ਤਾਜਪੋਸ਼ੀ ਸਮਾਰੋਹ ‘ਚ ਸ਼ਾਮਲ ਹੋਣ ਦਾ ਦਿੱਤਾ ਸੱਦਾ
ਇਮਰਾਨ ਖਾਨ 18 ਅਗਸਤ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸਰਹੱਦ ਪਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਇਮਰਾਨ ਖ਼ਾਨ ਦਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਫੋਨ ਆਇਆ ਹੈ ਕਿ ਉਹ 18 ਅਗਸਤ ਨੂੰ ਉਨ੍ਹਾਂ ਦੀ ਮਹਿਮਾਨ ਨਿਵਾਜੀ ਕਬੂਲ ਕਰਨ। ਨਵਜੋਤ ਸਿੱਧੂ ਨੇ ਵੀ ਆਪਣੇ ਸਾਥੀ ਕ੍ਰਿਕੇਟਰ ਅਤੇ ਪਾਕਿ ਦੇ ਪ੍ਰਧਾਨ ਮੰਤਰੀ ਬਣ ਰਹੇ ਇਮਰਾਨ ਖਾਨ ਦੀ ਮਹਿਮਾਨ ਨਿਵਾਜੀ ਦੇ ਸੱਦੇ ਨੂੰ ਮੌਕੇ ‘ਤੇ ਹੀ ਕਬੂਲ ਕਰ ਲਿਆ ਹੈ।
ਇੱਥੇ ਹੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਏ.) ਦੇ ਚੇਅਰਮੈਨ ਇਮਰਾਨ ਖਾਨ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਲਈ ਈਮੇਲ ਰਾਹੀਂ ਵੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਭੇਜਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਸਕੱਤਰੇਤ ਵੱਲੋਂ ਆਏ ਸੱਦਾ ਪੱਤਰ ਵਿੱਚ ਉਨ੍ਹਾਂ ਨੂੰ 18 ਅਗਸਤ ਨੂੰ ਇਸਲਾਮਾਬਾਦ ਵਿਖੇ ਹੋ ਰਹੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਸੱਦਾ ਪੱਤਰ ਤੋਂ ਇਲਾਵਾ ਇਮਰਾਨ ਖਾਨ ਨੇ ਫ਼ੋਨ ਕਰ ਕੇ ਸੱਦਾ ਦਿੱਤਾ। ਉਨਾਂ ਕਿਹਾ ਕਿ ਸੰਖੇਪ ਜਿਹੀ ਗੱਲਬਾਤ ਦੌਰਾਨ ਇਮਰਾਨ ਖਾਨ ਨੇ ਉਨਾਂ ਬਾਰੇ ਦਿੱਤੇ ਬਿਆਨ ਵਿੱਚ ਕੀਤੀ ਪ੍ਰਸੰਸਾ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੱਦਾ ਪੱਤਰ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਦੇ ਐਸ.ਓ. ਇਨਾਮ ਸ਼ਾਹ ਵੱਲੋਂ ਲਿਖਿਆ ਗਿਆ ਹੈ ਕਿ ਉਨਾਂ ਦੇ ਸਮਾਗਮ ਵਿੱਚ ਸ਼ਾਮਲ ਹੋਣ ਸਬੰਧੀ ਚੇਅਰਮੈਨ ਸਕੱਤਰੇਤ ਵੱਲੋਂ ਉਨਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਲੋੜੀਂਦੀ ਇੰਤਜ਼ਾਮ ਕੀਤੇ ਜਾਣਗੇ।
ਸਿੱਧੂ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਬਾਰੇ ਉਨਾਂ ਕੇਂਦਰੀ ਗ੍ਰਹਿ ਮੰਤਰਾਲੇ ਤੇ ਪੰਜਾਬ ਦੇ ਮੁੱਖ ਮੰਤਰੀ ਦਫਤਰ ਨੂੰ ਸੂਚਨਾ ਦੇ ਦਿੱਤੀ ਹੈ। ਇਸ ਤੋਂ ਇਲਾਵਾ ਇਸਲਾਮਾਬਾਦ ਜਾਣ ਸੰਬੰਧੀ ਰਸਮੀ ਕਾਰਵਾਈ ਲਈ ਪੰਜਾਬ ਸਰਕਾਰ ਦੇ ਸਕੱਤਰ ਪ੍ਰਸੋਨਲ ਸ੍ਰੀ ਕਿਰਪਾ ਸ਼ੰਕਰ ਸਰੋਜ ਨੂੰ ਕਹਿ ਦਿੱਤਾ ਹੈ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਉਨਾਂ ਦੀ ਸਾਬਕਾ ਭਾਰਤੀ ਕ੍ਰਿਕਟ ਦੇ ਕਪਤਾਨ ਕਪਿਲ ਦੇਵ ਨਾਲ ਵੀ ਗੱਲਬਾਤ ਹੋਈ ਹੈ ਅਤੇ ਉਨਾਂ ਨੂੰ ਵੀ ਸੱਦਾ ਪੱਤਰ ਮਿਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।