ਪੁਲਿਸ ਨੇ ਕੀਤਾ 3 ਖਿਲਾਫ਼ ਮਾਮਲਾ ਦਰਜ
ਫਿਰੋਜ਼ਪੁਰ, (ਸਤਪਾਲ ਥਿੰਦ)। ਹਿੰਦ-ਪਾਕਿ ਸਰਹੱਦ ‘ਤੇ ਸਥਿਤ ਬੀਐੱਸਐੱਫ਼ (BSF) ਦੀ ਚੌਂਕੀ ਬੀਓਪੀ ਨਿਊ ਮੁਹੰਮਦੀ ਵਾਲਾ ਇਲਾਕੇ ਵਿਚੋਂ ਬੀਐੱਸਐੱਫ਼ ਵੱਲੋਂ ਦੋ ਸਮਗਲਰਾਂ ਨੂੰ ਕਾਬੂ ਕਰਦਿਆ ਇੱਕ ਕਿਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਇਕ ਹੋਰ ਵਿਅਕਤੀ ਅਜੇ ਪੁਲਿਸ ਦੀ ਗ੍ਰਿਫਤਾਰੀ ‘ਚੋਂ ਬਾਹਰ ਹੈ। ਫਿਲਹਾਲ ਇਸ ਸਬੰਧੀ ਥਾਣਾ ਫਿਰੋਜ਼ਪੁਰ ਸਦਰ ਪੁਲਿਸ ਵੱਲੋਂ ਉਕਤ ਤਿੰਨਾਂ ਵਿਅਕਤੀਆਂ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਅਸਿਸਟੈਂਟ ਕਮਾਂਡੈਂਟ ਏ ਕੰਪਨੀ 136 ਬਟਾਲੀਅਨ ਬੀਐੱਸਐੱਫ਼ ਕੱਸੋ ਕੇ ਸ਼ੇਰ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਪੁੱਤਰ ਪੰਜਾਬ ਸਿੰਘ ਵਾਸੀ ਕਮਾਲੇ ਵਾਲਾ ਅਤੇ ਸੁਖਚੈਨ ਸਿੰਘ ਪੁੱਤਰ ਰਾਮ ਸਿੰਘ ਵਾਸੀ ਝੁੱਗੇ ਲਾਲ ਸਿੰਘ ਵਾਲੇ ਨਾਂਅ ਦੇ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ‘ਤੇ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦੀ ਨਿਸ਼ਾਨਦੇਹੀ ‘ਤੇ ਬੀਓਪੀ ਨਿਊ ਮੁਹੰਮਦੀ ਵਾਲਾ ਦੇ ਏਰੀਏ ਦੀ ਫੈਸੀਂ ਲਾਇਨ ਦੇ ਨਜ਼ਦੀਕ ਭਾਰਤੀ ਸੀਮਾ ਦੇ ਕਣਕ ਦੇ ਖੇਤ ਵਿਚ ਰੱਖੀ ਹੋਈ 1 ਕਿਲੋ ਹੈਰੋਇਨ ਬਰਾਮਦ ਹੋਈ। ਜਦ ਕਿ ਉਹਨਾਂ ਦਾ ਇੱਕ ਸਾਥੀ ਚੰਨਣ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਕਮਾਲੇ ਵਾਲਾ ਪੁਲਿਸ ਦੀ ਗ੍ਰਿਫਤਾਰ ‘ਚ ਬਾਹਰ ਹੈ ਅਤੇ ਇਸ ਮਾਮਲੇ ਨੂੰ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਬੀਐੱਸਐਫ ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।