿ ਅੰਨਾ ਅੰਦੋਲਨ ਦੌਰਾਨ ਵੀ ਭਾਜਪਾ ਖ਼ੁਦ ਉਨਾਂ (ਕੇਜਰੀਵਾਲ) ਨਾਲ ਕਰ ਚੁੱਕੀ ਸੀ।
ਇਸ ਲਈ ਮੈ ਫਾਈਲ ’ਤੇ ਦਸਤਖ਼ਤ ਹੀ ਨਹੀਂ ਕੀਤੇ। ਪੰਜਾਬ ਵਿੱਚ ਕਿਸਾਨਾਂ ਦੇ ਹੱਕ ਵਿੱਚ ਵੱਡੇ ਫੈਸਲੇ ਕੀਤੇ ਜਾ ਰਹੇ ਹਨ। ਪੰਜਾਬ ਦੇ ਕਿਸਾਨਾਂ ਨੂੰ ਤੀਜੀ ਫਸਲ ਦਾ ਬਦਲ ਭਗਵੰਤ ਮਾਨ ਦੀ ਸਰਕਾਰ ਵੱਲੋਂ ਹੀ ਦਿੱਤਾ ਗਿਆ ਹੈ, ਕਿਉਂਕਿ ਭਗਵੰਤ ਮਾਨ ਖ਼ੁਦ ਕਿਸਾਨ ਪੁੱਤ ਹਨ। ਉਨਾਂ ਤੋਂ ਪਹਿਲਾਂ ਵੀ ਸਰਕਾਰ ਰਹੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਦੇ ਫੈਸਲੇ ਨਹੀਂ ਲਏ ਗਏ ਹਨ। ਪੰਜਾਬ ਵਿੱਚ ਕਿਸਾਨਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਫੈਸਲੇ ਦੇਸ਼ ਵਿੱਚ ਰੋਲ ਮਾਡਲ ਬਣਨਗੇ। ਜਿਸ ਤਰੀਕੇ ਨਾਲ ਦਿੱਲੀ ਵਿਖੇ ਬਿਜਲੀ, ਪਾਣੀ ਅਤੇ ਸਿੱਖਿਆ ਮਾਡਲ ਦੇ ਰੂਪ ਵਿੱਚ ਬਣੀ ਹੈ ਤਾਂ ਪੰਜਾਬ ਵਿੱਚ ਕਿਸਾਨ ਮਾਡਲ ਬਨਣਗੇ।
ਅਸਲੀ ਜੈ ਜਵਾਨ ਅਤੇ ਜੈ ਕਿਸਾਨ ਪੰਜਾਬ ’ਚ, ਦੇਸ਼ਧ੍ਰੋਹੀ ਕਹਿੰਦੇ ਹੋਏ ਕੀਤੀ ਬੇਇੱਜ਼ਤੀ : ਭਗਵੰਤ ਮਾਨ
ਭਾਰਤ ਵਿੱਚ ਅੰਨ ਨੂੰ ਬਾਹਰਲੇ ਦੇਸ਼ਾ ਤੋਂ ਮੰਗਵਾਇਆ ਜਾਂਦਾ ਸੀ ਤਾਂ ਪੰਜਾਬ ਵਿੱਚ ਕਿਸਾਨਾਂ ਨੇ ਹਰਿਤ ਕ੍ਰਾਂਤੀ ਲਿਆਉਂਦੇ ਹੋਏ ਦੇਸ਼ ਦਾ ਅੰਨ ਭੰਡਾਰ ਭਰ ਦਿੱਤਾ। ਦੇਸ਼ ਵਿੱਚ ਅਸਲੀ ਜੈ ਜਵਾਨ ਅਤੇ ਜੈ ਕਿਸਾਨ ਪੰਜਾਬ ਵਿੱਚ ਹੀ ਦੇਖਣ ਨੂੰ ਮਿਲੇਗਾ, ਕਿਉਂਕਿ ਇਥੇ ਇੱਕ ਪੁੱਤ ਕਿਸਾਨ ਹੈ ਤਾਂ ਦੂਜਾ ਪੁੱਤ ਬਾਰਡਰ ’ਤੇ ਡਿਊਟੀ ਦੇਣ ਵਾਲਾ ਫੌਜ ਦਾ ਜਵਾਨ ਹੈ। ਸਾਨੂੰ ਦੁਖ ਉਸ ਸਮੇਂ ਹੁੰਦਾ ਹੈ, ਜਦੋਂ ਇਨਾਂ ਅੰਨਦਾਤਾ ਨੂੰ ਬਾਰਡਰ ’ਤੇ ਅੰਦੋਲਨ ਦੌਰਾਨ ਕਦੇ ਅੱਤਵਾਦੀ ਕਿਹਾ ਗਿਆ ਤਾਂ ਕਦੇ ਦੇਸ਼ਧ੍ਰੋਹੀ ਕਿਹਾ ਗਿਆ। ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦਾ ਦੁਖ ਦੂਰ ਤਾਂ ਨਹੀਂ ਕੀਤਾ ਜਾ ਸਕਦਾ ਹੈ ਪਰ ਵੰਡੀਆਂ ਜ਼ਰੂਰ ਜਾ ਸਕਦਾ ਹੈ। ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਹੈ, ਕਿਉਂਕਿ ਕਈਆਂ ਦੇ ਘਰਾਂ ਵਿੱਚੋਂ ਤਾਂ ਕਮਾਊ ਪੁੱਤ ਹੀ ਸ਼ਹੀਦੀ ਪ੍ਰਾਪਤ ਕਰ ਗਏ ਸਨ ਅਤੇ ਉਨਾਂ ਦੇ ਘਰਾਂ ਦੇ ਚੁੱਲੇ ਹੀ ਠੰਢੇ ਪੈ ਗਏ ਸਨ। ਪੰਜਾਬ ਵਲੋਂ ਪਹਿਲਾਂ ਹੀ ਕਿਸਾਨਾਂ ਦੀ ਮਦਦ ਕੀਤੀ ਗਈ ਹੈ ਤਾਂ ਹੁਣ ਤੇਲੰਗਾਨਾ ਸਰਕਾਰ ਵਲੋਂ ਆਪਣੇ ਐਲਾਨ ਅਨੁਸਾਰ 3-3 ਲੱਖ ਰੁਪਏ ਦੀ ਮਦਦ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ 543 ਕਿਸਾਨ ਸ਼ਹੀਦ ਹੋਏ ਸਨ ਅਤੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਗਿਣਤੀ ਮਿਲਾ ਕੇ ਕੁਲ 712 ਹੋ ਰਹੀ ਹੈ। ਇਨਾਂ ਨੂੰ 3-3 ਲੱਖ ਰੁਪਏ ਦਿੱਤੇ ਜਾ ਰਹੇ ਹਨ ਤਾਂ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾ ਦੇ ਪਰਿਵਾਰਾਂ ਨੂੰ ਤੇਲੰਗਾਨਾ ਸਰਕਾਰ ਵੱਲੋਂ 10-10 ਲੱਖ ਰੁਪਏ ਦੀ ਮੱਦਦ ਦਿੱਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਦੇ ਸਿੰਘੂ ਅਤੇ ਟਿੱਕਰੀ ਸਰਹੱਦ ‘ਤੇ ਅੰਦੋਲਨ ਹੋਇਆ। 378 ਦਿਨਾਂ ਤੱਕ ਚੱਲੇ ਕਿਸਾਨ ਅੰਦੋਲਨ ਵਿੱਚ ਕਰੀਬ 700 ਕਿਸਾਨਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ 600 ਕਿਸਾਨ ਪੰਜਾਬ ਦੇ ਸਨ। ਹਾਲਾਂਕਿ ਬਾਅਦ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਲਿਆ ਸੀ। ਅਗਲੇ ਹੀ ਦਿਨ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਕਿਸਾਨ ਪਰਿਵਾਰਾਂ ਨੂੰ ਵਿੱਤੀ ਮੱਦਦ ਦੇਣ ਦਾ ਐਲਾਨ ਕੀਤਾ। ਪੰਜਾਬ ਸਰਕਾਰ ਨੇ ਇਨ੍ਹਾਂ ਪਰਿਵਾਰਾਂ ਨੂੰ ਪਹਿਲਾਂ ਹੀ ਸਰਕਾਰੀ ਨੌਕਰੀ ਅਤੇ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ