Abohar News: ਅਬੋਹਰ (ਮੇਵਾ ਸਿੰਘ)। ਅਬੋਹਰ ਦੇ ਬੱਸ ਅੱਡੇ ਤੋਂ ਬੀਤੀ ਰਾਤ ਅਣਪਛਾਤੇ ਵਿਅਕਤੀ ਇੱਕ ਬੱਸ ਚੋਰੀ ਕਰਕੇ ਲੈ ਗਏ। ਜਦੋਂ ਸਵੇਰੇ ਬੱਸ ਦਾ ਡਰਾਈਵਰ ਅਤੇ ਕੰਡਕਟਰ ਬੱਸ ਲਿਜਾਣ ਲਈ ਇੱਥੇ ਪਹੁੰਚੇ ਤਾਂ ਬੱਸ ਨੂੰ ਉਥੇ ਖੜ੍ਹੀ ਨਾ ਦੇਖਕੇ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਤੇ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਬੱਸ ਦੇ ਮਾਲਕ ਨੂੰ ਕੀਤੀ।
ਇਸ ਘਟਨਾ ਤੋਂ ਬਾਅਦ ਬੱਸ ਡਰਾਈਵਰਾਂ ਤੇ ਹੋਰ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੱਸ ਦੇ ਚਾਲਕ ਸੁਭਾਸ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਰਾਜਸਥਾਨ ਨੰਬਰ ਦੀ ਅਗਰਵਾਲ ਕੰਪਨੀ ਦੀਆਂ ਬੱਸਾਂ ਚਲਾਉਂਦਾ ਹੈ। ਕੱਲ੍ਹ ਸ਼ਾਮ ਉਹ ਤੇ ਉਸ ਦਾ ਸਾਥੀ ਕੰਡਕਟਰ ਸੋਨੂੰ ਇੱਥੇ ਆਏ ਤੇ ਸ਼ਾਮ ਦੇ ਕਰੀਬ ਸਾਢੇ 5 ਵਜੇ ਬੱਸ ਨੂੰ ਬੱਸ ਅੱਡੇ ਵਿਚ ਲੌਕ ਕਰਕੇ ਆਪਣੇ ਘਰਾਂ ਨੂੰ ਚਲੇ ਗਏ। ਉਹ ਇੱਥੇ ਕਾਰਪੋਰੇਸ਼ਨ ਵੱਲੋਂ ਬਣੇ ਅੱਡਾ ਪਰਚੀ ਵੀ ਕਟਵਾਉਂਦੇ ਹਨ, ਪਰ ਇੱਥੇ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਹੁੰਦਾ। ਅੱਜ ਸਵੇਰੇ ਜਦੋਂ ਉਹ ਬੱਸ ਅੱਡੇ ’ਤੇ ਆਏ ਤਾਂ ਦੇਖਿਆ ਕਿ ਉਨ੍ਹਾਂ ਦੀ ਬੱਸ ਇੱਥੋਂ ਗਾਇਬ ਸੀ।
Read Also : ਮਾਓਵਾਦ: ਮੁੜ-ਵਸੇਬਾ, ਪੇਂਡੂ ਖੇਤਰਾਂ ’ਤੇ ਧਿਆਨ ਦੇਣਾ ਬਹੁਤ ਜ਼ਰੂਰੀ
ਉਨ੍ਹਾਂ ਨੇ ਆਸ-ਪਾਸ ਹੋਰ ਬੱਸ ਚਾਲਕਾਂ ਨੂੰ ਬੱਸ ਬਾਰੇ ਪੁੱਛਿਆ ਤਾਂ ਕੋਈ ਵੀ ਸੁਰਾਗ ਨਹੀਂ ਮਿਲਿਆ। ਉਧਰ ਜਦੋਂ ਅੱਡਾ ਪਰਚੀ ਵਸੂਲੀ ਕੇਂਦਰ ਦੇ ਮੁਲਾਜ਼ਮ ਨੂੰ ਬੱਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਰਾਤ ਨੂੰ ਇੱਥੇ 2 ਹੋਰ ਮੁਲਾਜ਼ਮਾਂ ਦੀ ਡਿਊਟੀ ਹੁੰਦੀ ਹੈ, ਇਸ ਬੱਸ ਚੋਰੀ ਬਾਰੇ ਉਸ ਨੂੰ ਕੁਝ ਪਤਾ ਨਹੀਂ। ਉਸ ਨੇ ਕਿਹਾ ਕਿ ਰਾਤ ਦੀ ਡਿਊਟੀ ਵਾਲੇ ਮੁਲਾਜ਼ਮ ਹੀ ਦੱਸ ਸਕਦੇ ਹਨ, ਇਸ ਨੰਬਰ ਦੀ ਬੱਸ ਆਖਰ ਕੌਣ ਇੱਥੋਂ ਲੈ ਕੇ ਗਿਆ ਹੈ। Abohar News














