ਆਖ਼ਰੀ ਪਲਾਂ ‘ਚ 2-0 ਨਾਲ ਜਿੱਤਿਆ ਬ੍ਰਾਜ਼ੀਲ

ਦੋਵੇਂ ਗੋਲ ਹੋਏ ਇੰਜ਼ਰੀ ਸਮੇਂ ‘ਚ

ਸੇਂਟ ਪੀਟਰਸਬਰਗ (ਏਜੰਸੀ)। ਫਿਲਿਪ ਕੋਟਿਨ੍ਹੋ (91ਵੇਂ ਮਿੰਟ) ਅਤੇ ਸਟਾਰ ਖਿਡਾਰੀ ਨੇਮਾਰ ਵੱਲੋਂ ਇੰਜ਼ਰੀ ਸਮੇਂ ਕੀਤੇ ਗਏ ਗੋਲਾਂ ਦੇ ਦਮ ‘ਤੇ ਬ੍ਰਾਜ਼ੀਲ ਨੇ ਸੇਂਟ ਪੀਟਰਸਬਰਗ ‘ਚ ਸ਼ੁੱਕਰਵਾਰ ਨੂੰ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਦੂਸਰੇ ਗਰੁੱਪ ਮੈਚ ‘ਚ ਕੋਸਟਾ ਰਿਕਾ ਨੂੰ 2-0 ਨਾਲ ਮਾਤ ਦਿੱਤੀ ਇਸ ਮੈਚ ‘ਚ ਮਿਲੀ ਜਿੱਤ ਨਾਲ ਬ੍ਰਾਜ਼ੀਲ ਨੇ ਆਖ਼ਰੀ 16 ‘ਚ ਜਾਣ ਦੀਆਂ ਆਸਾਂ ਨੂੰ ਮਜ਼ਬੂਤ ਕਰ ਲਿਆ ਹੈ, ਉੱਥੇ ਕੋਸਟਾ ਰਿਕਾ ਦਾ ਸਫ਼ਰ ਇਸ ਮੈਚ ‘ਚ ਹਾਰ ਦੇ ਨਾਲ ਖ਼ਤਮ ਹੋ ਗਿਆ ਹੈ ਆਖ਼ਰੀ ਗਰੁੱਪ ਮੈਚ ਉਸ ਲਈ ਰਸਮੀ ਕਾਰਵਾਈ ਹੀ ਹੋਵੇਗਾ ਕੋਸਟਾ ਰਿਕਾ ਦੀ ਰੱਖਿਆ ਕਤਾਰ ਨੂੰ ਖਦੇੜ ਕੇ ਉਸਦੇ ਗੋਲ ਪੋਸਟ ਦੇ ਕਰੀਬ ਪਹੁੰਚੇ ਬ੍ਰਾਜ਼ੀਲ ਦੇ ਖਿਡਾਰੀ ਸਫਲਤਾ ਹਾਸਲ ਨਹੀਂ ਕਰ ਪਾ ਰਹੇ ਸਨ.ਹਾਲਾਂਕਿ ਬ੍ਰਾਜ਼ੀਲ ਨੇ ਦੂਸਰੇ ਅੱਧ ਦੇ 26ਵੇਂ ਮਿੰਟ ‘ਚ ਗੋਲ ਕਰਕੇ ਪ੍ਰਸ਼ੰਸਕਾਂ ਦੇ ਚਿਹਰੇ ‘ਤੇ ਖੁਸ਼ੀ ਖਿੰਡਾਈ ਪਰ ਉਹ ਖੁਸ਼ੀ ਜ਼ਿਆਦਾ ਸਮੇਂ ਤੱਕ ਨਾ ਰਹੀ ਇਸ ਗੋਲ ਨੂੰ ਕੈਮਰੇ ਦੇ ਰਿਵਿਊ ਤੋਂ ਬਾਅਦ ਰੱਦ ਕਰ ਦਿੱਤਾ ਗਿਆ।

ਲਗਾਤਾਰ ਮੌਕੇ ਖੁੰਝ ਰਿਹਾ ਸੀ ਬ੍ਰਾਜ਼ੀਲ

ਸੇਂਟ ਪੀਟਰਸਬਰਗ ‘ਚ ਖੇਡੇ ਗਏ ਮੁਕਾਬਲੇ ‘ਚ ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਦੀ ਟੀਮ ਮੈਚ ‘ਚ ਲਗਾਤਾਰ ਮੌਕੇ ਖੁੰਝ ਰਹੀ ਸੀ ਅਤੇ 77ਵੇਂ ਮਿੰਟ ‘ਚ ਰੈਫਰੀ ਨੇ ਬਾੱਕਸ ‘ਚ ਨੇਮਾਰ ਨੂੰ ਸੁੱਟੇ ਜਾਣ ਦੇ ਕਾਰਨ ਬ੍ਰਾਜ਼ੀਲ ਨੂੰ ਪੈਨਲਟੀ ਵੀ ਦਿੱਤੀ ਪਰ ਕੋਸਟਾਰਿਕਾ ਦੇ ਖਿਡਾਰੀਆਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਿਸ ਤੋਂ ਬਾਅਦ ਰੈਫਰੀ ਨੇ ਖ਼ੁਦ ਸਾਈਡ ਲਾਈਨ ਦੇ ਬਾਹਰ ਜਾ ਕੇ ਟੀਵੀ ਰਿਪਲੇਅ ਦੇਖੇ ਰੈਫਰੀ ਨੇ ਫਿਰ ਮੈਦਾਨ ‘ਤੇ ਪਰਤ ਕੇ ਪੈਨਲਟੀ ਨੂੰ ਰੱਦ ਕਰ ਦਿੱਤਾ ਨਿਰਧਾਰਤ 90 ਮਿੰਟ ‘ਚ ਗੋਲ ਨਹੀਂ ਸੀ ਹੋਇਆ ਅਤੇ ਮੈਚ ਡਰਾਅ ਵੱਲ ਵਧ ਰਿਹਾ ਸੀ ਪਰ ਮੈਚ ਨੇ ਨਾਟਕੀ ਢੰਗ ਨਾਲ ਪਲਟਾ ਖਾਧਾ ਅਤੇ ਬ੍ਰਾਜ਼ੀਲ ਨੇ ਇੰਜ਼ਰੀ ਸਮੇਂ ‘ਚ ਦੋ ਗੋਲ ਕਰ ਦਿੱਤੇ ਫਿਲਿਪ ਕੋਟਿਨ੍ਹੋ ਨੇ ਇੰਜ਼ਰੀ ਸਮੇਂ ਦੇ ਪਹਿਲੇ ਹੀ ਮਿੰਟ ‘ਚ ਮਿਲੇ ਮੌਕੇ ਦਾ ਫਾਇਦਾ ਲੈਂਦੇ ਹੋਏ ਛੇ ਮੀਟਰ ਦੀ ਦੂਰੀ ਤੋਂ ਬ੍ਰਾਜ਼ੀਲ ਨੂੰ ਵਾਧਾ ਦਿਵਾਉਣ ਵਾਲਾ ਗੋਲ ਕੀਤਾ ਨੇਮਾਰ ਨੇ ਇਸ ਦੇ ਛੇ ਮਿੰਟ ਬਾਅਦ ਵਾੱਲੀ ਲਗਾ ਕੇ ਬ੍ਰਾਜ਼ੀਲ ਦਾ ਦੂਸਰਾ ਗੋਲ ਕੀਤਾ।