ਮਾਂ ਦਾ ਦੁੱਧ ਬੱਚੇ ਲਈ ਪੌਸ਼ਟਿਕ ਖੁਰਾਕ
ਮਾਂ ਦਾ ਦੁੱਧ ਨਵਜੰਮੇ ਬੱਚੇ ਦੀ ਪਹਿਲੀ ਤੇ ਪੌਸ਼ਟਿਕ ਖੁਰਾਕ ਹੈ। ਇਹ ਬੱਚੇ ਲਈ ਅੰਮ੍ਰਿਤ ਸਮਾਨ ਹੈ ਅਤੇ ਇਹ ਅੰਮ੍ਰਿਤਮਈ ਖੁਰਾਕ ਬੱਚੇ ਲਈ ਬਹੁਤ ਜ਼ਰੂਰੀ ਹੁੰਦੀ ਹੈ। ਇੱਕ ਇਹੀ ਖੁਰਾਕ ਬੱਚੇ ਨੂੰ ਬਿਮਾਰੀਆਂ ਤੋਂ ਬਚਾ ਕੇ ਤੰਦਰੁਸਤ ਜੀਵਨ ਪ੍ਰਦਾਨ ਕਰਦੀ ਹੈ। ਇਹ ਅੰਮ੍ਰਿਤਮਈ ਦੁੱਧ ਬੱਚੇ ਦੇ ਅੰਦਰ ਅਨੇਕਾਂ ਬਿਮਾਰੀਆਂ ਨਾਲ ਲੜਨ ਵਾਲੇ ਸੈੱਲ ਪੈਦਾ ਕਰਦਾ ਹੈ ਤਾਂ ਹੀ ਤੇ ਮਾਂ ਦਾ ਦੁੱਧ ਬੱਚੇ ਲਈ ਪੂਰਨ ਅਤੇ ਪੌਸ਼ਟਿਕ ਖੁਰਾਕ ਮੰਨਿਆ ਜਾਂਦਾ ਹੈ। ਹਰ ਮਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਲਾ ਕੇ ਸੁੰਦਰ, ਸੁਡੌਲ ਅਤੇ ਤੰਦਰੁਸਤ ਬਣਾਵੇ। ਮਾਂ ਜਦੋਂ ਆਪਣੇ ਬੱਚੇ ਨੂੰ ਗੋਦ ਵਿੱਚ ਬਿਠਾ ਕੇ ਆਪਣਾ ਦੁੱਧ ਪਿਲਾਉਂਦੀ ਹੈ ਤਾਂ ਮਾਂ ਤੇ ਬੱਚੇ ਦਾ ਪਿਆਰ ਹੋਰ ਵੀ ਗੂੜ੍ਹਾ ਹੋ ਜਾਂਦਾ ਹੈ। ਤੇ ਬੱਚੇ ਨੂੰ ਦੁੱਧ ਪਿਲਾਉਣ ਦੇ ਬਹਾਨੇ ਮਾਂ ਅਰਾਮ ਵੀ ਕਰ ਲੈਂਦੀ ਹੈ।
ਕਈਆਂ ਦੇ ਮਨਾਂ ਵਿੱਚ ਇਹੀ ਡਰ ਲੱਗਾ ਰਹਿੰਦਾ ਹੈ ਕਿ ਫਿਗਰ ਖਰਾਬ ਹੋ ਜਾਵੇਗੀ ਇਹ ਗੱਲਾਂ ਬਿਲਕੁਲ ਗਲਤ ਹਨ ਭਲਾ ਆਪਣੇ ਬੱਚੇ ਤੋਂ ਵਧ ਕੇ ਇੱਕ ਔਰਤ ਲਈ ਹੋਰ ਕੀ ਹੋ ਸਕਦੈ। ਇਸ ਲਈ ਬੱਚੇ ਦੇ ਜਨਮ ਤੋਂ ਦੋ ਕੁ ਘੰਟੇ ਬਾਅਦ ਹੀ ਬੱਚੇ ਨੂੰ ਮਾਂ ਦਾ ਦੁੱਧ ਪਿਲਾ ਦੇਣਾ ਚਾਹੀਦਾ ਹੈ ਖਾਸ ਕਰਕੇ ਉਹ ਪਹਿਲੀਆਂ ਬੂੰਦਾਂ ਜੋ ਪੁਰਾਣੀਆਂ ਬੇਬੇ ਪਹਿਲਾਂ ਧਰਤੀ ’ਤੇ ਡੋਲ੍ਹ ਦਿੰਦੀਆਂ ਸਨ। ਕਦੇ ਵੀ ਪਹਿਲਾ ਦੁੱਧ ਡੋਲੋ ਨਾ ਜੇਕਰ ਬੱਚਾ ਮਾਂ ਦਾ ਦੁੱਧ ਅਜੇ ਚੁੰਘ ਨਹੀਂ ਸਕਦਾ ਤਾਂ ਚਮਚ ਵਿੱਚ ਕੱਢ ਕੇ ਪਿਲਾ ਦਿਉ।
ਇਸ ਵਿੱਚ ਉਹ ਜਰੂਰੀ ਤੱਤ ਹੁੰਦੇ ਹਨ ਜਿਹੜੇ ਬੱਚੇ ਲਈ ਸੰਪੂਰਨ ਆਹਾਰ ਮੰਨੇ ਜਾਂਦੇ ਹਨ। ਇਸ ਲਈ ਮਾਂ ਦਾ ਦੁੱਧ ਬੱਚੇ ਲਈ ਬਹੁਤ ਜ਼ਰੂਰੀ ਹੈ ਪਰ ਜਦੋਂ ਬੱਚਾ ਵੱਡਾ ਹੋ ਜਾਵੇ ਤੇ ਇਕੱਲੇ ਮਾਂ ਦੇ ਦੁੱਧ ਨਾਲ ਨਾ ਰੱਜਦਾ ਹੋਵੇ ਤਾਂ ਨਾਲ-ਨਾਲ ਹਲਕਾ ਭੋਜਨ ਵੀ ਦਿੰਦੇ ਰਹੋ ਜਿਸ ਨਾਲ ਬੱਚਾ ਰੱਜ ਕੇ ਚੰਗੀ ਨੀਂਦ ਲੈ ਸਕੇਗਾ। ਕਿਉਂਕਿ ਜੇਕਰ ਬੱਚਾ ਸੌਂਵੇਗਾ ਨਹੀ ਤਾਂ ਸਰੀਰ ਵਿੱਚ ਨਵੇਂ ਸੈੱਲ ਕਿਵੇਂ ਬਣਨਗੇ ਅਤੇ ਪੁਰਾਣੇ ਸੈੱਲਾਂ ਦੀ ਮੁਰੰਮਤ ਕਿਵੇਂ ਹੋਵੇਗੀ। ਇਸ ਲਈ ਬੱਚੇ ਦੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਮਾਂ ਵੀ ਬੱਚੇ ਦੇ ਨਾਲ-ਨਾਲ ਆਪਣੀ ਖੁਰਾਕ ਵੱਲ ਧਿਆਨ ਦੇਵੇ ਪੂਰਨ ਖੁਰਾਕ ਜੇਕਰ ਮਾਂ ਲਵੇਗੀ ਤਾਂ ਹੀ ਤੁਹਾਡੇ ਦੁੱਧ ਰਾਹੀਂ ਬੱਚੇ ਨੂੰ ਵੀ ਜਰੂਰੀ ਤੱਤ ਮਿਲਣਗੇ। ਬੱਚੇ ਨੂੰ ਆਪਣਾ ਦੁੱਧ ਪਿਲਾਉਣ ਨਾਲ ਮਾਂ-ਬੱਚਾ ਦੋਨੋਂ ਹੀ ਤੰਦਰੁਸਤ ਰਹਿੰਦੇ ਹਨ। ਮਾਂ ਤਾਂ ਛਾਤੀ ਦੇ ਕੈਂਸਰ ਜਿਹੀ ਭਿਆਨਕ ਬਿਮਾਰੀ ਤੋਂ ਬਚੀ ਰਹਿੰਦੀ ਹੈ ਤੇ ਬੱਚਾ ਡਾਇਰੀਆ, ਨਿਮੋਨੀਆ, ਉਲਟੀਆਂ, ਟੱਟੀਆਂ ਆਦਿ ਤੋਂ ਬਚਿਆ ਰਹਿੰਦਾ ਹੈ ਸੋ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਲਾ ਕੇ ਬਿਮਾਰੀਆਂ ਤੋਂ ਬਚਾਓ! ਇਸ ਅੰਮ੍ਰਿਤ ਤੋਂ ਆਪਣੇ ਬੱਚੇ ਨੂੰ ਵਾਂਝਾ ਨਾ ਰੱਖੋ। ਕਈ ਮਾਵਾਂ ਆਪਣੇ ਸਰੀਰ ਵੱਲ ਵੇਖ-ਵੇਖ ਹੀ ਬੋਤਲ ਵਾਲਾ ਦੁੱਧ ਪਿਲਾਉਣਾ ਸ਼ੁਰੂ ਕਰ ਦਿੰਦੀਆਂ ਹਨ ਜਿਸ ਨਾਲ ਬੱਚੇ ਦਾ ਤਾਲੂਆ ਕਮਜ਼ੋਰ ਹੋ ਜਾਂਦਾ ਹੈ ਅਤੇ ਬੱਚਾ ਬਹੁਤ ਵੱਡਾ ਹੋਣ ਦੇ ਬਾਅਦ ਵੀ ਬੋਤਲ ਦੀ ਆਦਤ ਨਹੀਂ ਛੱਡਦਾ ਇਸ ਕਰਕੇ ਹੀ ਜ਼ਿਆਦਾਤਰ ਬੱਚੇ ਬਿਮਾਰ ਰਹਿਣ ਲੱਗਦੇ ਨੇ।
ਪਹਿਲ ਤਾਂ ਮਾਂ ਦੇ ਦੁੱਧ ਨੂੰ ਹੀ ਦਿੳ ਪਰ ਜੇਕਰ ਕਿਤੇ ਅੜੇ-ਥੁੜੇ ਜਰੂਰਤ ਪਵੇ ਤਾਂ ਕੌਲੀ ਜਾਂ ਗਲਾਸੀ ਨਾਲ ਦੁੱਧ ਪਿਲਾਇਆ ਜਾ ਸਕਦਾ ਹੈ। ਸੋ ਤੁਹਾਡਾ ਬੱਚਾ ਮਾਂ ਦੇ ਦੁੱਧ ਨਾਲ ਜਿੱਥੇ ਵੱਧ ਵਧੇ-ਫੁੱਲੇਗਾ, ਉੱਥੇ ਤੁਸੀਂ ਖੁਦ ਵੀ ਬੱਚਾ ਸੌਖਾ ਪਾਲ ਲਵੋਗੇ ਕਿਉਂਕਿ ਵਾਰ-ਵਾਰ ਰਸੋਈ ਦੇ ਗੇੜੇ ਵੀ ਨਹੀਂ ਲੱਗਣਗੇ ਤੇ ਟਾਈਮ ਅਤੇ ਨੀਂਦ ਵੀ ਨਹੀਂ ਖਰਾਬ ਹੋਵੇਗਾ ਤੁਹਾਡਾ ਤੇ ਆਪਣੇ ਬੱਚੇ ਦਾ ਪਾਲਣ-ਪੋਸ਼ਣ ਵੀ ਸਹੀ ਤੇ ਸੌਖੇ ਤਰੀਕੇ ਨਾਲ ਕਰ ਲਵੋਗੇ।
ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ
ਮੋ. 94786-58384
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ