ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਜੀ.ਬੀ. ਸਿੰਘ ਨੇ ਜ਼ਿਲ੍ਹਾ ਹਸਪਤਾਲ ਮੋਹਾਲੀ ਤੋਂ ਕੀਤਾ ਉਦਘਾਟਨ
ਹੈਲਥ ਕੇਅਰ ਵਰਕਰਾਂ, ਫ਼ਰੰਟਲਾਈਨ ਵਰਕਰਾਂ ਤੇ 60 ਸਾਲ ਤੋਂ ਉਪਰਲਿਆਂ ਨੂੰ ਦਿੱਤੀ ਜਾ ਰਹੀ ਹੈ ਬੂਸਟਰ ਡੋਜ਼
(ਕੁਲਵੰਤ ਕੋਟਲੀ) ਮੋਹਾਲੀ। ਪੰਜਾਬ ਭਰ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੋਵਿਡ ਰੋਕਥਾਮ ਲਈ ਬੂਸਟਰ ਡੋਜ਼ ਦੇਣ ਦੀ ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ। ਸਿਹਤ ਤੇ ਪਰਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜੀ.ਬੀ. ਸਿੰਘ ਨੇ ਅੱਜ ਸਥਾਨਕ ਜ਼ਿਲ੍ਹਾ ਹਸਪਤਾਲ ਤੋਂ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਦੇਣ ਦੀ ਮੁਹਿੰਮ ਦਾ ਉਦਘਾਟਨ ਕੀਤਾ। ਡਾਇਰੈਕਟਰ ਅਤੇ ਸੀਨੀਅਰ ਸਿਹਤ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਭ ਤੋਂ ਪਹਿਲਾਂ 61 ਸਾਲਾ ਅਮਨ ਮਲਿਕ ਨੂੰ ਬੂਸਟਰ ਡੋਜ਼ ਦਿਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਜੀ.ਬੀ. ਸਿੰਘ ਨੇ ਦਸਿਆ ਕਿ ਹੈਲਥਕੇਅਰ ਵਰਕਰਾਂ, ਫ਼ਰੰਟਲਾਈਨ ਵਰਕਰਾਂ ਅਤੇ 60 ਸਾਲ ਤੋਂ ਉਪਰਲੇ ਵਿਅਕਤੀਆਂ ਨੂੰ ਅਹਿਤੀਆਤ ਵਜੋਂ ਤੀਜੀ ਖ਼ੁਰਾਕ ਦੇਣ ਦੀ ਸੂਬਾ ਪੱਧਰੀ ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬੂਸਟਰ ਡੋਜ਼ ਪਹਿਲਾਂ ਲਈਆਂ ਦੋਵੇਂ ਖ਼ੁਰਾਕਾਂ ਵਾਲੀ ਹੀ ਹੋਵੇਗੀ ਭਾਵ ਜੇ ਕਿਸੇ ਨੇ ਪਹਿਲੀਆਂ ਦੋ ਖ਼ੁਰਾਕਾਂ ਕੋਵੈਕਸੀਨ ਦੀਆਂ ਲਈਆਂ ਹਨ ਤਾਂ ਉਸ ਨੂੰ ਤੀਜਾ ਟੀਕਾ ਵੀ ਕੋਵੈਕਸੀਨ ਦਾ ਲਗਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਬੂਸਟਰ ਡੋਜ਼ ਸਬੰਧੀ ਕੁਝ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਹ ਡੋਜ਼ ਦੂਜੀ ਖ਼ੁਰਾਕ ਲੈਣ ਦੇ 273 ਦਿਨਾਂ ਮਗਰੋਂ ਦਿੱਤੀ ਜਾਵੇਗੀ ਅਤੇ ਲਾਭਪਾਤਰੀ ਬੂਸਟਰ ਡੋਜ਼ ਲੈਣ ਦੇ 3 ਮਹੀਨੇ ਪਹਿਲਾਂ ਤੱਕ ਕੋਵਿਡ ਪਾਜ਼ਿਟਿਵ ਨਹੀਂ ਹੋਣਾ ਚਾਹੀਦਾ। ਡਾ. ਜੀ.ਬੀ. ਸਿੰਘ ਨੇ ਦੱਸਿਆ ਕਿ ਬੂਸਟਰ ਡੋਜ਼ ਦੇਣ ਲਈ ਸਿਹਤ ਸੰਸਥਾਵਾਂ ਵਿੱਚ ਵੱਖਰੇ ਕੇਂਦਰ ਬਣਾਏ ਗਏ ਹਨ। ਜ਼ਿਕਰਯੋਗ ਹੈ ਕਿ ਬੀਤੀ ਤਿੰਨ ਜਨਵਰੀ ਨੂੰ 15 ਤੋਂ 18 ਸਾਲ ਤੱਕ ਦੇ ਨੌਜਵਾਨਾਂ ਨੂੰ ਕੋਵਿਡ-ਰੋਕੂ ਟੀਕਾ ਲਗਾਏ ਜਾਣ ਦੀ ਸ਼ੁਰੂਆਤ ਕੀਤੀ ਗਈ ਸੀ।
ਕੋਵਿਡ ਮਹਾਂਮਾਰੀ ਦੀ ਸੰਭਾਵੀ ਤੀਜੀ ਲਹਿਰ ਬਾਰੇ ਗੱਲ ਕਰਦਿਆਂ ਡਾਇਰੈਕਟਰ ਨੇ ਕਿਹਾ ਕਿ ਹਰ ਰੋਜ਼ ਵਧ ਰਹੇ ਕੋਵਿਡ ਮਾਮਲਿਆਂ ਨੂੰ ਵੇਖਦਿਆਂ ਹਰ ਕਿਸੇ ਨੂੰ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ। ਜਿੱਥੇ ਕੋਵਿਡ ਟੀਕਾਕਰਨ ਬੇਹੱਦ ਜ਼ਰੂਰੀ ਹੈ, ਉਥੇ ਮਾਸਕ ਪਾਉਣ, ਇੱਕ ਦੂਜੇ ਤੋਂ ਸਮਾਜਿਕ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਜਿਹੇ ਬੁਨਿਆਦੀ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਤਿਅੰਤ ਲੋੜ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਲੋਕਾਂ ਨੇ ਹਾਲੇ ਤੱਕ ਪਹਿਲਾ ਜਾਂ ਦੂਜਾ ਟੀਕਾ ਨਹੀਂ ਲਗਵਾਇਆ, ਉਹ ਤੁਰੰਤ ਆਪਣਾ ਟੀਕਾਕਰਨ ਕਰਵਾਉਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ