ਜ਼ਿਮਨੀ ਚੋਣ : ਸਾਰੀਆਂ ਪਾਰਟੀਆਂ ਦੇ ‘ਵੱਡੇ’ ਸੰਗਰੂਰ ਦੀ ਧਰਤੀ ’ਤੇ ਉੱਤਰੇ, ਵੋਟਰਾਂ ’ਚ ਛਾਈ ਖ਼ਾਮੋਸ਼ੀ

Kashmir Election Sachkahoon

ਅਕਾਲੀ, ਭਾਜਪਾਈ, ਕਾਂਗਰਸੀ ਵੱਲੋਂ ‘ਆਪ’ ਤੇ ਕੀਤੇ ਜਾ ਰਹੇ ਤਾਬੜ-ਤੋੜ ਹਮਲੇ

ਸੰਗਰੂਰ, (ਗੁਰਪ੍ਰੀਤ ਸਿੰਘ) ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਜਿਹੜੀ 23 ਜੂਨ ਨੂੰ ਹੋਣ ਜਾ ਰਹੀ ਹੈ, ਲਈ ਸਿਆਸੀ ਸਰਗਰਮੀਆਂ ਨੇ ਪਿਛਲੇ ਦਿਨਾਂ ਤੋਂ ਤੇਜ਼ੀ ਫੜੀ ਹੋਈ ਹੈ ਮੁਢਲੇ ਤੌਰ ’ਤੇ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਧਰਤੀ ’ਤੇ ਸਾਰੀਆਂ ਪਾਰਟੀਆਂ ਦੇ ਦਰਜ਼ਨਾਂ ਧੁਰੰਦਰ ਪੁੱਜ ਚੁੱਕੇ ਹੋਣ ਦੇ ਬਾਵਜ਼ੂਦ ਲੋਕਾਂ ਵੱਲੋਂ ਸਿਆਸੀ ਸਰਗਰਮੀਆਂ ਪ੍ਰਤੀ ਕੋਈ ਦਿਲਚਸਪੀ ਦਿਖਾਈ ਨਹੀਂ ਜਾ ਰਹੀ ਪਾਰਟੀਆਂ ਆਪੋ-ਆਪਣੇ ਪੱਧਰ ’ਤੇ ਸਰਗਰਮੀਆਂ ਚਲਾ ਕੇ ਇੱਕ-ਦੂਜੇ ’ਤੇ ਸਿਆਸੀ ਹਮਲੇ ਕਰਕੇ ਲੋਕਾਂ ਦਾ ਧਿਆਨ ਇੱਧਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਫਿਲਹਾਲ ਕੋਈ ਵੀ ਪਾਰਟੀ ਲੋਕਾਂ ਦਾ ਧਿਆਨ ਆਪਣੇ ਵੱਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ ਜੇਕਰ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੀ ਚੋਣ ਮੁਹਿੰਮ ਨੂੰ ਭਖ਼ਾਉਣ ਲਈ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪੁੱਜੀ ਹੋਈ ਹੈ

ਕੈਬਨਿਟ ਮੰਤਰੀ ਜਿੰਪਾ ਤੋਂ ਇਲਾਵਾ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਬਲਜਿੰਦਰ ਕੌਰ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਹਲਕਾ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਨਾਮ ਦੇ ਵਿਧਾਇਕ ਅਮਨ ਅਰੋੜਾ, ਲਹਿਰਾਗਾਗਾ ਦੇ ਬਰਿੰਦਰ ਗੋਇਲ, ਮਾਲੇਰਕੋਟਲਾ ਦੇ ਵਿਧਾਇਕ ਵੱਲੋਂ ਵੋਟਰਾਂ ਨਾਲ ਸੰਪਰਕ ਕਰਨ ਦੀ ਮੁਹਿੰਮ ਆਰੰਭੀ ਹੋਈ ਹੈ ਆਪ ਵੱਲੋਂ ਇਸ ਹਲਕੇ ਤੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਕਿਉਂਕਿ ਸਰਕਾਰ ਬਣਨ ਤੋਂ ਬਾਅਦ ਇਹ ਇੱਕੋ ਇੱਕ ਲੋਕ ਸਭਾ ਹਲਕਾ ਹੈ ਜਿਹੜਾ ਪਾਰਟੀ ਦਾ ਗੜ੍ਹ ਮੰਨਿਆ ਜਾ ਰਿਹਾ ਹੈ ਵੱਡੀ ਗੱਲ ਇਹ ਹੈ ਕਿ ਹਾਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੇ ਕਿਸੇ ਵੀ ਪਿੰਡ ਵਿੱਚ ਜਾ ਕੇ ਵੋਟਰਾਂ ਤੋਂ ਵੋਟਾਂ ਦੀ ਮੰਗ ਨਹੀਂ ਕੀਤੀ ਗਈ, ਸਿਰਫ਼ ਉਨ੍ਹਾਂ ਨੇ ਚੰਡੀਗੜ੍ਹ ਤੋਂ ਹੀ ਵਿਧਾਇਕਾਂ ਦੀ ਮੀਟਿੰਗ ਉਪਰੰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ

ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਸਮੁੱਚੀ ਕਾਂਗਰਸ ਹਾਈਕਮਾਂਡ ਹਲਕੇ ਦੇ ਪਿੰਡਾਂ ਵਿੱਚ ਉੱਤਰੀ ਹੋਈ ਹੈ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਾਰਟੀ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੀ ਚੋਣ ਮੁਹਿੰਮ ਨੂੰ ਭਖ਼ਾਉਣ ਲਈ ਵੋਟਰਾਂ ਨਾਲ ਹੇਠਲੇ ਪੱਧਰ ਤੇ ਰਾਬਤਾ ਕਾਇਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਹ ਹਰ ਰੋਜ਼ ਆਮ ਰਿਕਸ਼ੇਵਾਲਿਆਂ, ਦੁਕਾਨਦਾਰਾਂ, ਫੜੀ ਵਾਲਿਆਂ ਤੱਕ ਪਹੁੰਚ ਕਰ ਰਹੇ ਹਨ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਸੁੱਖੀ ਰੰਧਾਵਾ, ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਗੋਲਡੀ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ

ਭਾਰਤੀ ਜਨਤਾ ਪਾਰਟੀ ਵੱਲੋਂ ਇਸ ਚੋਣ ਨੂੰ ਸਿਰ ਧੜ ਦੀ ਬਾਜ਼ੀ ਲਾ ਕੇ ਕੰਮ ਕੀਤਾ ਜਾ ਰਿਹਾ ਹੈ ਭਾਜਪਾ ਹਾਈਕਮਾਂਡ ਪਿਛਲੇ ਕਈ ਦਿਨਾਂ ਤੋਂ ਸੰਗਰੂਰ ਦੇ ਵੱਖ ਵੱਖ ਪਿੰਡਾਂ ਵਿੱਚ ਪੁੱਜੀ ਹੋਈ ਹੈ ਜਿਸ ਕਾਰਨ ਸੰਗਰੂਰ ਤੇ ਹੋਰਨਾਂ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਭਾਜਪਾ ਆਗੂਆਂ ਦੀਆਂ ਗੱਡੀਆਂ ਦੇ ਕਾਫ਼ਲੇ ਨਜ਼ਰ ਆ ਰਹੀ ਹੈ

ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਪਰਿਵਾਰਕ ਮੈਂਬਰ ਵੀ ਚੋਣ ਮੁਹਿੰਮ ਵਿੱਚ ਕੁੱਦੇ ਹੋਏ ਹਨ ਦੂਜੇ ਪਾਸੇ ਹਲਕਾ ਸੰਗਰੂਰ ਤੋਂ ਪਾਰਟੀ ਦੀ ਵਿਧਾਨ ਸਭਾ ਚੋਣ ਲੜਨ ਵਾਲੇ ਅਰਵਿੰਦ ਖੰਨਾ ਵੱਲੋਂ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਭਖ਼ਾਇਆ ਜਾ ਰਿਹਾ ਹੈ ਭਾਜਪਾ ਦੇ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਇਸ ਚੋਣ ਦੇ ਇੰਚਾਰਜ ਵੀ ਹਨ, ਨੇ ਆਪਣੇ ਪੱਧਰ ਤੇ ਭਾਜਪਾ ਵਰਕਰਾਂ ਦੀਆਂ ਪਿੰਡਾਂ ਵਿੱਚ ਡਿੳੂਟੀਆਂ ਲਾਈਆਂ ਹੋਈਆਂ ਹਨ ਅਤੇ ਉਹ ਖੁਦ ਵੀ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਦੂਜੇ ਪਾਸੇ ਹਲਕੇ ਦੇ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਢਿੱਲੋਂ ਦੇ ਹੱਕ ਵਿੱਚ ਚੋਣ ਸਭਾਵਾਂ ਨੂੰ ਵੀ ਸੰਬੋਧਨ ਕੀਤਾ ਜਾ ਰਿਹਾ ਹੈ

ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਉੱਤਰੀ ਹੋਈ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਕਈ ਦਿਨਾਂ ਤੋਂ ਬੀਬੀ ਰਾਜੋਆਣਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਪਿੰਡ ਪਿੰਡ ਜਾ ਰਹੇ ਹਨ, ਅੱਜ ਵੀ ਉਹ ਦਿੜ੍ਹਬਾ ਹਲਕੇ ਦੇ ਕਈ ਪਿੰਡਾਂ ਵਿੱਚ ਬੀਬੀ ਰਾਜੋਆਣਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਬੀਬੀ ਰਾਜੋਆਣਾ ਦੇ ਪ੍ਰਚਾਰ ਦਾ ਮੁੱਖ ਮੁੱਦਾ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣ ਦਾ ਹੈ ਅਤੇ ਉਹ ਹਰ ਪਿੰਡਾਂ ਵਿੱਚ ਇਸ ਪ੍ਰਚਾਰ ਨੂੰ ਹੀ ਵੋਟਰਾਂ ਅੱਗੇ ਕਰ ਰਹੇ ਹਨ

ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਸਿਮਰਨਜੀਤ ਸਿੰਘ ਮਾਨ ਆਪਣੇ ਵਿਰੋਧੀਆਂ ਸਾਹਵੇਂ ਆਪਣੀ ਚੋਣ ਮੁਹਿੰਮ ਚਲਾ ਰਹੇ ਹਨ ਮਾਨ ਦੇ ਸਮਰਥਕ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਅਤੇ ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਸਰਕਾਰ ਨੂੰ ਘੇਰਨ ਦਾ ਯਤਨ ਕਰ ਰਹੇ ਹਨ ਦੂਜੇ ਪਾਸੇ ਹਲਕਾ ਮੌੜ ਤੋਂ ਚੋਣ ਲੜ ਚੁੱਕੇ ਲੱਖਾ ਸਿੰਘ ਸਿਧਾਣਾ ਵੱਲੋਂ ਮਾਨ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ