ਵੱਡੀ ਗਿਣਤੀ ਕਿਸਾਨਾਂ ਵੱਲੋਂ ਬੈਂਕ ਅਧਿਕਾਰੀਆਂ ਖਿਲਾਫ਼ ਨਾਅਰੇਬਾਜੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਸ਼ੇਰਾ ਵਾਲਾ ਗੇਟ ਵਿਖੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਜੋਨਲ ਦਫ਼ਤਰ ਅੱਗੇ ਬੈਂਕ ਦਾ ਮੁੱਖ ਗੇਟ ਬੰਦ ਕਰਕੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਸੂਬਾ ਪੱਧਰੀ ਧਰਨਾ ਦੇ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਆਗੂਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਬੈਂਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਆਪਣੀਆਂ ਫਸਲੀ ਅਤੇ ਹੋਰ ਖੇਤੀ ਨਾਲ ਸਬੰਧਤ ਘਰੇਲੂ ਲੋੜਾਂ ਲਈ ਕਰਜਾ ਲੈਣ ਸਮੇਂ ਜਿੱਥੇ ਬੈਂਕ ਕਿਸਾਨਾਂ ਦੀ ਜਮੀਨ ਜਾਂ ਕੋਈ ਹੋਰ ਜਾਇਦਾਦ ਦੀ ਗਰੰਟੀ ਲੈਂਦੇ ਹਨ। ਉਥੇ ਨਾਲ ਹੀ ਕਿਸਾਨਾਂ ਤੋਂ ਖਾਲੀ ਚੈੱਕਾਂ ਤੇ ਹਸਤਾਖਰ ਕਰਾਕੇ ਆਪਣੇ ਕੋਲ ਰੱਖ ਲੈਂਦੇ ਹਨ।
ਕਿਸਾਨਾਂ ਨੂੰ ਖੇਤੀ ਵਿੱਚ ਲਗਾਤਾਰ ਪੈ ਰਹੇ ਘਾਟੇ ਕਾਰਨ, ਕਿਸੇ ਕੁਦਰਤੀ ਆਫਤ ਕਾਰਨ ਜਾਂ ਕਸੇ ਹੋਰ ਕਾਰਨ ਕਰਕੇ ਜਦੋਂ ਸਮੇਂ ਸਿਰ ਕਰਜੇ ਦੀ ਅਦਾਇਗੀ ਕਰਨ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਬਹੁਤ ਸਾਰੀਆਂ ਬੈਕਾਂ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਹਸਤਾਖਰ ਕੀਤੇ ਖਾਲੀ ਚੈੱਕ ਬਰਾਂਚ ਵਿੱਚ ਲਾਕੇ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਬਾਊਂਸ ਕਰਵਾ ਕੇ ਕਿਸਾਨਾਂ ਵਿਰੁੱਧ ਫੌਜਦਾਰੀ ਧਾਰਾਵਾਂ 420, 138, ਆਦਿ ਤਹਿਤ ਕੇਸ ਦਰਜ ਕਰਵਾ ਦਿੱਤੇ ਜਾਂਦੇ ਹਨ।
ਇਸ ਕਾਰਨ ਬਹੁਤ ਸਾਰੇ ਕਿਸਾਨਾਂ ਨੂੰ ਅਗਾਓ ਜਮਾਨਤ ਕਰਵਾਉਣੀ ਪੈਂਦੀ ਹੈ ਜਾਂ ਕਈ ਵਾਰ ਜੇਲ੍ਹ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਬਹੁਤ ਹੀ ਅਣਮਨੁੱਖੀ, ਅਪਰਾਧਕ, ਗੈਰ ਜਮਹੂਰੀ ਅਤੇ ਜਲਾਲਤ ਭਰਿਆ ਹੈ ਜਿਸ ਕਾਰਨ ਕਈ ਵਾਰ ਕਿਸਾਨ ਖੁਦਖੁਸੀ ਦੇ ਰਸਤੇ ਪਏ ਹਨ। ਇਸ ਮੌਕੇ ਸੂਬਾ ਜਥੇਬੰਦਕ ਸਕੱਤਰ ਡਾ. ਦਰÎਸ਼ਨ ਪਾਲ, ਮਨਜੀਤ ਧਨੇਰ, ਗੁਰਦੀਪ ਸਿੰਘ ਰਾਮਪੁਰਾ ਨੇ ਮੰਗ ਕੀਤੀ ਕਿ ਕਿਸਾਨਾਂ ਵਿਰੁੱਧ ਖਾਲੀ ਚੈਕਾਂ ਦੇ ਆਧਾਰ ਤੇ ਕੀਤੇ ਕੇਸ ਵਾਪਸ ਲਏ ਜਾਣ, ਕਿਸਾਨਾਂ ਤੋਂ ਲਏ ਹੋਏ ਖਾਲੀ ਚੈਕ ਵਾਪਸ ਕੀਤੇ ਜਾਣ ਅਤੇ ਅੱਗੇ ਤੋਂ ਕਰਜੇ ਦੀ ਅਦਾਇਗੀ ਸਮੇਂ ਖਾਲੀ ਚੈਕ ਲੈਣ ਦਾ ਗੈਰ ਕਾਨੂੰਨੀ ਅਤੇ ਗੈਰ ਮਨੁੱਖੀ ਅਮਲ ਬੰਦ ਕੀਤਾ ਜਾਵੇ। ਧਰਨੇ ਉਪਰੰਤ ਸੂਬਾ ਕਮੇਟੀ ਵਲੋਂ ਬੈਂਕ ਦੇ ਮੁੱਖ ਅਧਿਕਾਰੀ ਨੂੰ ਉਪਰੋਕਤ ਮੰਗਾਂ ਸਬੰਧੀ ਪੱਤਰ ਦਿੱਤਾ ਗਿਆ।