Punjabi University: ਪੰਜਾਬੀ ਯੂਨੀਵਰਸਿਟੀ ਦੀ ਨਵੀਂ ਖੋਜ਼, ਜਾਣੋ ਕਿੰਨੀ ਹੋਵੇਗੀ ਫਾਇਦੇਮੰਦ

Punjabi University Research
Punjabi University: ਪੰਜਾਬੀ ਯੂਨੀਵਰਸਿਟੀ ਦੀ ਨਵੀਂ ਖੋਜ਼, ਜਾਣੋ ਕਿੰਨੀ ਹੋਵੇਗੀ ਫਾਇਦੇਮੰਦ

ਇੱਕ ਵਿਸ਼ੇਸ਼ ਹਾਰਮੋਨ ਤੇ ਫੰਗਸ ਦੀ ਵਰਤੋਂ ਨਾਲ ਲੱਭੀ ਵਿਧੀ

  • ਕੈਡਮੀਅਮ ਦੇ ਜ਼ਹਿਰੀਲੇ ਤੱਤ ਮਿੱਟੀ ’ਚ ਹੋਣ ਦੇ ਬਾਵਜੂਦ ਸਰ੍ਹੋਂ ’ਚ ਸ਼ਾਮਲ ਨਹੀਂ ਹੋਣਗੇ
  • ਹੁਣ ਪ੍ਰਦੂਸ਼ਿਤ ਮਿੱਟੀ ’ਚ ਉੱਗ ਸਕੇਗੀ ਸ਼ੁੱਧ ਸਰ੍ਹੋਂ

Punjabi University Research: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਦੀ ਇੱਕ ਤਾਜਾ ਖੋਜ ਰਾਹੀਂ ਸਰ੍ਹੋਂ ਜਾਂ ਕਨੋਲਾ ਦੀ ਇੱਕ ਕਿਸਮ ਨੂੰ ਪ੍ਰਦੂਸ਼ਿਤ ਮਿੱਟੀ ’ਚ ਉਗਾਏ ਜਾ ਸਕਣ ਦੀ ਵਿਧੀ ਲੱਭੀ ਗਈ ਹੈ। ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਗੀਤਿਕਾ ਸਰਹਿੰਦੀ ਦੀ ਅਗਵਾਈ ਵਿੱਚ ਖੋਜਾਰਥੀ ਡਾ. ਗੁਰਵਰਿੰਦਰ ਕੌਰ ਵੱਲੋਂ ਇਹ ਖੋਜ ਕੀਤੀ ਗਈ ਹੈ। ਇਸ ਖੋਜ ਦੇ ਨਤੀਜੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਛਪ ਚੁੱਕੇ ਹਨ ਤੇ ਆਸਟ੍ਰੇਲੀਆ ਦੇ ਸਿਡਨੀ ਵਿਖੇ ਹੋਈ ਸਾਇੰਸ ਕਾਨਫਰੰਸ ਆਈਆਰਸੀ-2023 ’ਚ ਵੀ ਪੇਸ਼ ਕੀਤੇ ਜਾ ਚੁੱਕੇ ਹਨ। ਇਸ ਖੋਜ ਲਈ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਆਰਥਿਕ ਸਹਾਇਤਾ ਵੀ ਹਾਸਲ ਹੋਈ ਹੈ। Punjabi University Research

ਇਹ ਖਬਰ ਵੀ ਪੜ੍ਹੋ : Jaipur Hospital Fire: ਜੈਪੁਰ ਦੇ SMS ਹਸਪਤਾਲ ’ਚ ਅੱਗ, 8 ਮਰੀਜ਼ਾਂ ਦੀ ਮੌਤ

ਜ਼ਿਕਰਯੋਗ ਹੈ ਕਿ ਪ੍ਰੋ. ਗੀਤਿਕਾ ਸਰਹਿੰਦੀ ਫਸਲਾਂ ਨੂੰ ਲਾਭਕਾਰੀ ਸੂਖਮ ਜੀਵਾਂ ਦੀ ਮਦਦ ਨਾਲ ਮੌਸਮੀ ਤਣਾਅ ਤੋਂ ਬਚਾਉਣ ਤੇ ਪੌਦਿਆਂ ਦੇ ਆਪਣੇ ਹਾਰਮੋਨਜ ਰਾਹੀਂ ਵਧਣ-ਵਿਗਸਣ ਸਬੰਧੀ ਆਪਣੀਆਂ ਖੋਜਾਂ ਲਈ ਜਾਣੇ ਜਾਂਦੇ ਹਨ। ਪ੍ਰੋ. ਗੀਤਿਕਾ ਨੇ ਤਾਜਾ ਖੋਜ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਇਸ ਮਕਸਦ ਲਈ ਪੌਦਿਆਂ ’ਚ ਪਾਏ ਜਾਂਦੇ ਇੱਕ ਵਿਸ਼ੇਸ਼ ਹਾਰਮੋਨ ਤੇ ਇੱਕ ਫੰਗਸ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ 28-ਐੱਚਬੀਐੱਲ (28 ਹੋਮੋਬਰਾਸੀਅਨੋਲਾਇਡ) ਨਾਂਅ ਦਾ ਇਹ ਹਾਰਮੋਨ ਪੌਦਿਆਂ ਨੂੰ ਕੈਡਮੀਅਮ ਦੇ ਪ੍ਰਦੂਸ਼ਣ ਤੋਂ ਪੈਦਾ ਹੁੰਦੇ ਤਣਾਅ ਨਾਲ ਨਜਿੱਠਣ ’ਚ ਮਦਦਗਾਰ ਬਣਦਾ ਹੈ। Punjabi University Research

ਇਸੇ ਤਰ੍ਹਾਂ ਪਿਰੀਫੋਰਮੋਸਪੋਰਾ ਇੰਡੀਕਾ ਨਾਮਕ ਇੱਕ ਲਾਭਕਾਰੀ ਫੰਗਸ ਦੀ ਵੀ ਵਰਤੋਂ ਕੀਤੀ ਗਈ, ਜੋ ਪੌਦੇ ਦੀ ਜੜ੍ਹ ਵਿੱਚ ਰਹਿੰਦੀ ਹੈ ਤੇ ਉਸ ਦੇ ਵਧਣ-ਫੁੱਲਣ ਵਿੱਚ ਮਦਦ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਦੇ ਨਤੀਜਿਆਂ ਵਿੱਚ ਸਾਹਮਣੇ ਆਇਆ ਕਿ ਇਹ ਦੋਵੇਂ ਮਿਲ ਕੇ ਪੌਦੇ ਨੂੰ ਜ਼ਹਿਰੀਲੇ ਕੈਡਮੀਅਮ ਦੇ ਪ੍ਰਭਾਵ ਤੋਂ ਬਚਾਉਂਦੇ ਹਨ। ਇਹ ਜ਼ਹਿਰੀਲੇ ਕੈਡਮੀਅਮ ਨੂੰ ਜੜ੍ਹਾਂ ’ਚ ਰੋਕ ਲੈਂਦੇ ਹਨ ਤਾਂ ਜੋ ਉਹ ਪੌਦੇ ਦੇ ਉਸ ਹਿੱਸੇ ਤੱਕ ਨਾ ਪੁੱਜੇ ਜੋ ਖਾਣਯੋਗ ਹੁੰਦਾ ਹੈ। ਖੋਜਾਰਥੀ ਡਾ. ਗੁਰਵਰਿੰਦਰ ਕੌਰ ਨੇ ਖੋਜ ਦੀ ਮਹੱਤਤਾ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਕੈਡਮੀਅਮ ਸਿਹਤ ਲਈ ਜ਼ਹਿਰੀਲਾ ਹੁੰਦਾ ਹੈ।

ਇਸ ਵਿਧੀ ਦੀ ਵਰਤੋਂ ਨਾਲ ਕੈਡਮੀਅਮ ਦਾ ਪ੍ਰਭਾਵ ਜੜ੍ਹਾਂ ਤੱਕ ਹੀ ਸੀਮਿਤ ਰਹਿੰਦਾ ਹੈ। ਸਰ੍ਹੋਂ ਦੇ ਪੌਦੇ ਦੀਆਂ ਜੜ੍ਹਾਂ ਨਾ ਤਾਂ ਮਨੁੱਖ ਦੇ ਖਾਣ ਲਈ ਵਰਤੀਆਂ ਜਾਂਦੀਆਂ ਹਨ, ਨਾ ਹੀ ਪਸ਼ੂ ਖੁਰਾਕ ਲਈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਿਤ ਮਿੱਟੀ ਨੂੰ ਕੁਦਰਤੀ ਤਰੀਕੇ ਨਾਲ ਸਾਫ ਕੀਤੇ ਜਾਣ ਪੱਖੋਂ ਵੀ ਇਸ ਵਿਧੀ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਇਹ ਵਿਧੀ ਟਿਕਾਊ ਅਤੇ ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਵਾਲੀ ਅਜਿਹੀ ਖੇਤੀਬਾੜੀ ਨੂੰ ਵੀ ਉਤਸ਼ਾਹਿਤ ਕਰਦੀ ਹੈ ਜਿੱਥੇ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਦਿੱਤੀ ਵਧਾਈ | Punjabi University Research

ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਤੇ ਨਿਗਰਾਨ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਿਆਂ ਇਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਸਾਇਣ ਮੁਕਤ ਖੇਤੀ ਦੇ ਵਧ ਰਹੇ ਮਹੱਤਵ ਵਾਲੇ ਦੌਰ ’ਚ ਅਜਿਹੀਆਂ ਖੋਜਾਂ ਦੀ ਆਪਣੀ ਵਿਸ਼ੇਸ਼ ਪ੍ਰਸੰਗਿਕਤਾ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ’ਚ ਹੋਰ ਵਧੇਰੇ ਖੋਜਾਂ ਹੋਣੀਆਂ ਚਾਹੀਦੀਆਂ ਹਨ।