Books | ਕਿਤਾਬਾਂ
ਯੁੱਗਾਂ-ਯੁੱਗਾਂ ਦੇ ਗਿਆਨ ਦਾ ਭੰਡਾਰ ਕਿਤਾਬਾਂ ਨੇ,
ਆਪਣੇ-ਆਪ ‘ਚ ਵੱਖਰਾ ਇੱਕ ਸੰਸਾਰ ਕਿਤਾਬਾਂ ਨੇ।
ਹਨ੍ਹੇਰ ਭਰੇ ਰਾਹਾਂ ‘ਤੇ ਪ੍ਰਕਾਸ਼ ਕਿਤਾਬਾਂ ਨੇ,
ਮੌਤ ਦੇ ਲਾਗੇ ਜ਼ਿੰਦਗੀ ਦੀ ਇੱਕ ਆਸ ਕਿਤਾਬਾਂ ਨੇ।
ਕਲ਼ਮ ਧਾਰੀਆਂ ਲਈ ਉਨ੍ਹਾਂ ਦਾ ਪਿਆਰ ਕਿਤਾਬਾਂ ਨੇ,
ਜ਼ਿੰਦਗੀ ਦੀ ਜੰਗ ਲੜਨ ਲਈ ਹਥਿਆਰ ਕਿਤਾਬਾਂ ਨੇ।
ਅਣਸੁਲਝੇ ਅਨੇਕ ਸੁਆਲਾਂ ਦੇ ਜੁਆਬ ਕਿਤਾਬਾਂ ਨੇ,
ਜਾਣਕਾਰੀਆਂ ਨਾਲ ਭਰੀਆਂ ਲਾਜਵਾਬ ਕਿਤਾਬਾਂ ਨੇ।
ਕਈਆਂ ਦੇ ਲਈ ਦੋਸਤ, ਕਈਆਂ ਦੀਆਂ ਉਸਤਾਦ ਕਿਤਾਬਾਂ ਨੇ,
ਮਰਨ ਨਾ ਦੇਣ ਗਿਆਨ ਕਦੇ ਜ਼ਿੰਦਾਬਾਦ ਕਿਤਾਬਾਂ ਨੇ।
ਬੇਸ਼ੱਕ ਇਨਸਾਨਾਂ ਨੇ ਹੀ, ਬਣਾਈਆਂ ਕਿਤਾਬਾਂ ਨੇ,
ਇਹ ਵੀ ਸੱਚ ਹੈ, ਬਹੁਤਿਆਂ ਨੂੰ ਇਨਸਾਨ ਬਣਾਇਆ ਕਿਤਾਬਾਂ ਨੇ।
ਅਨਮੋਲ ਖਜ਼ਾਨਾ, ਇਤਿਹਾਸ ਦੀ ਜਿੰਦ-ਜਾਨ ਕਿਤਾਬਾਂ ਨੇ,
ਮਾਨਵ ਸੱਭਿਅਤਾ ਦੀ, ‘ਯਸ਼’ ਇੱਕ ਪਹਿਚਾਣ ਕਿਤਾਬਾਂ ਨੇ।
ਯਸ਼ਪਾਲ ਮਾਹਵਰ,
ਸ੍ਰੀ ਮੁਕਤਸਰ ਸਾਹਿਬ
ਮੋ. 90413-47351
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.