ਅਬੋਹਰ ਨਹਿਰ ’ਚ ਪਿਆ ਪਾੜ, ਸੈਂਕੜੇ ਏਕੜ ਫਸਲਾਂ ਤਬਾਹ

ਕਿਸਾਨਾਂ ਨੇ ਕੀਤਾ ਮੁਆਵਜ਼ੇ ਦੀ ਮੰਗ

(ਸੱਚ ਕਹੂੰ ਨਿਊਜ਼) ਅਬੋਹਰ। ਅਬੋਹਰ ‘ਚ ਬੀਤੀ ਰਾਤ ਤੇਜ਼ ਹਨ੍ਹੇਰ ਤੇ ਝੱਖੜ ਕਾਰਨ ਸਬ ਡਵੀਜ਼ਨ ਦੀਆਂ ਦੋ ਮਾਈਨਰਾਂ ਟੁੱਟ ਗਈਆਂ। ਮਾਈਨਰ ਟੁੱਟ ਜਾਣ ਕਾਰਨ ਸੈਂਕੜੇ ਛੇਕੜ ਕਿਸਾਨਾਂ ਦੀਆਂ ਪੱਕੀਆਂ ਪਕਾਈਆਂ ਫਸਲਾਂ ਪਾਣੀ ’ਚ ਡੁੱਬ ਗਈਆਂ। ਕਿਸਾਨਾਂ ਦੀ ਛੇ ਮਹੀਨਿਆਂ ਦੀ ਮਿਹਨਤ ’ਤੇ ਪਾਣੀ ਫਿਰ ਗਿਆ।

ਜਾਣਕਾਰੀ ਅਨੁਸਾਰ ਟੇਲਾਂ ’ਤੇ ਸਥਿਤ ਪਿੰਡ ਹਰੀਪੁਰਾ ਨੇੜੇ ਬੀਤੀ ਰਾਤ ਪੰਜਾਬ ਮਾਈਨਰ ਟੁੱਟ ਗਿਆ। ਇਸ ਕਾਰਨ ਆਲੇ-ਦੁਆਲੇ ਦੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਅਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ। ਇਸੇ ਤਰ੍ਹਾਂ ਰਾਮਸਰਾ ਮਾਈਨਰ ਵਿੱਚ ਵੀ ਹਨੇਰੀ ਕਾਰਨ ਹੋਏ ਪਾੜ ਕਾਰਨ ਸੈਂਕੜੇ ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ ਅਤੇ ਕਣਕ ਦੀ ਫ਼ਸਲ ਪੂਰੀ ਤਰਾਂ ਤਬਾਹ ਹੋ ਗਈ।

ਸਵੇਰੇ ਸੂਚਨਾ ਮਿਲਣ ’ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਨਹਿਰਾਂ ਵਿੱਚ ਪਏ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬੀਤੀ ਰਾਤ ਆਏ ਤੂਫਾਨ ਕਾਰਨ ਨਵੀਂ ਬਣੀ ਰਾਮਸਰਾ ਮਾਈਨਰ ਵਿੱਚ ਵੀ ਭਾਰੀ ਪਾੜ ਪੈ ਗਿਆ ਹੈ। ਓਧਰ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨਾਂ ਦੀਆਂ ਪੱਕੀਆਂ-ਪਕਾਈਆਂ ਫਸਲਾਂ ਤਬਾਹ ਹੋ ਗਈਆਂ। ਕਿਸਾਨਾਂ ਨੇ ਮੰਗ ਕੀਤੀ ਕਿ ਉਨਾਂ ਸਰਕਾਰ ਵੱਲੋਂ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ।