ਦੋਵੇ ਵਿਧਾਇਕਾਂ ਨੇ ਆਪਣੇ-ਆਪ ਨੂੰ ਦੱਸਿਆ ਪਾਕ-ਸਾਫ਼

ਕਿਹਾ, ਸਾਡਾ ਸ਼ਰਾਬ ਦੀ ਫੈਕਟਰੀ ਨਾਲ ਕੋਈ ਸਬੰਧ ਨਹੀਂ

ਰਾਜਪੁਰਾ, (ਜਤਿੰਦਰ ਲੱਕੀ)। ਪਿਛਲੇ ਦਿਨੀਂ ਰਾਜਪੁਰਾ ਵਿੱਚ ਫੜ੍ਹੀ ਗਈ ਸ਼ਰਾਬ ਫੈਕਟਰੀ ਨੂੰ ਲੈ ਕੇ ਰਾਜਨੀਤੀ ਜ਼ੋਰਾਂ ਨਾਲ ਚੱਲ ਰਹੀ ਹੈ। ਸ਼ਰਾਬ ਫੈਕਟਰੀ ਕਾਂਡ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬਿਨ੍ਹਾ ਸਮਾ ਗਵਾਏ ਪ੍ਰਸ਼ਾਸਨ ਅਤੇ ਰਾਜਪੁਰਾ ਦੇ ਵਿਧਾਇਕ ਦੇ ਪੁਤਲੇ ਫੂਕ ਕੇ ਉਕਤ ਮੁੱਦੇ ਨੂੰ ਹਵਾ ਦੇ ਦਿੱਤੀ। ਇਸ ਤੋਂ ਬਾਅਦ ਭਾਜਪਾ ਨੇ ਵੀ ਬੰਦ ਕਮਰੇ ਵਿੱਚ ਬੈਠਕ ਕਰ ਲੀਪਾਪੋਤੀ ਕਰ ਦਿੱਤੀ । ਸ਼ਰਾਬ ਫੈਕਟਰੀ ਦੇ ਮਾਮਲੇ ਨੂੰ ਸ਼ਾਂਤ ਕਰਨ ਲਈ ਰਾਜਪੁਰਾ ਅਤੇ ਘਨੌਰ ਦੇ ਵਿਧਾਇਕਾਂ ਨੇ ਪ੍ਰੈਸ ਗੱਲ ਬਾਤ ਕਰ ਉਕਤ ਮੁੱਦੇ ਤੋਂ ਪਰਦਾ ਹਟਾਇਆ ਅਤੇ ਮੰਗ ਕੀਤੀ ਕਿ ਜੋ ਵੀ ਇਸ ਮਾਮਲੇ ਵਿੱਚ ਆਰੋਪੀ ਹੈ, ਉਸ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ  ਕੰਬੋਜ ਅਤੇ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਸਾਲ ਅਗਸਤ 2019 ਵਿੱਚ ਮੁਲਜ਼ਮ ਦੀਪੇਸ਼ ਗਰੋਵਰ ਦੇ ਸ਼ੈਲਰ ਤੋਂ ਸ਼ਰਾਬ ਫੜ੍ਹੀ ਗਈ ਸੀ, ਬਾਅਦ ਵਿੱਚ ਰਾਜਪੁਰਾ ਅੰਬਾਲਾ ਬਾਈਪਾਸ ਉੱਤੇ ਵੀ ਸ਼ਰਾਬ ਦੀ ਫੈਕਟਰੀ ਫੜ੍ਹੀ ਗਈ ਸੀ, ਜਿੱਥੋਂ ਮੁਲਜ਼ਮ ਦੀਪੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜੋ ਕਿ ਕਰੀਬ ਡੇਢ ਮਹੀਨਾ ਪਹਿਲਾਂ ਹੀ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸੀ। ਆਉਂਦੇ ਹੀ ਫਿਰ ਉਸ ਵੱਲੋਂ ਸ਼ਰਾਬ ਦਾ ਧੰਦਾ ਸ਼ੁਰੂ ਰੱਖਣ ਲਈ ਸ਼ਰਾਬ ਫੈਕਟਰੀ ਖੋਲ੍ਹ ਦਿੱਤੀ। ਦੋਵਾਂ ਵਿਧਾਇਕਾਂ ਨੇ ਕਿਹਾ ਕਿ ਜੇਕਰ ਉਕਤ ਮੁਲਜ਼ਮ ਉੱਤੇ ਪਹਿਲਾਂ ਹੀ ਸਖ਼ਤ ਕਾਰਵਾਈ ਕੀਤੀ ਗਈ ਹੁੰਦੀ ਤਾਂ ਇਹ ਨੌਬਤ ਨਾ ਆਉਂਦੀ।

ਇਸ ਮੌਕੇ ਕੰਬੋਜ ਨੇ ਕਿਹਾ ਕਿ ਸਾਡਾ ਦੀਪੇਸ਼ ਨਾਲ ਕੁੱਝ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਝੂਠਾ ਪ੍ਰਚਾਰ ਕਰ ਕੇ ਸਾਨੂੰ ਅਤੇ ਸਰਕਾਰ ਨੂੰ ਬਦਨਾਮ ਕਰ ਰਹੇ ਹਨ ਜੇਕਰ ਉਨ੍ਹਾਂ ਨੂੰ ਉਕਤ ਫੈਕਟਰੀ ਦੇ ਬਾਰੇ ਪਤਾ ਸੀ ਤਾਂ ਪਹਿਲਾ ਕਿਉਂ ਨਹੀਂ ਫੜਵਾਈ। ਦੋਵਾਂ ਵਿਧਾਇਕਾਂ ਨੇ ਕਿਹਾ ਕਿ ਸਾਡਾ ਧਿਆਨ ਸ਼ਹਿਰ ਨੂੰ ਖੁਬਸੂਰਤ ਬਣਾਉਣ ਵਿੱਚ ਲੱਗਾ ਹੈ ਨਾ ਕਿ ਗਲਤ ਕੰਮ ਕਰਨ ਵਾਲਿਆਂ ਦੀ ਤਰਫਦਾਰੀ ਵੱਲ। ਉਨ੍ਹਾਂ ਨੂੰ ਵੇਖਣਾ ਪ੍ਰਸ਼ਾਸਨ ਦਾ ਕੰਮ ਹੈ। ਉਨ੍ਹਾਂ ਨੇ ਕਿਹਾ ਕਿ ਐਕਸਾਈਜ਼ ਵਿਭਾਗ ਛੇਤੀ ਹੀ ਇਸ ਕਾਂਢ ਦੀ ਜਾਂਚ ਕਰ ਹਾਲਤ ਸਾਫ਼ ਕਰ ਦੇਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.