Ludhiana News: ਮਹਾਂਨਗਰ ਲੁਧਿਆਣਾ ’ਚ ਪੰਜਾਬ ਬੰਦ ਦੇ ਸੱਦੇ ਦਾ ਅਸਰ ਬੇ- ਅਸਰ ਦਿਖਾਈ ਦਿੱਤਾ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵੱਖ-ਵੱਖ ਕਿਸਾਨ ਜਥੇਬੰਦੀਆਂ ਦੁਆਰਾ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਅਸਰ ਮਹਾਂਨਗਰ ਲੁਧਿਆਣਾ ਦੇ ਅੰਦਰ ਬੇ- ਅਸਰ ਰਿਹਾ। ਜਦਕਿ ਮੁੱਖ ਮਾਰਗਾਂ ’ਤੇ ਸੰਨਾਟਾ ਛਾਇਆ ਰਿਹਾ। ਜਿੱਥੇ ਇੱਕ- ਦੁੱਕਾ ਐਮਰਜੈਂਸੀ ਸੇਵਾਵਾਂ ਵਾਲੇ ਵਾਹਨ ਹੀ ਆਉਂਦੇ- ਜਾਂਦੇ ਦਿਖਾਈ ਦਿੱਤੇ।
ਕਿਸਾਨਾਂ ਵੱਲੋਂ ਸੌਮਵਾਰ ਨੂੰ ਭਾਵੇਂ ਸਵੇਰੇ 7 ਵਜੇ ਤੋਂ ਪੰਜਾਬ ਨੂੰ ਮੁਕੰਮਲ ਰੂਪ ਵਿੱਚ ਬੰਦ ਕਰਨ ਦੀ ਕਾਲ ਦਿੱਤੀ ਹੋਈ ਸੀ ਪਰ ਸਿਰਫ਼ ਖੰਨਾ ’ਚ ਸਵੇਰੇ 9 ਵਜੇ ਬੰਦ ਦੇ ਤਹਿਤ ਮੁੱਖ ਮਾਰਗ ਜਾਮ ਕੀਤਾ ਨਜ਼ਰ ਆਇਆ। ਜਿਸ ਤੋਂ ਬਾਅਦ ਦਿਨ ਚੜ੍ਹਨ ਦੇ ਨਾਲ ਨਾਲ ਲੁਧਿਆਣਾ- ਅੰਬਾਲਾ ਨੈਸ਼ਨਲ ਹਾਈਵੇ ’ਤੇ ਉਕਤ ਤੋਂ ਇਲਾਵਾ ਸਾਹਨੇਵਾਲ ਤੇ ਐਸਪੀਐਸ ਹਸਪਤਾਲ ਲਾਗੇ ਵੀ ਕਿਸਾਨਾਂ ਨੇ ਮੁੱਖ ਮਾਰਗ ਨੂੰ ਬੰਦ ਕਰ ਦਿੱਤਾ। ਸੜਕਾਂ ਤੋਂ ਇਲਾਵਾ ਰੇਲਾਂ ਦੇ ਪਹੀਏ ਵੀ ਜਾਮ ਰਹੇ। Ludhiana News
Read Also : Punjab Bandh News: ਬਰਨਾਲਾ ਦੇ ਬਜ਼ਾਰ ਸੁੰਨੇ, ਐਮਰਜੈਂਸੀ ਸੇਵਾਵਾਂ ਦਾ ਰੱਖਿਆ ਜਾ ਰਿਹੈ ਖਾਸ ਧਿਆਨ
ਇਸ ਦੇ ਉਲਟ ਬਜ਼ਾਰਾਂ ’ਚ ਆਮ ਦਿਨਾਂ ਵਾਂਗ ਹੀ ਚਹਿਲ- ਪਹਿਲ ਨਜ਼ਰ ਆਈ। ਵੱਖ- ਵੱਖ ਬਜ਼ਾਰਾਂ ਵਿੱਚ ਸਵੇਰ ਸਮੇਂ ਗਿਣਤੀ ਦੀਆਂ ਦੁਕਾਨਾਂ ਹੀ ਬੰਦ ਦਿਖਾਈ ਦਿੱਤੀਆਂ। ਜਿੰਨਾਂ ਨੂੰ ਉਨ੍ਹਾਂ ਦੇ ਮਾਲਕਾਂ ਦੁਆਰਾ ਹੋਰ ਦੁਕਾਨਾਂ ਵਾਂਗ ਹੀ ਕੁੱਝ ਸਮੇਂ ਬਾਅਦ ਖੋਲ੍ਹ ਲਿਆ ਗਿਆ। ਜਦਕਿ ਕੁੱਝ ਕੁ ਦੁਕਾਨਦਾਰਾਂ ਦਾ ਦੁਕਾਨਾਂ ਦੇ ਸਟਰ ਅੱਧੇ ਬੰਦ ਰੱਖੇ ਗਏ। ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਸ਼ਹਿਰ ਦੀ ਘੁਮਾਰ ਮੰਡੀ ਸਣੇ ਬੱਸ ਸਟੈਂਡ ਰੋਡ, ਚੌੜਾ ਬਜ਼ਾਰ ਤੇ ਹੈਬੋਵਾਲ ਮਾਰਕੀਟ ਜ਼ਿਆਦਾਤਰ ਖੁੱਲ੍ਹੀ ਰਹੀ। ਕਿਸਾਨਾਂ ਦੇ ਬੰਦ ਦੇ ਸੱਦੇ ਵਿੱਚ ਟਰਾਂਸਪੋਰਟ ਕਾਮਿਆਂ ਨੇ ਵੀ ਭਰਵੀਂ ਸ਼ਮੂਲੀਅਤ ਕਰਕੇ ਬੱਸਾਂ ਦੇ ਚੱਕੇ ਜਾਮ ਰੱਖੇ। ਕੁੱਲ ਮਿਲਾ ਕੇ ਬੱਸ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।