ਰਾਜਪਾਲ ਦੇ ਭਾਸ਼ਣ ਨਾਲ ਹੋਏਗਾ Budget Session ਦਾ ਆਗਾਜ਼
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਬਜਟ ਸੈਸ਼ਨ ਅੱਜ ਸ਼ੁਰੂ ਹੋਣ ਜਾ ਰਿਹਾ ਹੈ। ਇਸ ਬਜਟ ਸੈਸ਼ਨ (Budget Session) ਵਿੱਚ ਵਿਰੋਧੀ ਧਿਰ ਵੱਲੋਂ ਕਾਨੂੰਨ ਪ੍ਰਬੰਧ ਤੋਂ ਲੈ ਕੇ ਅਜਨਾਲਾ ਕਾਂਡ ਤੱਕ ਦੇ ਮਾਮਲੇ ਵਿੱਚ ਸਰਕਾਰ ਨੂੰ ਘੇਰਨ ਦੀ ਕੋਸ਼ਸ਼ ਕੀਤੀ ਜਾਏਗੀ ਪਰ ਉਸ ਤੋਂ ਪਹਿਲਾਂ ਸਾਰਿਆਂ ਦੀ ਨਜ਼ਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ’ਤੇ ਟਿਕੀ ਹੋਈ ਹੈ। ਬਜਟ ਸੈਸ਼ਨ ਦੀ ਸ਼ੁਰੂਆਤ ਰਾਜਪਾਲ ਦੇ ਭਾਸ਼ਣ ਤੋਂ ਹੋਏਗੀ ਤਾਂ ਮੌਜੂਦਾ ਸਮੇਂ ਵਿੱਚ ਰਾਜਪਾਲ ਅਤੇ ਮੁੱਖ ਮੰਤਰੀ ਵਿਚਕਾਰ ਚੱਲ ਰਹੇ ਮੱਤਭੇਦ ਕਾਰਨ ਹੀ ਭਾਸ਼ਣ ਰੌਚਕ ਰਹਿ ਸਕਦਾ ਹੈ।
ਦੂਜੇ ਸੂਬਿਆਂ ਵਾਂਗ ਰਾਜਪਾਲ ਵੱਲੋਂ ਆਪਣੇ ਭਾਸ਼ਣ ਵਿੱਚ ਸਰਕਾਰ ਨੂੰ ਲੈ ਕੇ ਕੁਝ ਕਿਹਾ ਜਾ ਸਕਦਾ ਹੈ ਜਾਂ ਫਿਰ ਸਿਰਫ਼ ਸਰਕਾਰ ਵੱਲੋਂ ਦਿੱਤੇ ਗਏ ਭਾਸ਼ਣ ਨੂੰ ਹੀ ਪੜ੍ਹਿਆ ਜਾਏਗਾ। ਇਸ ਲਈ ਸ਼ੱੁਕਰਵਾਰ ਨੂੰ ਰਾਜਪਾਲ ਦਾ ਭਾਸ਼ਣ ਸੁਣਨਨਯੋਗ ਹੋਏਗਾ। ਰਾਜਪਾਲ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਹੰਗਾਮਾ ਕਰਨਗੀਆਂ ਜਾਂ ਫਿਰ ਸ਼ਾਂਤ ਰਹਿੰਦੇ ਹੋਏ ਭਾਸ਼ਣ ਨੂੰ ਸੁਣਨਗੀਆਂ, ਇਸ ਨੂੰ ਲੈ ਕੇ ਵੀ ਵਿਰੋਧੀ ਧਿਰਾਂ ਵੱਲੋਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਸਿੰਗਾਪੁਰ ਟਰੇਨਿੰਗ ਲਈ ਪ੍ਰਿੰਸੀਪਲਾਂ ਦਾ ਦੂਜਾ ਬੈਚ ਕੀਤਾ ਰਵਾਨਾ
ਸ਼ੱੁਕਰਵਾਰ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੇ ਪਹਿਲੇ ਦਿਨ ਸਵੇਰੇ 10 ਵਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਭਾਸ਼ਣ ਹੋਏਗਾ। ਇਸ ਭਾਸ਼ਣ ਤੋਂ ਤੁਰੰਤ ਬਾਅਦ ਵਿਧਾਨ ਸਭਾ ਦੀ ਬੈਠਕ 2 ਵਜੇ ਤੱਕ ਲਈ ਮੁਲਤਵੀ ਹੋ ਜਾਏਗੀ। ਦੁਪਹਿਰ ਨੂੰ 2 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਪਿਛਲੇ ਸੈਸ਼ਨ ਤੋਂ ਲੈ ਕੇ ਹੁਣ ਤੱਕ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ। ਜਿਸ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ ਨੂੰ 10 ਵਜੇ ਤੱਕ ਮੁਲਤਵੀ ਕਰ ਦਿੱਤੀ ਜਾਏਗੀ। ਸ਼ਨਿੱਚਰਵਾਰ ਅਤੇ ਐਤਵਾਰ ਨੂੰ ਛੁੱਟੀ ਰਹੇਗੀ।