ਲੁਧਿਆਣਾ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

(ਸੱਚ ਕਹੂੰ ਨਿਊਜ਼) ਲਧਿਆਣਾ। ਪੰਜਾਬ ’ਚ ਲੁੱਟ-ਖੋਹ ਤੇ ਕਤਲ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਲੁਧਿਆਣਾ ਜ਼ਿਲ੍ਹਾ ਇੱਕ ਹੋਰ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ਰਕਬਾ ਵਿੱਚ ਇੱਕ ਨੌਜਵਾਨ ਦਾ ਬਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਬੀਤੀ ਰਾਤ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਜਿਸ ਦੌਰਾਨ ਉਸ ਦੀ ਮੌਤ ਹੋ ਗਈ।

ਮ੍ਰਿਤਕ ਜਤਿੰਦਰ ਦੀ ਮਾਤਾ ਸਵਰਨਾ ਕੌਰ, ਡੀਐਸਪੀ ਦਾਖਾ ਜਸ਼ਦੀਪ ਸਿੰਘ ਅਤੇ ਐਸਐਚਓ ਇੰਸਪੈਕਟਰ ਅਜੀਤਪਾਲ ਸਿੰਘ ਦੇ ਬਿਆਨਾਂ ’ਤੇ ਰਾਜੇਸ਼ ਕੁਮਾਰ ਮਿਸ਼ਰਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਅਨੁਸਾਰ ਘਟਨਾ ਵਾਲੀ ਥਾਂ ਨੇੜਿਓਂ ਮਿਲੇ ਮੋਟਰਸਾਈਕਲ ਦੀ ਨਿਸ਼ਾਨਦੇਹੀ ਕਰਕੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੌਕੇ ‘ਤੇ ਘਟਨਾ ਦੇ ਹਾਲਾਤਾਂ ਨੂੰ ਦੇਖਦਿਆਂ ਇਹ ਘਟਨਾ ਲੁੱਟ ਦੀ ਜਾਪਦੀ ਹੈ। ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।  ਜਤਿੰਦਰ ਦਾ ਅੰਤਿਮ ਸੰਸਕਾਰ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾ ਰਿਹਾ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। 4 ਦਿਨਾਂ ਬਾਅਦ ਜਿਸ ਘਰ ਵਿੱਚ ਖੁਸ਼ੀਆਂ ਦੀ ਸ਼ੁਰੂਆਤ ਹੋਣੀ ਸੀ, ਅੱਜ ਉਸ ਘਰ ਵਿੱਚ ਮਾਤਮ ਛਾਇਆ ਹੋਇਆ ਹੈ। ਭਰਾਵਾਂ ਦਾ ਗੁੱਟ ਅਧੂਰਾ ਰਹਿ ਗਿਆ ਤੇ ਭੈਣਾਂ ਦਾ ਸ਼ਗਨ ਅਧੂਰਾ ਰਹਿ ਗਿਆ। ਮ੍ਰਿਤਕ ਦਾ ਨਾਂਅ ਜਤਿੰਦਰ ਸਿੰਘ ਹੈ। ਜਤਿੰਦਰ ਘਰ ਵਿੱਚ ਸਭ ਤੋਂ ਛੋਟਾ ਸੀ। ਹਾਲ ਹੀ ‘ਚ ਨਜ਼ਦੀਕੀ ਪਿੰਡ ‘ਚ ਹੀ ਉਸ ਦੇ ਰਿਸ਼ਤੇ ਦੀ ਚਰਚਾ ਸੀ ਅਤੇ ਇਸ ਐਤਵਾਰ ਨੂੰ ਉਸ ਦੀ ਮੰਗਣੀ ਹੋਣੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ