Malerkotla News: ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਜਾਇਦਾਦਾਂ ’ਤੇ ਚੱਲਿਆ ਬੁਲਡੋਜਰ

Malerkotla News
ਮਾਲੇਰਕੋਟਲਾ : ਇਮਾਰਤਾਂ ਢਾਹੁਣ ਵਾਰੇ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ। 

ਨਸ਼ਿਆਂ ਦਾ ਸਫਾਇਆ ਕਰਕੇ ਮਾਲੇਰਕੋਟਲਾ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ : ਗਗਨ ਅਜੀਤ ਸਿੰਘ | Malerkotla News

Malerkotla News: (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਪੰਜਾਬ ਸਰਕਾਰ ਵੱਲੋਂ ਆਰੰਭੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ। ਇਸੇ ਲੜੀ ਤਹਿਤ ਅੱਜ ਸਥਾਨਕ ਬੇਰੀਆਂ ਵਾਲੇ ਮੁਹੱਲਾ, ਧੋਬਘਾਟ ਅਤੇ ਭੂਮਸੀ ਵਿਖੇ ਤਿੰਨ ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਇਮਾਰਤਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ।

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਪਹਿਲਕਦਮੀ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਗਰ ਕੌਸਲ ਵੱਲੋਂ ਪੁਲਿਸ ਪ੍ਰਸਾਸ਼ਨ ਨਾਲ ਮਿਲ ਕੇ ਬਦਨਾਮ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ਢਾਈਆਂ ਗਈਆਂ, ਜਿਸ ਵਿੱਚ ਮੁਹੰਮਦ ਸਮਸ਼ਾਦ ਉਰਫ ਸਾਦੂ ਸਪੁਤਰ ਨਜੀਰ ਅਹਿਮਦ ਮੁਹੱਲਾ ਬੇਰੀਆਂ, ਮੁਹੰਮਦ ਸ਼ਹਿਜਾਦ ਉਰਫ ਸਾਜਾ ਸਪੁੱਤਰ ਨਿਜ਼ਾਮਦੀਨ ਵਾਸੀ ਧੋਬਘਾਟ ਅਤੇ ਮੁਹੰਮਦ ਜਾਹਿਦ ਪੁੱਤਰ ਮੁਹੰਮਦ ਅਰਸਦ ਵਾਸੀ ਮੁਹੱਲਾ ਭੂਮਸੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਇਮਾਰਤਾਂ ਬਣਾਈਆਂ ਗਈਆਂ ਸਨ।

ਇਹ ਵੀ ਪੜ੍ਹੋ: Kotkapura Murder Case: ਕੋਟਕਪੂਰਾ ’ਚ ਹੋਏ ਕਤਲ ਮਾਮਲੇ ’ਚ ਫਰਾਰ ਮੁਲਜ਼ਮ ਫ਼ਰੀਦਕੋਟ ਪੁਲਿਸ ਵੱਲੋਂ ਕਾਬੂ

ਇਸ ਸਬੰਧੀ ਸਮਰੱਥ ਅਥਾਰਟੀ ਤੋਂ ਇਸ ਨੂੰ ਢਾਹੁਣ ਮੌਕੇ ਸੁਰੱਖਿਆ ਪ੍ਰਬੰਧ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ। ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਇਹਨਾਂ ਇਮਾਰਤਾਂ ’ਤੇ ਪੀਲਾ ਪੰਜਾ ਚਲਾਇਆ ਗਿਆ ਹੈ। ਉਹਨਾਂ ਹੋਰ ਦੱਸਿਆ ਕਿ ਇੱਕ ਇਮਾਰਤ ਜੋ ਮੁਹੰਮਦ ਸਮਸਾਦ ਉਰਫ ਸਾਦੂ ਵੱਲੋਂ ਉਸਾਰੀ ਗਈ ਸੀ ਉਸ ਉੱਪਰ 9 ਪਰਚੇ ਪਹਿਲਾਂ ਤੋਂ ਹੀ ਦਰਜ ਹਨ। ਮੁਹੰਮਦ ਸਹਿਜਾਦ ਉਰਫ ਸਾਜਾ ਉਪਰ 4 ਪਰਚੇ ਅਤੇ ਮੁਹੰਮਦ ਜਾਹਿਦ ਉਪਰ ਇੱਕ ਪਰਚਾ ਦਰਜ ਹੈ।

ਐਸ.ਐਸ.ਪੀ ਨੇ ਨਸ਼ਿਆਂ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਜ਼ਿਲ੍ਹਾ ਪੁਲਿਸ ਦੀ ਵਚਨਬੱਧਤਾ ਦਹੁਰਾਉਂਦਿਆਂ ਨਾਗਰਿਕਾਂ ਨੂੰ ਸਰਕਾਰ ਵੱਲੋਂ ਜਾਰੀ ਵਟਸਐਪ ਨੰਬਰ 9779-100-200 ਰਾਹੀਂ ਨਸ਼ਿਆਂ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਸ ਮੌਕੇ ਐਸ.ਪੀ.ਸੱਤਪਾਲ ਸ਼ਰਮਾ, ਡੀ.ਐਸ.ਪੀ ਕੁਲਦੀਪ ਸਿੰਘ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਅਪਰ ਅਪਾਰ ਸਿੰਘ ਵੀ ਮੌਜ਼ੂਦ ਸਨ।