ਬੁਰਕਿਨਾ ਫਾਸੋ: ਚੀਨ ਦੇ ਵਿਸਥਾਰਵਾਦ ’ਤੇ ਉੱਠਦੇ ਸਵਾਲ Burkina Faso
ਪੱਛਮੀ ਅਫ਼ਰੀਕਾ ਦੇ ਇੱਕ ਹੋਰ ਦੇਸ਼ ਬੁਰਕਿਨਾ ਫਾਸੋ (Burkina Faso)’ਚ ਤਖਤਾਪਲਟ ਹੋ ਗਿਆ ਹੈ ਬੀਤੇ 18 ਮਹੀਨਿਆਂ ’ਚ ਬੁਰਕਿਨਾ ਫਾਸੋ ਪੱਛਮੀ ਅਫ਼ਰੀਕਾ ਦਾ ਤੀਜਾ ਅਜਿਹਾ ਦੇਸ਼ ਹੈ ਜਿੱਥੇ ਕਿ ਲੋਕਤੰਤਰਿਕ ਢੰਗ ਨਾਲ ਚੁਣੀ ਹੋਈ ਸਰਕਾਰ ਦਾ ਫੌਜ ਨੇ ਤਖਤਾਪਲਟ ਕੀਤਾ ਹੈ ਇਸ ਤੋਂ ਪਹਿਲਾਂ ਅਗਸਤ 2020 ’ਚ ਮਾਲੀ ਅਤੇ ਸਤੰਬਰ 2021 ’ਚ ਗਿੰਨੀ ’ਚ ਫੌਜ ਤਖਤਾਪਲਟ ਨੂੰ ਅੰਜਾਮ ਦੇ ਚੁੱਕੀ ਹੈ ਫੌਜ ਨੇ ਰਾਸ਼ਟਰਪਤੀ ਰਾਕ ਮਾਰਕ ਸ਼ਚਿਅਨ ਕੋਬੋਗੇ ਨੂੰ ਅਣਪਛਾਤੀ ਥਾਂ ’ਤੇ ਨਜ਼ਰਬੰਦ ਕਰਕੇ ਸੰਸਦ ਨੂੰ ਭੰਗ ਕਰ ਦਿੱਤਾ ਹੈ ਤਖਤਾਪਲਟ ਦਾ ਐਲਾਨ ਕਰਦਿਆਂ ਫੌਜ ਦੇ ਕਪਤਾਨ ਸਿਡਸੋ ਨੇ ਕਿਹਾ ਕਿ ਦੇਸ਼ ਦੀ ਮੌਜੂਦਾ ਸਰਕਾਰ ਇਸਲਾਮਿਕ ਵਿਦਰੋਹੀਆਂ ਨਾਲ ਨਜਿੱਠਣ ’ਚ ਨਾਕਾਮ ਰਹੀ ਹੈ ਇਸ ਲਈ ਦੇਸ਼ ਦੀ ਸੁਰੱਖਿਆ ਅਤੇ ਸਥਿਰਤਾ ਲਈ ਫੌਜ ਦੀ ਦਖ਼ਲਅੰਦਾਜ਼ੀ ਜ਼ਰੂਰੀ ਹੋ ਗਈ ਸੀ।
ਕਰੀਬ ਦੋ ਕਰੋੜ ਦੀ ਅਬਾਦੀ ਵਾਲਾ ਬੁਰਕਿਨਾ ਫਾਸੋ (Burkina Faso) ਸਾਲ 2016 ਤੋਂ ਚਰਮਪੰਥੀ ਜੇਹਾਦੀਆਂ ਦੇ ਹਮਲਿਆਂ ਨਾਲ ਜੂਝ ਰਿਹਾ ਹੈ ਬੀਤੇ ਪੰਜ ਸਾਲਾਂ ’ਚ ਅਲ-ਕਾਇਦਾ ਅਤੇ ਆਈਐਸਆਈਐਸ ਦੇ ਹਮਲਿਆਂ ’ਚ ਦੋ ਹਜ਼ਾਰ ਤੋਂ ਜਿਆਦਾ ਲੋਕ ਮਾਰੇ ਜਾ ਚੁੱਕੇ ਹਨ 15 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਦੇਸ਼ ਛੱਡ ਕੇ ਦੂਜੀਆਂ ਥਾਵਾਂ ’ਤੇ ਪਨਾਹ ਲੈਣੀ ਪਈ ਹੈ ਇਨ੍ਹਾਂ ਹਮਲਿਆਂ ’ਚ ਆਮ ਨਾਗਰਿਕਾਂ ਦੇ ਨਾਲ-ਨਾਲ ਵੱਡੀ ਗਿਣਤੀ ’ਚ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਕੱਲੇ ਦਸੰਬਰ ਮਹੀਨੇ ’ਚ ਹੀ 60 ਜਵਾਨ ਇਨ੍ਹਾਂ ਹਮਲਿਆਂ ਦੇ ਸ਼ਿਕਾਰ ਹੋਏ ਇਸ ਤੋਂ ਪਹਿਲਾਂ ਜੂਨ ਮਹੀਨੇ ’ਚ ਦੇਸ਼ ਦੇ ਉੱਪਰੀ ਹਿੱੇਸੇ ’ਚ ਪੁਲਿਸ ਨੇ ਗਸ਼ਤੀ ਟੀਮ ’ਤੇ ਘਾਤ ਲਾ ਕੇ ਹਮਲਾ ਕੀਤਾ ਗਿਆ ਸੀ ਹਮਲੇ ’ਚ 11 ਪੁਲਿਸ ਅਧਿਕਾਰੀ ਮਾਰੇ ਗਏ ਜੂਨ ਮਹੀਨੇ ਦੀ ਸ਼ੁਰੂਆਤ ’ਚ ਵੀ ਸਾਹੇਲ ਖੇਤਰ ’ਚ ਜੇਹਾਦੀਆਂ ਨੇ ਹਮਲਾ ਕਰਕੇ 160 ਨਾਗਰਿਕਾਂ ਨੂੰ ਮਾਰ ਦਿੱਤਾ ਸੀ ਇਹ ਹਾਲ ਦੇ ਸਾਲਾਂ ’ਚ ਕੀਤਾ ਗਿਆ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ ਦੋਸ਼ ਹੈ ਕਿ ਰਾਸ਼ਟਰਪਤੀ ਕੋਬੋਗੇ ਅੱਤਵਾਦੀ ਹਮਲਿਆਂ ਅਤੇ ਜੇਹਾਦੀ ਹਿੰਸਾ ਨੂੰ ਨੱਥ ਲਾਉਣ ’ਚ ਨਾਕਾਮ ਰਹੇ ਹਨ ਦੇਸ਼ ਅੰਦਰ ਉਨ੍ਹਾਂ ਦੇ ਖਿਲਾਫ ਗੁੱਸਾ ਪੈਦਾ ਹੋ ਰਿਹਾ ਸੀ ਦੇਸ਼ ਵਿਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਅਤੇ ਲੋਕਾਂ ਨੂੰ ਇੱਕਜੁਟ ਰੱਖਣ ਲਈ ਇਹ ਜ਼ਰੂਰੀ ਹੋ ਗਿਆ ਸੀ ਕਿ ਸ਼ਾਸਨ ਦੀ ਵਾਗਡੋਰ ਫੌਜ ਆਪਣੇ ਹੱਥ ’ਚ ਲਵੇ ਪਰ ਸਵਾਲ ਇਹ ਹੈ ਕਿ ਫੌਜ ਦਾ ਇਹ ਤਰਕ ਕਿੰਨਾ ਸਹੀ ਹੈ?
ਅਫ਼ਰੀਕੀ ਮਹਾਂਦੀਪ ’ਚ ਤਖਤਾਪਲਟ ਦਾ ਲੰਮਾ ਇਤਿਹਾਸ ਰਿਹਾ ਹੈ ਕੋਬੋਗੇ ਤੋਂ ਪਹਿਲਾਂ ਬੁਰਕਿਨਾ ਫਾਸੋ ਦੇ ਰਾਸ਼ਟਰਪਤੀ ਰਹੇ ਬਲੈਸ ਕੁੰਪੋਰੇ ਵੀ ਸਾਲ 1987 ’ਚ ਸ਼ਕਤੀ ਦੇ ਦਮ ’ਤੇ ਸੱਤਾ ’ਚ ਆਏ ਸਨ ਭਾਰੀ ਵਿਰੋਧ ਤੋਂ ਬਾਅਦ ਸਾਲ 2014 ’ਚ ਉਨ੍ਹਾਂ ਨੂੰ ਸੱਤਾ ਤੋਂ ਰੁਖਸਤ ਹੋਣਾ ਪਿਆ ਉਨ੍ਹਾਂ ਨੇ ਢਾਈ ਦਹਾਕੇ ਤੋਂ ਜ਼ਿਆਦਾ ਸਮੇਂ ਤੱਕ ਬੁਰਕਿਨਾ ਫਾਸੋ ’ਤੇ ਰਾਜ ਕੀਤਾ ਸੀ ਸਾਲ 2015 ’ਚ ਵੀ ਕੁਪੋਰੇ ਸਮੱਰਥਕ ਫੌਜੀਆਂ ਨੇ ਅਸਥਾਈ ਸਰਕਾਰ ਦਾ ਤਖਤਾਪਲਟ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ’ਚ ਉਹ ਸਫ਼ਲ ਨਹੀਂ ਹੋ ਸਕੇ ਸਨ ਬੀਤੇ 18 ਮਹੀਨਿਆਂ ’ਚ ਜਿਸ ਤਰ੍ਹਾਂ ਫੌਜ ਨੇ ਇੱਕ ਤੋਂ ਬਾਅਦ ਇੱਕ ਅਫ਼ਰੀਕੀ ਮਹਾਂਦੀਪਾਂ ’ਚ ਤਖਤਾਪਲਟ ਨੂੰ ਅੰਜਾਮ ਦਿੱਤਾ ਹੈ ਉਸ ਨਾਲ ਫੌਜ ਦੀ ਨੀਅਤ ’ਤੇ ਸਵਾਲ ਉੱਠ ਰਹੇ ਹਨ। ਅਜਿਹੇ ’ਚ ਸਵਾਲ ਇਹ ਵੀ ਹੈ ਕਿ ਕੀ ਤਖਤਾਪਲਟ ਵਰਗੀਆਂ ਘਟਨਾਵਾਂ ਫੌਜ ਵੱਲੋਂ ਸਵੈ-ਪ੍ਰੇਰਿਤ ਹਨ ਜਾਂ ਕੋਈ ਬਾਹਰੀ ਸ਼ਕਤੀ ਇਸ ਲਈ ਕੰਮ ਕਰਦੀ ਹੈ ਪਿਛਲੇ ਸਾਲ ਮਿਆਂਮਾਰ ’ਚ ਹੋਈ ਤਖਤਾਪਲਟ ਦੀ ਘਟਨਾ ਸਬੰਧੀ ਜਿਸ ਤਰ੍ਹਾਂ ਚੀਨ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਜਾ ਰਿਹਾ ਹੈ। ਉਸ ਨੂੰ ਦੇਖਦਿਆਂ ਬੁਰਕਿਨਾ ਫਾਸੋ ਦੇ ਮਾਮਲੇ ’ਚ ਵੀ ਚੀਨ ’ਤੇ ਸਵਾਲ ਉੱਠ ਰਹੇ ਹਨ।
ਚੀਨ ’ਤੇ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਅਤੇ ਉੱਥੋਂ ਦੀ ਰਾਜਨੀਤੀ ’ਚ ਦਖਲਅੰਦਾਜ਼ੀ ਕਰਨ ਦੇ ਦੋਸ਼ ਲੱਗਦੇ ਰਹੇ ਹਨ ਨੇਪਾਲ ’ਚ ਚੀਨ ਦੀ ਰਾਜਦੂਤ ਹਾਓ ਯਾਂਕੀ ਵੱਲੋਂ ਨੇਪਾਲ ਦੀ ਰਾਜਨੀਤੀ ’ਚ ਦਖਲਅੰਦਾਜ਼ੀ ਦੀਆਂ ਖ਼ਬਰਾਂ ਮੀਡੀਆ ਦੀਆਂ ਸੁਰਖੀਆਂ ’ਚ ਰਹੀਆਂ ਸਨ। ਪਾਕਿਸਤਾਨ ਦੇ ਇੱਕ ਜਨਰਲ ਵੀ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਨੂੰ ਬਲੂਚਿਸਤਾਨ ’ਚ ਅਜ਼ਾਦੀ ਦੇ ਅੰਦੋਲਨ ਨੂੰ ਖ਼ਤਮ ਕਰਨ ਲਈ ਚੀਨ ਵੱਲੋਂ ਪੈਸੇ ਦਿੱਤੇ ਗਏ ਹਨ ਪਿਛਲੀ ਫ਼ਰਵਰੀ ਮਹੀਨੇ ’ਚ ਮਿਆਂਮਾਰ ਦੀ ਸਟੇਟ ਕਾਉਸਲਰ ਆਂਗ ਸਾਨ ਸੂ ਚੀ ਅਤੇ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਗਿ੍ਰਫ਼ਤਾਰ ਕਰਕੇ ਫੌਜ ਨੇ ਦੇਸ਼ ਦੀ ਵਾਗਡੋਰ ਆਪਣੇ ਹੱਥ ’ਚ ਲੈ ਲਈ ਸੀ ਕਿਹਾ ਜਾ ਰਿਹਾ ਹੈ ਕਿ ਮਿਆਂਮਾਰ ’ਚ ਹੋਏ ਇਸ ਪੂਰੇ ਘਟਨਾਕ੍ਰਮ ਦੀ ਸਾਜਿਸ਼ ਚੀਨ ’ਚ ਹੀ ਘੜੀ ਗਈ ਸੀ ਸ਼ੱਕ ਦੀ ਵੱਡੀ ਵਜ੍ਹਾ ਇਹ ਹੈ ਕਿ ਤਖਤਾਪਲਟ ਤੋਂ ਮਹੀਨਾ ਭਰ ਪਹਿਲਾਂ ਹੀ ਚੀਨ ਦੇ ਸੀਨੀਅਰ ਡਿਪਲੋਮੈਟ ਵਾਂਗ ਯੀ ਨੇ ਮਿਆਂਮਾਰ ਫੌਜ ਦੇ ਕਮਾਂਡਰ ਇਨ ਚੀਫ਼ ਨਾਲ ਮੁਲਾਕਾਤ ਕੀਤੀ ਸੀ।
ਦਰਅਸਲ, ਰਾਸ਼ਟਰਪਤੀ ਕੋਬੋਰੇ ਸੱਤਾ ’ਚ ਆਉਣ ਤੋਂ ਪਹਿਲਾਂ ਫਾਸੋ ਦੇ ਤਾਈਵਾਨ ਦੇ ਨਾਲ ਚੰਗੇ ਸਬੰਧ ਸਨ ਫਾਸੋ ਸਰਕਾਰ ਨੇ ਤਾਈਵਾਨ ਦੀ ਅਜ਼ਾਦੀ ਦੀ ਹਮਾਇਤ ਕਰਦਿਆਂ ਉਸ ਨੂੰ ਇੱਕ ਅਜ਼ਾਦ ਰਾਸ਼ਟਰ ਦੇ ਰੂਪ ’ਚ ਮਾਨਤਾ ਦੇ ਰੱਖੀ ਸੀ ਤਾਈਵਾਨ ਚੀਨ ਦੀ ਦੁਖਦੀ ਹੋਈ ਰਗ ਹੈ ਚੀਨ ਨੂੰ ਫਾਸੋ ਦਾ ਇਹ ਰਵੱਈਆ ਨਾਗਵਾਰ ਲੱਗਾ ਇਸ ਤੋਂ ਇਲਾਵਾ ਫਾਸੋ ਉਨ੍ਹਾਂ ਅਫ਼ਰੀਕੀ ਦੇਸ਼ਾਂ ’ਚ ਸ਼ਾਮਲ ਸੀ ਜੋ ਚੀਨ ਨਾਲ ਰਣਨੀਤਿਕ ਸਬੰਧਾਂ ’ਚ ਬੱਝਣ ਤੋਂ ਗੁਰੇਜ਼ ਕਰ ਰਹੇ ਸਨ ਦੂਜੇ ਪਾਸੇ ਚੀਨ ਬੁਰਕਿਨਾ ਫਾਸੋ ਦੇ ਨਾਲ ਸਿਆਸੀ ਸਬੰਧ ਵਿਕਸਿਤ ਕਰਕੇ ਇਕੱਠੇ ਦੋ ਮੋਰਚਿਆਂ ਨੂੰ ਸਾਧਣਾ ਚਾਹੁੰਦਾ ਸੀ ਪਹਿਲਾ, ਫਾਸੋ ਦੇ ਨਾਲ ਸਬੰਧ ਵਧਾ ਕੇ ਉਹ ਤਾਈਵਾਨ ਦੀ ਹਮਾਇਤ ’ਚ ਉੱਠਣ ਵਾਲੇ ਅਫਰੀਕੀ ਸੁਰ ਨੂੰ ਸ਼ਾਂਤ ਕਰਨਾ ਚਾਹੁੰਦਾ ਹੈ ਦੂਜਾ, ਚੀਨ ਦੀ ਨਿਗ੍ਹਾ ਅਫਰੀਕੀ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਤੇ ਇੱਥੋਂ ਦੀ ਸਸਤੀ ਮਨੁੱਖੀ ਕਿਰਤ ’ਤੇ ਵੀ ਹੈ ਚੀਨ ਨੂੰ ਲੱਗਦਾ ਹੈ ਕਿ ਉਸ ਦੀ ਇਸ ਨੀਤੀ ’ਚ ਫਾਸੋ ਕਾਰਗਰ ਸਾਬਤ ਹੋ ਸਕਦਾ ਹੈ।
ਇਸ ਲਈ ਉਹ ਇੱਥੇ ਵੀ ਕਰਜ਼ ਕੂਟਨੀਤੀ ਦਾ ਦਾਅ ਖੇਡ ਰਿਹਾ ਹੈ ਰਾਸ਼ਟਰਪਤੀ ਕੋਬੋਰੇ ਚੀਨੀ ਜਾਲ ’ਚ ਫਸ ਗਏ ਸਾਲ 2015 ’ਚ ਸੱਤਾ ’ਚ ਆਉਣ ਤੋਂ ਬਾਅਦ ਉਨ੍ਹਾਂ ਨੇ 24 ਮਈ 2018 ਨੂੰ ਤਾਈਵਾਨ ਨਾਲ ਸਬੰਧ ਖ਼ਤਮ ਕਰਕੇ ਚੀਨ ਨਾਲ ਰਿਸ਼ਤੇ ਜੋੜ ਲਏ ਉਸ ਤੋਂ ਦੋ ਦਿਨ ਬਾਅਦ ਹੀ ਫਾਸੋ ਦੇ ਵਿਦੇਸ਼ ਮੰਤਰੀ ਅਸਫ਼ਾ ਬੈਰੀ ਨੇ ਬੀਜਿੰਗ ਦੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਚੀਨ ਅਤੇ ਬੁਰਕਿਨਾ ਫਾਸੋ ਵਿਚਕਾਰ ਡਿਪਲੋਮੈਟਿਕ ਸਬੰਧਾਂ ਦੀ ਬਹਾਲੀ ’ਤੇ ਦਸਤਖਤ ਹੋਏ ਜੁਲਾਈ 2018 ’ਚ ਚੀਨ ਨੇ ਬੁਰਕਿਨਾ ਦੀ ਰਾਜਧਾਨੀ (ਔਗਾਡੌਗੌ) ’ਚ ਆਪਣਾ ਦੂਤਘਰ ਖੋਲ੍ਹ ਦਿੱਤਾ ਚੀਨ ਨਾਲ ਰਣਨੀਤਿਕ ਸਬੰਧਾਂ ਦੀ ਸ਼ੁਰੂਆਤ ਦੇ ਅਗਲੇ ਤਿੰਨ ਸਾਲ ਬਾਅਦ ਹੀ ਬੁਰਕਿਨਾ ਫਾਸੋ ’ਚ ਰਾਜਨੀਤਿਕ ਉਥਲ-ਪੁਥਲ ਦਾ ਦੌਰ ਸ਼ੁਰੂ ਹੋ ਗਿਆ ਹਾਲਾਂਕਿ, ਫੌਜ ਵੱਲੋਂ ਵਾਰ-ਵਾਰ ਇਹੀ ਕਿਹਾ ਜਾ ਰਿਹਾ ਹੈ ਕਿ ਸਹੀ ਸਮਾਂ ਆਉਣ ’ਤੇ ਦੇਸ਼ ’ਚ ਫ਼ਿਰ ਤੋਂ ਸੰਵਿਧਾਨਕ ਵਿਵਸਥਾ ਬਹਾਲ ਕਰ ਦਿੱਤੀ ਜਾਵੇਗੀ ਪਰ ਸੱਚ ਤਾਂ ਇਹ ਕਿ ਜਿਸ ਤਰ੍ਹਾਂ ਚੀਨ ਏਸ਼ੀਆ ਅਤੇ ਅਫ਼ਰੀਕਾ ਦੇ ਛੋਟੇ ਅਤੇ ਕਮਜ਼ੋਰ ਦੇਸ਼ਾਂ ਨੂੰ ਆਪਣੇ ਕਰਜੇ ਦੇ ਜਾਲ ’ਚ ਉਲਝਾ ਕੇ ਉੱਥੋਂ ਦੇ ਸ਼ਾਸਨ ਪ੍ਰਬੰਧਾਂ ’ਚ ਦਖ਼ਲਅੰਦਾਜ਼ੀ ਕਰ ਰਿਹਾ ਹੈ, ਉਸ ਨਾਲ ਚੀਨ ਦੇ ਵਿਸਥਾਰਵਾਦੀ ਮਨਸੂਬਿਆਂ ਨੂੰ ਸਮਝਿਆ ਜਾ ਸਕਦਾ ਹੈ।
ਡਾ. ਐਨ. ਕੇ . ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ