ਬਿਜਲੀ ਦਰਾਂ ਤੈਅ ਕਰਕੇ ਸਰਕਾਰ ਨੇ ਮੁਕੰਮਲ ਬਿੱਲ ਲਾਉਣ ਦੀ ਤਿਆਰੀ ਖਿੱਚੀ : ਮਜੀਠੀਆ

Setting, Power, Tariff, Government, Planned, Bill , Majithia

ਅਕਾਲੀ ਦਲ ਹਰ ਵਾਅਦਾ ਪੂਰਾ ਕਰਨ ਲਈ ਕਾਂਗਰਸ ਨੂੰ ਮਜ਼ਬੂਰ ਕਰੇਗਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੀ ਕਾਂਗਰਸ ਸਰਕਾਰ ਨੇ ਸਵੈ-ਇੱਛਤ ਸਕੀਮ ਦੇ ਨਾਂਅ ‘ਤੇ ਬਿਜਲੀ ਦਰਾਂ ਤੈਅ ਕਰ ਕੇ ਆਮ ਸਾਧਾਰਨ ਕਿਸਾਨਾਂ ਲਈ ਮੋਟਰਾਂ ਦੇ ਬਿੱਲ ਲਾਉਣ ਦੀ ਤਿਆਰੀ ਮੁਕੰਮਲ ਕਰ ਲਈ ਹੈ। ਇਹ ਪ੍ਰਗਟਾਵਾ ਸਾਬਕਾ ਮੰਤਰੀ ਬਿਕਰਮ ਸਿੰਘ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਸਵੈ ਇੱਛਤ ਸਕੀਮ ਦੇ ਨਾਂਅ ‘ਤੇ 403 ਰੁਪਏ ਤੇ 202 ਰੁਪਏ ਪ੍ਰਤੀ ਹਾਰਸ ਪਾਵਰ ਦਾ ਰੇਟ ਤੈਅ ਕਰ ਕੇ ਕਾਂਗਰਸ ਸਰਕਾਰ ਨੇ ਅਗਲੇ ਪੜਾਅ ‘ਚ ਸਾਰੀਆਂ ਮੋਟਰਾਂ ਦੇ ਬਿਜਲੀ ਬਿੱਲ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ।

ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ‘ਚ ਪਾਵਰਕੌਮ ਟਿਊਬਵੈਲਾਂ ‘ਤੇ ਮੀਟਰ ਲਾ ਰਿਹਾ ਸੀ ਤੇ ਹੁਣ ਦਰਾਂ ਦਾ ਕਿੱਸਾ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਅਦਾਰਾ ਕਿਸੇ ਦਿਸ਼ਾ ‘ਚ ਕੰਮ ਕਰਦਾ ਹੈ ਤਾਂ ਉਹ ਟੀਚੇ ਰੱਖ ਕੇ ਕਰਦਾ ਹੈ ਤੇ ਪਾਵਰਕੌਮ ਦਾ ਟੀਚਾ ਮੀਟਰ ਲਾ ਕੇ ਰੀਡਿੰਗਾਂ ਲੈ ਕੇ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਭੇਜਣਾ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਨੇ ਹਾਲ ਹੀ ‘ਚ ਜਿੱਥੇ ਖੁੰਬਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਬਿਜਲੀ ਬਿੱਲ ਖੇਤੀਬਾੜੀ ਦੀ ਥਾਂ ਵਪਾਰਕ ਖੇਤਰ ਦੇ ਤੈਅ ਕਰ ਦਿੱਤੇ ਹਨ, ਉਥੇ ਹੀ ਤਤਕਾਲ ਕੋਟੇ ਦੇ ਖੇਤੀਬਾੜੀ ਕੁਨੈਕਸ਼ਨ ਬੰਦ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਚੰਬਾ ’ਚ ਨੌਜਵਾਨ ਦੇ ਕੀਤੇ 8 ਟੁਕੜੇ, ਬੇਰਹਿਮੀ ਨਾਲ ਕਤਲ ਲਈ ਕਸੂਰਵਾਰ ਕੌਣ?

ਜਦਕਿ ਪਿਛਲੀ ਬਾਦਲ ਸਰਕਾਰ ਵੇਲੇ ਕਿਸਾਨਾਂ ਵਾਸਤੇ ਡੇਢ ਲੱਖ ਕੁਨੈਕਸ਼ਨ ਉਚੇਚੇ ਤੌਰ ‘ਤੇ ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਐਸਸੀ ਤੇ ਬੀਸੀ ਵਰਗ ਲਈ 200 ਰੁਪਏ ਮੁਫ਼ਤ ਬਿਜਲੀ ਦੀ ਯੋਜਨਾ ਵੀ ਸਰਕਾਰ ਨੇ ਇਹ ਕਹਿੰਦਿਆਂ ਬੰਦ ਕਰ ਦਿੱਤੀ ਹੈ ਕਿ 3 ਹਜ਼ਾਰ ਯੂਨਿਟ ਸਾਲਾਨਾ ਖਪਤ ਕਰਨ ਵਾਲੇ ਖਪਤਕਾਰਾਂ ਨੂੰ ਸਾਰਾ ਬਿੱਲ ਤਾਰਨਾ ਪਵੇਗਾ ਤੇ ਅਜਿਹੇ ਇਕ ਲੱਖ ਖਪਤਕਾਰਾਂ ਦੇ ਸਿਰ ਬਿਜਲੀ ਦੇ ਬਿੱਲ ਪਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਸਿਰਫ ਇਹ ਵਰਗ ਹੀ ਨਹੀਂ ਬਲਕਿ ਉਦਯੋਗ ਜਗਤ ਵੀ ਸਰਕਾਰ ਤੋਂ ਪੀੜਤ ਹੈ, ਜਿਸਨੂੰ 5 ਰੁਪਏ ਦੀ ਥਾਂ 7 ਰੁਪਏ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ ਤੇ ਵਿਰੋਧ ਕਰਨ ਵਾਲੇ ਉਦਯੋਗਪਤੀਆਂ ‘ਤੇ ਪਰਚੇ ਦਰਜ ਕੀਤੇ ਜਾ ਰਹੇ ਹਨ।

ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਵਿਸ਼ਨੂੰ ਸ਼ਰਮਾ, ਨਰਦੇਵ ਸਿੰਘ ਆਕੜੀ,  ਹਰਵਿੰਦਰ ਸਿੰਘ ਹਰਪਾਲਪੁਰ ਸਾਬਕਾ ਚੇਅਰਮੈਨ, ਕਬੀਰ ਦਾਸ ਨਾਭਾ, ਸੁਰਜੀਤ ਸਿੰਘ ਅਬਲੋਵਾਲ ਆਦਿ ਹਾਜ਼ਰ ਸਨ।

ਕਾਂਗਰਸੀ ਵਾਇਰਲ ਹੋਈਆਂ ਵੀਡੀਓ ਵੇਖਣ

ਨਗਰ ਨਿਗਮ ਲੁਧਿਆਣਾ ਵਿਚ ਕਾਂਗਰਸ ਦੀ ਜਿੱਤ ਬਾਰੇ ਮਜੀਠੀਆ ਨੇ ਕਿਹਾ ਕਿ ਪੁਲਿਸ ਦੇ ਸਿਰ ‘ਤੇ ਰੱਜ ਕੇ ਗੁੰਡਾਗਰਦੀ ਤੇ ਧੱਕੇਸ਼ਾਹੀ ਕਰਨ ਦੇ ਬਾਵਜ਼ੂਦ ਕਾਂਗਰਸ ਨੂੰ 95 ‘ਚੋਂ 62 ਸੀਟਾਂ ਮਿਲੀਆਂ ਹਨ। ਜੇਕਰ ਸਹੀ ਤਰੀਕੇ ਚੋਣਾਂ ਹੋ ਜਾਂਦੀਆਂ ਤਾਂ ਫਿਰ ਕਾਂਗਰਸ ਦਾ ਕੀ ਹਾਲ ਹੁੰਦਾ। ਨਵਜੋਤ ਸਿੱਧੂ ਦੇ ਦਾਅਵਿਆਂ ਦਾ ਮਖੌਲ ਉਡਾਉਂਦਿਆਂ ਉਨ੍ਹਾਂ ਕਿਹਾ ਕਿ ਦਾਅਵੇ ਕਰਨ ਤੋਂ ਪਹਿਲਾਂ ਕਾਂਗਰਸੀਆਂ ਨੂੰ ਸੋਸ਼ਲ ਮੀਡੀਆ ‘ਤੇ ਧੱਕੇਸ਼ਾਹੀ, ਜਾਅਲੀ ਵੋਟਾਂ ਪਾਉਣ ਤੇ ਗੁੰਡਾਗਰਦੀ ਦੀਆਂ ਵਾਇਰਲ ਵੀਡੀਓ ਵੇਖ ਲੈਣੀਆਂ ਚਾਹੀਦੀਆਂ ਹਨ।