35 ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇ ਚੁੱਕਿਐ ਬਲਾਕ ਸ਼ੇਰਪੁਰ | Block Sherpur
ਸ਼ੇਰਪੁਰ (ਰਵੀ ਗੁਰਮਾ)। ਕਿਸੇ ਵੀ ਵਿਅਕਤੀ ਦਾ ਜ਼ਿੰਦਗੀ ਵਿੱਚ ਇਹੀ ਮੁੱਖ ਉਦੇਸ਼ ਹੁੰਦਾ ਹੈ ਕਿ ਉਸਦਾ ਖੁਦ ਦਾ ਰੈਣ ਬਸੇਰਾ ਹੋਵੇ ਜਿੱਥੇ ਉਹ ਆਪਣੀ ਜ਼ਿੰਦਗੀ ਬੱਚਿਆਂ ਨਾਲ ਗੁਜ਼ਾਰ ਸਕੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਰੀ ਉਮਰ ਸੰਘਰਸ਼ ਕਰਦਾ ਹੈ ਫਿਰ ਕਿਤੇ ਜਾ ਕੇ ਉਸ ਨੂੰ ਸਿਰ ਲਕਾਉਣ ਜੋਗੀ ਛਾਂ ਨਸੀਬ ਹੁੰਦੀ ਹੈ ਪਰ ਅੱਜ-ਕੱਲ੍ਹ ਮਹਿੰਗਾਈ ਦੇ ਯੁੱਗ ਵਿੱਚ ਲੱਖਾਂ ਪਰਿਵਾਰ ਅਜਿਹੇ ਹਨ ਜਿਹੜੇ ਆਪਣੀ ਵਿੱਤੀ ਹਾਲਤ ਦੇ ਚਲਦਿਆਂ ਆਪਣਾ ਇਹ ਸੁਪਨਾ ਪੂਰਾ ਨਹੀਂ ਕਰ ਸਕਦੇ ਪਰ ਅੱਜ ਦੇ ਇਸ ਮਹਿੰਗਾਈ ਦੇ ਦੌਰ ‘ਚ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਹਰ ਸਾਲ ਸੈਂਕੜਿਆਂ ਦੀ ਗਿਣਤੀ ‘ਚ ਲੋੜਵੰਦਾਂ ਦੇ ਮਕਾਨ ਦੇ ਇਸ ਸੁਪਨੇ ਨੂੰ ਪੂਰਾ ਕਰਨ ‘ਚ ਲਗਾਤਾਰ ਯਤਨਸ਼ੀਲ ਜਾਰੀ ਹਨ।
ਜ਼ਿਲ੍ਹਾ ਸੰਗਰੂਰ ਦੇ ਇਕੱਲੇ ਬਲਾਕ ਸ਼ੇਰਪੁਰ ਨੇ ਥੋੜ੍ਹੇ ਜਿਹੇ ਸਮੇਂ ਵਿੱਚ 35 ਦੇ ਲਗਭਗ ਘਰ ਲੋੜਵੰਦਾਂ ਲਈ ਪਾ ਕੇ ਦਿੱਤੇ ਹਨ ਜਿਹੜੇ ਅੱਜ ਖੁਸ਼ੀ-ਖੁਸ਼ੀ ਆਪਣਾ ਗੁਜਰ ਬਸਰ ਕਰ ਰਹੇ ਹਨ। ਅੱਜ ‘ਸੱਚ ਕਹੂੰ’ ਵੱਲੋਂ ਬਲਾਕ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦਾ ਦੌਰਾ ਕਰਕੇ ਬਲਾਕ ਸ਼ੇਰਪੁਰ ਵੱਲੋਂ ਕੀਤੇ ਕੰਮਾਂ ਦਾ ਵਿਸਥਾਰ ਸਹਿਤ ਵੇਰਵਾ ਇਕੱਠਾ ਕੀਤਾ ਗਿਆ। ਬਲਾਕ ਵੱਲੋਂ ਸਮੇਂ-ਸਮੇਂ ਸਿਰ ਖੂਨਦਾਨ ਕੈਂਪ, ਨੇਤਰਦਾਨ, ਮਰਨ ਉਪਰੰਤ ਸਰੀਰ ਦਾਨ, ਕਲਾਥ ਬੈਂਕ, ਫੂਡ ਬੈਂਕ, ਗਰੀਬ ਲੜਕੀਆਂ ਦੇ ਵਿਆਹ, ਆਵਾਰਾ ਪਸ਼ੂਆਂ ਦਾ ਇਲਾਜ, ਗਰੀਬ ਵਿਅਕਤੀਆਂ ਦਾ ਇਲਾਜ ਕਰਵਾ ਕੇ ਗਰੀਬਾਂ ਦਾ ਸਹਾਰਾ ਬਣਿਆ ਜਾਂਦਾ ਹੈ।
ਕਸਬਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦਾ ਇੱਕੋ ਇੱਕ ਪੇਂਡੂ ਪੱਧਰ ਦਾ ਬਲਾਕ ਹੈ, ਜਿਸ ਨੇ ਕਿ ਪਿਛਲੇ ਕੁਝ ਸਾਲਾਂ ‘ਚ 35 ਲੋੜਵੰਦ ਗਰੀਬ ਪਰਿਵਾਰਾਂ ਤੇ ਵਿਧਵਾ ਔਰਤਾਂ ਨੂੰ ਮਕਾਨ ਬਣਾ ਕੇ ਉਨ੍ਹਾਂ ਦਾ ਸੁਪਨਾ ਪੂਰਾ ਕਰਕੇ ਉਨ੍ਹਾਂ ਦਾ ਸਹਾਰਾ ਬਣੇ ਹਨ। ਇੱਥੇ ਨਾਲ ਹੀ ਦੱਸਣਾ ਬਣਦਾ ਹੈ ਕਿ ਇਹ ਲੋਕ ਮਕਾਨ ਬਣਾਉਣ ਲਈ ਕਿਸੇ ਤੋਂ ਪੈਸੇ ਇਕੱਠੇ ਨਹੀਂ ਕਰਦੇ ਸਗੋਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ‘ਚੋਂ ਹੀ ਹਿੱਸਾ ਪਾ ਕੇ ਮਕਾਨ ਬਣਾ ਕੇ ਦਿੰਦੇ ਹਨ। ਇੱਕ ਦਿਨ ‘ਚ ਹੀ ਪੂਰਾ ਮਕਾਨ ਬਣਾ ਕੇ ਉਸ ਦੀ ਚਾਬੀ ਮਕਾਨ ਮਾਲਕ ਨੂੰ ਸੌਂਪ ਆਪੋ-ਆਪਣੇ ਘਰ ਆ ਜਾਂਦੇ ਹਨ।
ਇਨ੍ਹਾਂ ਪਿੰਡਾਂ ‘ਚ ਬਣਾ ਕੇ ਦਿੱਤੇ ਮਕਾਨ | Block Sherpur
ਮਕਾਨ ਬਣਾਉਣ ਦੀ ਲੜੀ ਤਹਿਤ ਬਲਾਕ ਦੁਆਰਾ ਪਿੰਡ ਈਨਾ ਬਾਜਵਾ ਵਿੱਚ 11, ਕਸਬਾ ਸ਼ੇਰਪੁਰ ਵਿੱਚ 5, ਘਨੌਰੀ ਕਲਾਂ ਵਿੱਚ 3, ਹੇੜੀਕੇ ਵਿੱਚ 3, ਬੜੀ ਵਿੱਚ 2, ਮੁਬਾਰਕਪੁਰ ਚੁੰਘਾਂ ਵਿੱਚ 2, ਖੇੜੀ, ਗੁਰਮਾ, ਹਮੀਦੀ, ਛੰਨਾ, ਮਨਾਲ, ਗੁਰਬਖਸ਼ਪੁਰਾ, ਛੋਟੀ ਘਨੌਰੀ, ਸਲੇਮਪੁਰ, ਕਾਤਰੋਂ ਵਿੱਚ 1-1 ਮਕਾਨ ਬਣਾ ਕੇ ਕੁੱਲ ਪੈਂਤੀ ਮਕਾਨ ਬਣਾ ਕੇ ਲੋੜਵੰਦ ਪਰਿਵਾਰਾਂ ਨੂੰ ਸੌਂਪ ਚੁੱਕਾ ਹੈ ਇਨ੍ਹਾਂ ਘਰਾਂ ਨੂੰ ਬਣਾਉਣ ‘ਤੇ ਬਲਾਕ ਸ਼ੇਰਪੁਰ ਦਾ ਔਸਤਨ ਖਰਚਾ ਪੰਜਾਹ ਲੱਖ ਰੁਪਏ ਤੋਂ ਵੀ ਜ਼ਿਆਦਾ ਆਇਆ ਹੈ।
ਦੱਬੇ ਕੁਚਲਿਆਂ ਦੀ ਮਦਦ ਸ਼ਲਾਘਾਯੋਗ | Block Sherpur
ਝੁੱਗੀਆਂ-ਝੌਂਪੜੀਆਂ ਤੇ ਜੋਗੀਨਾਥਾਂ ਦੇ ਬੱਚਿਆਂ ਨੂੰ ਲੰਮੇ ਸਮੇਂ ਤੋਂ ਮੁਫਤ ਪੜ੍ਹਾ ਰਹੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਕਿਹਾ ਕਿ ਸਮਾਜ ਦੇ ਦੱਬੇ ਕੁਚਲੇ ਤੇ ਗਰੀਬ ਲੋਕਾਂ ਨੂੰ ਘਰ ਬਣਾ ਕੇ ਦੇਣਾ ਤੇ ਉਨ੍ਹਾਂ ਦੀ ਮਦਦ ਕਰਨੀ ਸ਼ਲਾਘਾਯੋਗ ਕਦਮ ਹੈ। ਜੇਕਰ ਅਜਿਹੇ ਉਪਰਾਲੇ ਹੁੰਦੇ ਰਹਿਣ ਤਾਂ ਗਰੀਬਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।
ਅਸਲ ਲੋੜਵੰਦ ਦੀ ਕੀਤੀ ਜਾਂਦੀ ਹੈ ਮਦਦ | Block Sherpur
ਬਲਾਕ ਸ਼ੇਰਪੁਰ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿਖਾਏ ਮਾਨਵਤਾ ਦੇ ਰਾਹ ‘ਤੇ ਚਲਦਿਆਂ ਹੀ ਇਹ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਬਲਾਕ ਵੱਲੋਂ ਸਿਰਫ਼ ਉਸ ਵਿਅਕਤੀ ਜਾਂ ਔਰਤ ਦਾ ਮਕਾਨ ਬਣਾ ਕੇ ਦਿੱਤਾ ਜਾਂਦਾ ਹੈ ਜਿਹੜਾ ਅਸਲ ਵਿੱਚ ਲੋੜਵੰਦ ਹੋਵੇ ਇਸ ਦੇ ਲਈ ਬਕਾਇਦਾ ਤੌਰ ‘ਤੇ ਕਮੇਟੀਆਂ ਵੱਲੋਂ ਸਰਵੇ ਵੀ ਕੀਤਾ ਜਾਂਦਾ ਹੈ ਅਤੇ ਇਸ ਉਪਰੰਤ ਸਾਰੀ ਸਾਧ-ਸੰਗਤ ਮਕਾਨ ਬਣਾਉਣ ਦੇ ਕਾਰਜ ਵਿੱਚ ਜੁਟ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਧ ਸੰਗਤ ਦੇ ਉਤਸ਼ਾਹ ਸਦਕਾ ਇੱਕ ਮਕਾਨ ਬਣਾਉਣ ਦਾ ਕੰਮ ਇੱਕ ਦਿਨ ਵਿੱਚ ਨੇਪਰੇ ਚਾੜ੍ਹ ਦਿੱਤਾ ਜਾਂਦਾ ਹੈ। ਬਲਾਕ ਦੀ ਸਾਧ ਸੰਗਤ ਨਿਰੰਤਰ ਮਾਨਵਤਾ ਭਲਾਈ ਦੇ ਇਨ੍ਹਾਂ ਕੰਮਾਂ ਵਿੱਚ ਨਿਰੰਤਰ ਲੱਗੀ ਹੋਈ ਹੈ।