ਕਾਲੇ ਬਿੱਲ ਦਾ ਫੈਸਲਾ

Black bill decision

ਕਾਲੇ ਬਿੱਲ ਦਾ ਫੈਸਲਾ

ਕੀਟਨਾਸ਼ਕ ਸਪਰੇਅ ਦੇ ਮਸਲੇ ਨੂੰ ਲੈ ਕੇ ਇੱਕ ਕਿਸਾਨ ਭਰਾ ਵੱਲੋਂ ਆਪਣੇ ਸਾਥੀਆਂ ਅਤੇ ਪਤਵੰਤਿਆਂ ਦੇ ਭਾਰੀ ਹਜੂਮ ਨਾਲ ਸਪਰੇਅ ਵਿਕਰੇਤਾ ਦੀ ਦੁਕਾਨ ਮੂਹਰੇ ਇਕੱਠ ਕੀਤਾ ਹੋਇਆ ਸੀ। ਮੰਗ ਕੀਤੀ ਜਾ ਰਹੀ ਸੀ ਕਿ ਦੁਕਾਨਦਾਰ ਵੱਲੋਂ ਉਸ ਕਿਸਾਨ ਨੂੰ ਰੇਟ ਤਾਂ ਅਸਲੀ ਸਪਰੇਅ ਵਾਲਾ ਲਾ ਲਿਆ ਗਿਆ ਸੀ। ਪ੍ਰੰਤੂ ਸਪਰੇਅ ਨਕਲੀ ਹੋਣ ਕਰਕੇ ਉਸਨੇ ਕੋਈ ਅਸਰ ਨਹੀਂ ਕੀਤਾ ਜਿਸ ਕਾਰਨ ਵੀਹ ਕਿੱਲੇ ਝੋਨੇ ਦੀ ਫਸਲ ਸੁੰਡੀ ਦੇ ਖਾ ਜਾਣ ਕਰਕੇ ਕਿਸਾਨ ਦਾ ਭਾਰੀ ਨੁਕਸਾਨ ਹੋਇਆ ਹੈ। ਜਿਸ ਦਾ ਜਿੰਮੇਵਾਰ ਦਵਾਈ ਵਿਕਰੇਤਾ ਹੈ, ਜੋ ਹੋਏ ਨੁਕਸਾਨ ਦਾ ਮੁਆਵਜਾ ਭਰੇ ਅਤੇ ਉਨ੍ਹਾਂ ਕੋਲ ਖਰੀਦ ਕੀਤੀ ਸਪਰੇਅ ਦਾ ਕਾਲਾ ਬਿੱਲ ਵੀ ਮੌਕੇ ’ਤੇ ਪੱਕਾ ਸਬੂਤ ਮੌਜੂਦ ਸੀ।

ਦੂਜੇ ਪਾਸੇ ਦੁਕਾਨਦਾਰ ਆਪਣੀ ਕਾਲੇ ਸ਼ੀਸ਼ਿਆਂ ਵਾਲੀ ਦੁਕਾਨ ਦੇ ਅੰਦਰ ਦੜ੍ਹਿਆ ਬੈਠਾ ਹੋਇਆ ਟੱਸ ਤੋਂ ਮੱਸ ਨਾ ਹੁੰਦਾ ਹੋਇਆ ਬਾਹਰ ਨਿੱਕਲ ਕੇ ਕਿਸਾਨਾਂ ਦੀ ਸਿੱਧੇ ਮੂੰਹ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਲਟਾ ਆਪਣੀ ਸਫਾਈ ’ਤੇ ਸਫਾਈ ਪੇਸ਼ ਕਰ ਰਿਹਾ ਸੀ। ਐਨੇ ਚਿਰ ਨੂੰ ਇੱਕ ਹੋਰ ਕਿਸਾਨ ਆਪਣੇ ਸਾਥੀਆਂ ਸਮੇਤ ਪਹੁੰਚਿਆ, ਜਿਨ੍ਹਾਂ ਦੇ ਹੱਥਾਂ ਵਿੱਚ ਇੱਕ ਗੁਲਦਸਤਾ ਅਤੇ ਕੁਝ ਹਾਰ ਫੜੇ ਹੋਏ ਸਨ, ਜੋ ਕਿਸੇ ਹੋਰ ਨੇੜਲੇ ਪਿੰਡ ਦਾ ਵਸਨੀਕ ਅਤੇ ਉਸ ਸਪਰੇਅ ਵਿਕਰੇਤਾ ਦਾ ਪੁਰਾਣਾ ਗ੍ਰਾਹਕ ਸੀ। ਜੋ ਉਹ ਵੀ ਕੁਝ ਸਮਾਂ ਪਹਿਲਾਂ ਆਪਣੀ ਝੋਨੇ ਦੀ ਫਸਲ ਵਾਸਤੇ ਸਪਰੇਅ ਲੈ ਕੇ ਗਿਆ ਸੀ। ਉਹ ਆਪਣੇ ਸਾਥੀਆਂ ਸਮੇਤ ਜਿਉਂ ਹੀ ਦੁਕਾਨ ਦੇ ਅੰਦਰ ਹੋਏ ਤਾਂ ਉਨ੍ਹਾਂ ਦੁਕਾਨਦਾਰ ਨੂੰ ਸਪਰੇਅ ਦੇ ਹੋਏ ਫਾਇਦੇ ਕਾਰਨ ਸਨਮਾਨਿਤ ਕਰਨ ਬਾਰੇ ਦੱਸਿਆ ।

ਦੁਕਾਨਦਾਰ ਅੱਗੋਂ ਅਜਿਹਾ ਬਦਲਵਾਂ ਮਾਹੌਲ ਦੇਖ ਕੇ ਗਦਗਦ ਹੋ ਉੱਠਿਆ ਅਤੇ ਤੁਰੰਤ ਉਨ੍ਹਾਂ ਨਾਲ ਬਾਹਰ ਆ ਕੇ ਵਿਰੋਧ ਕਰ ਰਹੇ ਹਜ਼ੂਮ ਕੋਲ ਪਹੁੰਚ ਕੇ ਆਪਣੀਆਂ ਸਿਫਤਾਂ ਦੇ ਪੁਲ ਬੰਨ੍ਹਦਾ ਹੋਇਆ ਕਹਿਣ ਲੱਗਾ ਕਿ ਤੁਸੀਂ ਤਾਂ ਮੇਰੇ ’ਤੇ ਝੂਠਾ ਇਲਜ਼ਾਮ ਲਾ ਕੇ ਬਦਨਾਮ ਕਰਨ ਦੀਆਂ ਚਾਲਾਂ ਚੱਲ ਰਹੇ ਹੋ। ਆਹ ਜੋ ਕਿਸਾਨ ਭਰਾ ਫੁੱਲਾਂ ਦੇ ਹਾਰ ਅਤੇ ਗੁਲਦਸਤਾ ਲੈ ਕੇ ਆਏ ਹਨ। ਇਹ ਮੇਰੀ ਅਸਲੀ ਸਚਿਆਈ ਦਾ ਪ੍ਰਤੱਖ ਸਬੂਤ ਹਨ। ਹੁਣ ਮੈਂ ਚਾਹੁੰਦਾ ਹਾਂ ਕਿ ਇਹ ਕਿਸਾਨ ਆਪਣੇ ਮੂੰਹੋਂ ਹੀ ਤੁਹਾਡੇ ਹਜ਼ੂਮ ਦੇ ਮੂਹਰੇ ਆਪਣਾ ਬਿਆਨ ਜਾਰੀ ਕਰਨ ਅਤੇ ਨਾਲੋ- ਨਾਲ ਹੀ ਖੁਸ਼ੀ ਵਿੱਚ ਝੂਮਦਾ ਹੋਇਆ ਦੁਕਾਨਦਾਰ ਚੌੜਾ ਹੋਇਆ ਅੰਦਰੋਂ-ਅੰਦਰੀ ਆਪਣੇ-ਆਪ ਨੂੰ ਦਿਲਾਸਾ ਦੇ ਰਿਹਾ ਸੀ।

ਇਸ ਸਨਮਾਨ ਮਾਹੌਲ ਨੂੰ ਦੇਖ ਕੇ ਦੂਜੇ ਪਾਸੇ ਵਿਰੋਧ ਕਰ ਰਹੇ ਕਿਸਾਨਾਂ ਦੇ ਚਿਹਰੇ ਵੀ ਗੁੱਸੇ ਵਿੱਚ ਲਾਲ ਖੱਖੇ ਹੋਏ ਪਏ ਸਨ। ਉਪਰੰਤ ਸਨਮਾਨ ਗਰੁੱਪ ’ਚੋਂ ਮੋਢੀ ਕਿਸਾਨ ਮੂਹਰੇ ਆਇਆ ਅਤੇ ਉਸ ਨੇ ਆਪਣਾ ਸੰਬੋਧਨ ਜਾਰੀ ਕਰਦਿਆਂ ਕਿਹਾ, ਕਿ ਕਿਸਾਨ ਭਰਾਵੋ… ਮੈਂ ਇਸ ਦੁਕਾਨਦਾਰ ਤੋਂ ਪਿਛਲੇ ਦਿਨੀਂ ਆਪਣੀ ਝੋਨੇ ਦੀ ਫਸਲ ’ਤੇ ਸੁੰਡੀ ਦੇ ਹੋਏ ਜਬਰਦਸਤ ਹਮਲੇ ਤੋਂ ਬਚਾਅ ਕਰਨ ਵਾਸਤੇ ਕੀਟਨਾਸ਼ਕ ਸਪਰੇਅ ਲੈ ਕੇ ਗਿਆ ਸੀ। ਉਸ ਸਪਰੇਅ ਦਾ ਮੇਰੇ ਸਮੂਹ ਪਰਿਵਾਰ ਨੂੰ ਐਨਾ ਜ਼ਿਆਦਾ ਫਾਇਦਾ ਹੋਇਆ ਕਿ ਸਾਡੀ ਜ਼ਿੰਦਗੀ ਦਾ ਦੀਵਾ ਆਲੋਪ ਹੋਣੋਂ ਬਚ ਗਿਆ। ਜਿਸ ਦੀ ਅਸਲੀਅਤ ਇਹ ਹੈ ਕਿ ਮੈਂ ਘੱਟ ਪੂੰਜੀ ਦਾ ਮਾਲਕ ਛੋਟਾ ਕਿਸਾਨ ਸਪਰੇਅ ਕਰਨ ਤੋਂ ਉਸ ਦਿਨ ਲੇਟ ਹੋ ਗਿਆ ਸਾਂ ਅਤੇ ਮੇਰੇ ਇਕਲੌਤੇ ਪੁੱਤਰ ਦੀ ਮੈਥੋਂ ਮੋਟਰ ਸਾਈਕਲ ਦੀ ਮੰਗ ਪੂਰੀ ਨਾ ਹੋਣ ਕਰਕੇ ਉਸ ਨੇ ਗੁੱਸੇ ਵਿੱਚ ਆ ਕੇ ਕਾਫੀ ਮਾਤਰਾ ’ਚ ਸਪਰੇਅ ਪੀ ਲਈ ਸੀ। ਡਾਕਟਰ ਨੇ ਇਲਾਜ ਦੌਰਾਨ ਦੱਸਿਆ ਕਿ ਜੇਕਰ ਸਪਰੇਅ ਜ਼ਹਿਰੀਲੀ ਹੁੰਦੀ ਤਾਂ ਬੇਟੇ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ।

ਇਹ ਸਪਰੇਅ ਘਟੀਆ ਅਤੇ ਨਕਲੀ ਤਾਂ ਜਰੂਰ ਹੈ ਪਰ ਇਸ ਦੀ ਇਸ ਦੁਕਾਨਦਾਰ ਨੇ ਕੀਮਤ ਅਸਲੀ ਮੁਤਾਬਿਕ ਹੀ ਲਾਈ ਹੋਈ ਹੈ। ਪਰੰਤੂ ਮੇਰਾ ਘਰ ਤਬਾਹ ਹੋਣ ਤੋਂ ਵਾਲ-ਵਾਲ ਬਚ ਗਿਆ ਹੈ। ਆਹ ਦੇਖੋ ਮੈਂ ਉਸ ਦਵਾਈ ਵਾਲਾ ਲੀਟਰ ਅਤੇ ਕੀਮਤ ਵਾਲਾ ਕਾਲਾ ਬਿੱਲ ਵੀ ਨਾਲ ਹੀ ਲੈ ਕੇ ਆਇਆਂ ਹਾਂ ਅਤੇ ਇਹ ਸਪਰੇਅ ਬਿਲਕੁਲ ਤੁਹਾਡੇ ਵਾਲੀ ਸਪਰੇਅ ਨਾਲ ਦੀ ਹੀ ਸਪਰੇਅ ਹੈ। ਹੁਣ ਇਸ ਕਾਲੇ ਬਿੱਲ ਦਾ ਫੈਸਲਾ ਤੁਹਾਡੇ ਹੱਥ…?’’

ਲੰਗੇਆਣਾ ਕਲਾਂ, ਮੋਗਾ
ਮੋ. 98781-17285

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ