Punjab News: ‘ਕਾਲੇ ਪਾਣੀ ਦੇ ਮੋਰਚੇ’ ਤੇ ਪੀਡੀਏ ਵਿਚਕਾਰ ਟਕਰਾਅ ਨੂੰ ਰੋਕਣ ਲਈ ਪੁਲਿਸ ਨੇ ਸੰਭਾਲਿਆ ਮੋਰਚਾ, ਮਾਹੌਲ ਤਣਾਅ ਪੂਰਨ 

Punjab News
Punjab News: ‘ਕਾਲੇ ਪਾਣੀ ਦੇ ਮੋਰਚੇ’ ਤੇ ਪੀਡੀਏ ਵਿਚਕਾਰ ਟਕਰਾਅ ਨੂੰ ਰੋਕਣ ਲਈ ਪੁਲਿਸ ਨੇ ਸੰਭਾਲਿਆ ਮੋਰਚਾ, ਮਾਹੌਲ ਤਣਾਅ ਪੂਰਨ 

ਮੋਰਚੇ ਵੱਲੋਂ ਰੰਗਾਈ ਉਦਯੋਗ ਨਾਲ ਸਬੰਧਿਤ ਸੀਈਟੀਪੀ ਨੂੰ ਬੰਨ੍ਹ ਮਾਰਨ ਲਈ ਅੱਜ ਦੀ ਦਿੱਤੀ ਹੋਈ ਹੈ ਕਾਲ

Punjab News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਬੁੱਢੇ ਨਾਲੇ ਦਾ ਮਾਮਲਾ ਪੰਜਾਬ ਹੀ ਨਹੀਂ ਇਸ ਦੇ ਨਾਲ ਲੱਗਦੇ ਰਾਜਸਥਾਨ ਤੇ ਹੋਰ ਸੂਬਿਆਂ ’ਚ ਵੀ ਭਖ ਚੁੱਕਿਆ ਹੈ। ਜਿਸ ਦੇ ਸਬੰਧ ਵਿੱਚ ‘ਕਾਲੇ ਪਾਣੀ ਦਾ ਮੋਰਚਾ’ ਵੱਲੋਂ ਅੱਜ ਦੁਪਿਹਰ ਨੂੰ ਸਨਅਤੀ ਸ਼ਹਿਰ ਲੁਧਿਆਣਾ ਦੇ ਤਾਜਪੁਰ ਰੋਡ ’ਤੇ ਰੰਗਾਈ ਉਦਯੋਗ ਨਾਲ ਸਬੰਧਿਤ ਸੀਈਟੀਪੀ ਦੇ ਆਊਟਲੈੱਟ ਬੰਦ ਕਰਨ ਦਾ ਐਲਾਨ ’ਤੇ ਇਕੱਠ ਕੀਤਾ ਜਾ ਰਿਹਾ ਹੈ। ਉਧਰ ਪੰਜਾਬ ਡਾਇਰ ਐਸੋਸੀਏਸ਼ਨ (ਪੀਡੀਏ) ਵੱਲੋਂ ਵੀ ਤਿੰਨੋ ਸੀਈਟੀਪੀ ਨੂੰ ਬੰਦ ਰੱਖਦੇ ਹੋਏ ਡਾਇੰਗ ਸਨਅਤਕਾਰਾਂ, ਡਾਇੰਗ ’ਚ ਕੰਮ ਕਰਦੇ ਇੰਜੀਨੀਅਰ, ਮਾਸਟਰ ਤੇ ਹੋਰ ਸਟਾਫ਼ ਦੀ ਇਕੱਤਰਤਾ ਕੀਤੀ ਜਾ ਰਹੀ ਹੈ।

ਉਕਤ ਦੋਵਾਂ ਧਿਰਾਂ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਟਕਰਾਅ ਨੂੰ ਰੋਕਣ ਲਈ ਸਥਾਨਕ ਪੁਲਿਸ ਪੱਬਾਂ ਭਾਰ ਹੋ ਗਈ ਹੈ। ਬੰਨ ਮਾਰਨ ਦੇ ਸੱਦੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਕੁਝ ਲੋਕਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਮਕਸ ਦੇ ਨਾਲ ਹੀ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਪੁਲਿਸ ਵੱਲੋਂ ਬੀਤੀ ਰਾਤ ਤੋਂ ਹੀ ਸ਼ਹਿਰ ਅੰਦਰ ਦਾਖਲ ਹੋਣ ਵਾਲਿਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

Punjab News

ਇਹ ਵੀ ਪੜ੍ਹੋ: Chandigarh News: PM ਦਾ ਚੰਡੀਗੜ੍ਹ ਦੌਰਾ, ਪੂਰੇ ਸ਼ਹਿਰ ‘ਚ ਸਖ਼ਤ ਕੀਤੀ ਸੁਰੱਖਿਆ

ਜਿਕਰਯੋਗ ਹੈ ਕਿ ਡਾਇੰਗ ਉਦਯੋਗਾਂ ਦਾ ਰੋਜ਼ਾਨਾ 9 ਹਜ਼ਾਰ ਲੀਟਰ ਪਾਣੀ ਆਊਟਲੈੱਟਾਂ ਰਾਹੀਂ ਬੁੱਢੇ ਨਾਲੇ ’ਚ ਸੁੱਟਿਆ ਜਾ ਰਿਹਾ ਹੈ। ਜਿਸ ਦਾ ਕਾਲੇ ਪਾਣੀ ਦੇ ਮੋਰਚੇ ਵੱਲੋਂ ਕਾਫ਼ੀ ਸਮੇਂ ਤੋਂ ਤਕੜਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਹੀ ਮੋਰਚੇ ਵੱਲੋਂ ਰਾਜਸਥਾਨ ਤੇ ਹੋਰ ਸੂਬਿਆਂ ਦੇ ਲੋਕਾਂ ਦੀ ਲਾਮਬੰਦੀ ਕਰਕੇ ਅੱਜ 3 ਦਸੰਬਰ ਨੂੰ ਤਾਜਪੁਰ ਰੋਡ ’ਤੇ ਸੀਈਟੀਪੀ ਨੂੰ ਬੰਨ੍ਹ ਮਾਰਨ ਦਾ ਐਲਾਨ ਕੀਤਾ ਹੋਇਆ ਹੈ। ਮੋਰਚੇ ਮੁਤਾਬਕ ਬੰਨ੍ਹ ਮਾਰਨ ਲਈ ਪੰਜਾਬ ਸਮੇਤ ਰਾਜਸਥਾਨ ਦੇ ਲੋਕ ਅੱਜ ਭਰਵੀਂ ਇਕੱਤਰਤਾ ਕਰਕੇ ਐਲਾਨ ਮੁਤਾਬਕ ਸੀਈਟੀਪੀ ਨੂੰ ਬੰਨ੍ਹ ਮਾਰਨਗੇ।

ਦੂਜੇ ਪਾਰੇ ਮੋਰਚੇ ਦੀ ਕਾਰਵਾਈ ਦੇ ਵਿਰੋਧ ਵਿੱਚ ਰੰਗਾਈ ਕਾਨਖਾਨੇਦਾਰਾਂ ਵੱਲੋਂ ਵੀ ਇੱਕ ਲੱਖ ਦਾ ਇਕੱਠ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੋਵਾਂ ਧਿਰਾਂ ਵਿਚਕਾਰ ਕਿਸੇ ਵੀ ਕਿਸਮ ਦਾ ਤਕਰਾਰ ਹੋਣ ਤੋਂ ਬਚਾਅ ਲਈ ਪੁਲਿਸ ਨੇ ਪੂਰੀ ਤਰ੍ਹਾਂ ਕਮਰ ਕਸ ਲਈ ਹੈ। ਪੁਲਿਸ ਵੱਲੋਂ ਬੀਤੀ ਰਾਤ ਤੋਂ ਹੀ ਸ਼ਹਿਰ ਅੰਦਰ ਦਾਖਲ ਹੋਣ ਵਾਲੇ ਵੱਖ ਵੱਖ ਰਸਤਿਆਂ ’ਤੇ ਬਾਜ ਅੱਖ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਮੋਰਚੇ ਵੱਲੋਂ ਵੇਰਕਾ ਪਲਾਂਟ ’ਚ ਇਕੱਠੇ ਹੋ ਕੇ ਅੱਗੇ ਵਧਣ ਦੇ ਐਲਾਨ ’ਤੇ ਪੁਲਿਸ ਨੇ ਵੇਰਕਾ ਪਲਾਂਟ ਨੂੰ ਰਾਤ ਤੋਂ ਹੀ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਰੱਖਿਆ ਹੈ।

ਬੁੱਢੇ ਦਰਿਆ ਵਿੱਚ ਪ੍ਰਦੂਸ਼ਣ ਹੋ ਰਿਹਾ ਘੱਟ

ਦੱਸ ਦੇਈਏ ਕਿ ਬੁੱਢੇ ਦਰਿਆ ਦੀ ਪੁਨਰ ਸੁਰਜੀਤੀ ਯੋਜਨਾ ਤਹਿਤ ਹੁਣ ਤੱਕ 650 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਬਾਵਜੂਦ ਇਸਦੇ ਬੁੱਢੇ ਦਰਿਆ ਵਿੱਚ ਪ੍ਰਦੂਸ਼ਣ ਘੱਟਣ ਦਾ ਨਾਂਅ ਨਹੀਂ ਲੈ ਰਿਹਾ। ਸਿੱਟੇ ਵਜੋਂ ਬੁੱਢੇ ਦਰਿਆ ਦਾ ਜ਼ਹਿਰੀਲਾ ਪਾਣੀ ਪੰਜਾਬ ਸਣੇ ਰਾਜਸਥਾਨ ਦੇ ਵੀ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ‘ਕਾਲੇ ਪਾਣੀ ਦੇ ਮੋਰਚੇ’ ਦਾ ਤਰਕ ਹੈ ਕਿ ਬੁੱਢੇ ਦਰਿਆ ਵਿੱਚ ਸੀਈਟੀਪੀ ਨੂੰ ਸੋਧਿਆ ਪਾਣੀ ਸੁੱਟਣ ਦੀ ਵੀ ਇਜ਼ਾਜਤ ਨਹੀਂ ਹੈ। ਬਾਵਜੂਦ ਇਸਦੇ ਪਾਣੀ ਸੁੱਟਿਆ ਜਾ ਰਿਹਾ ਹੈ। ਜਿਸਦੇ ਲਈ ਸਿੱਧੇ ਤੌਰ ’ਤੇ ਰੰਗਾਈ ਯੂਨਿਟਾਂ ਜਿੰਮੇਵਾਰ ਹਨ। ਦੂਜੇ ਪਾਸੇ ਪੀਡੀਏ ਦਾ ਕਹਿਣਾ ਹੈ ਕਿ ਕਾਲੇ ਪਾਣੀ ਦੇ ਮੋਰਚੇ ਦੇ ਆਗੂਆਂ ਵੱਲੋਂ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਡਾਇੰਗ ਉਦਯੋਗਾਂ ਨੂੰ ਗੈਰ- ਕਾਨੂੰਨੀ ਤਰੀਕੇ ਨਾਲ ਬੰਦ ਕਰਨ ਦੀ ਜਿੱਦ ਕੀਤੀ ਜਾ ਰਹੀ ਹੈ। ਜਿਹੜੀ ਬਰਦਾਸਤ ਯੋਗ ਨਹੀਂ। Punjab News