‘ਪਰਕਾਸ਼ ਸਿੰਘ ਬਾਦਲ’ ਨੂੰ ਹਰਾਉਣ ਲਈ ਪੂਰੀ ਤਾਕਤ ਲਗਾਏਗੀ ਭਾਜਪਾ, ਕਬੱਡੀ ’ਚ ਨਹੀਂ ਹੁੰਦਾ ਕੋਈ ‘ਨਿਯਮ’

Gajender Singh Shekhawat, BJP

ਹਰਸਿਮਰਤ ਕੌਰ ਨੇ ਨਹੀਂ ਕੀਤਾ ਕੈਬਨਿਟ ’ਚ ਕੋਈ ਵਿਰੋਧ, ਖੇਤੀ ਕਾਨੂੰਨਾਂ ਬਾਰੇ ਬੋਲ ਰਹੇ ਨੇ ਝੂਠ (BJP)

  • ਸੱਚ ਕਹੂੰ ਦੇ ਬਿਊਰੋ ਚੀਫ ਅਸ਼ਵਨੀ ਚਾਵਲਾ ਦੀ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਵਿਸ਼ੇਸ਼ ਮੁਲਾਕਾਤ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸਾਫ਼ ਕਰ ਦਿੱਤਾ ਹੈ ਕਿ ਰਾਜਨੀਤੀ ਵਿੱਚ ਕੋਈ ਦੋਸਤ ਜਾਂ ਫਿਰ ਸਕਾ ਸਬੰਧੀ ਨਹੀਂ ਹੁੰਦਾ ਹੈ। ਜਿਹੜਾ ਵੀ ਵਿਰੋਧੀ ਧਿਰ ਦੇ ਤੌਰ ’ਤੇ ਸਾਹਮਣੇ ਹੋਵੇ, ਉਸ ਨੂੰ ਹਰਾਉਣ ਲਈ ਆਪਣੀ ਪੂਰੀ ਤਾਕਤ ਲਾ ਦਿੱਤੀ ਜਾਵੇ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਰਕਾਸ਼ ਸਿੰਘ ਬਾਦਲ ਹੋਣ ਜਾਂ ਫਿਰ ਕੋਈ ਹੋਰ ਵੱਡਾ ਲੀਡਰ, ਹਰ ਇੱਕ ਨੂੰ ਹਰਾਉਣ ਲਈ ਭਾਜਪਾ (BJP) ਪੂਰਾ ਜ਼ੋਰ ਲਾਏਗੀ। ਚੰਡੀਗੜ ਤੋਂ ਪੰਜਾਬ ਬਿਊਰੋ ਚੀਫ਼ ਅਸ਼ਵਨੀ ਚਾਵਲਾ ਨਾਲ ਹੋਏ ਇੰਟਰਵਿਊ ਦੌਰਾਨ ਗਜੇਂਦਰ ਸਿੰਘ ਸ਼ੇਖਾਵਤ ਨੇ ਖੁੱਲ੍ਹ ਕੇ ਆਪਣੀ ਗੱਲ ਰੱਖੀ।

1. ਭਾਜਪਾ ਦੇ ਅਜ਼ੀਜ਼ ਰਹੇ ਪਰਕਾਸ਼ ਸਿੰਘ ਬਾਦਲ ਚੋਣ ਮੈਦਾਨ ਵਿੱਚ ਹਨ ਤਾਂ ਕੀ ਭਾਜਪਾ ਉਨਾਂ ਨੂੰ ਹਰਾਉਣ ਲਈ ਉਨਾਂ ਦੇ ਖ਼ਿਲਾਫ਼ ਪ੍ਰਚਾਰ ਕਰੇਗੀ ?

ਜਵਾਬ-ਜਦੋਂ ਤੱਕ ਅਸੀਂ ਨਾਲ ਸਾਂ ਤਾਂ ਅਸੀਂ ਪੂਰੀ ਤਾਕਤ ਨਾਲ ਸਾਂ ਅਤੇ ਹੁਣ ਜਦੋਂ ਆਹਮੋ-ਸਾਹਮਣੇ ਹਾਂ ਤਾਂ ਪੂਰੀ ਤਾਕਤ ਨਾਲ ਆਹਮੋ ਸਾਹਮਣੇ ਹਾਂ। ਪਰਕਾਸ਼ ਸਿੰਘ ਬਾਦਲ ਦੇ ਚੋਣਾਂ ਹਰਾਉਣ ਲਈ ਭਾਜਪਾ ਦੇ ਵੱਡੇ ਲੀਡਰਾਂ ਨੂੰ ਵੀ ਲੰਬੀ ਭੇਜਿਆ ਜਾਏਗਾ। ਸਿਆਸਤ ਵਿੱਚ ਕੋਈ ‘ਕ’ ‘ਖ’ ਨਹੀਂ ਹੁੰਦਾ ਹੈ, ਇਸ ਲਈ ਸਾਹਮਣੇ ਕੌਣ ਹੈ, ਇਹ ਮਾਅਨੇ ਨਹੀਂ ਰੱਖਦਾ ਹੈ।

2. ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੈਬਨਿਟ ਵਿੱਚ ਕਿਵੇਂ ਵਿਰੋਧ ਕੀਤਾ ਸੀ, ਕੀ ਉਹ ਵਿਰੋਧ ਕਰਨ ਦੀ ਗੱਲ ਸੱਚ ਬੋਲ ਰਹੇ ਹਨ?

ਜਵਾਬ-ਕੈਬਨਿਟ ਮੀਟਿੰਗ ਵਿੱਚ ਕੀ ਹੋਇਆ ਹੈ ਜਾਂ ਫਿਰ ਕੀ ਨਹੀਂ ਹੋਇਆ, ਇਹ ਬਾਹਰ ਆ ਕੇ ਦੱਸਣਾ ਕੈਬਨਿਟ ਦੀ ਮਰਿਆਦਾ ਦੇ ਖ਼ਿਲਾਫ਼ ਹੈ ਪਰੂਤੰ ਹਰਸਿਮਰਤ ਕੌਰ ਬਾਦਲ ਨੇ ਕੋਈ ਵਿਰੋਧ ਕੀਤਾ ਹੁੰਦਾ ਤਾਂ ਹੁਣ ਤੱਕ ਉਹ ਕੋਈ ਸਬੂਤ ਕਿਉਂ ਪੇਸ਼ ਨਹੀਂ ਕਰ ਸਕੇ ਕਿ ਉਨਾਂ ਨੇ ਇਹ ‘ਡਿਸੈਂਟ ਨੋਟ’ (ਇਤਰਾਜ) ਦਿੱਤਾ ਸੀ। ਕੈਬਨਿਟ ਤੋਂ ਲੈ ਕੇ ਕਾਨੂੰਨ ਜਦੋਂ ਦੋਵਾਂ ਸੰਸਦ ਵਿੱਚ ਆਏ ਤਾਂ ਉਸ ਦੇ ਵਿਚਕਾਰ ਦਾ ਸਮਾਂ ਦੇਖਿਆ ਜਾਵੇ, ਇਸ ਸਮੇਂ ਦੌਰਾਨ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਸਰਕਾਰ ਕਾਨੂੰਨ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਨ। ਜੇਕਰ ਉਨਾਂ ਨੇ ਵਿਰੋਧ ਕੀਤਾ ਸੀ ਤਾਂ ਆਮ ਲੋਕਾਂ ਵਿੱਚ ਕਾਨੂੰਨ ਦੇ ਹੱਕ ਵਿੱਚ ਪ੍ਰਚਾਰ ਕਿਵੇਂ ਕਰ ਰਹੇ ਸਨ? ਇਹ ਸੁਆਲ ਉਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਜੇਕਰ ਕੈਬਨਿਟ ਵਿੱਚ ਉਨਾਂ ਨੇ ਵਿਰੋਧ ਕੀਤਾ ਸੀ ਤਾਂ ਪਬਲਿਕ ਵਿੱਚ ਆ ਕੇ ਕਿਉਂ ਕੀਤਾ ਸੀ ਪ੍ਰਚਾਰ?

3. ਪੰਜਾਬ ’ਚ ਭਾਜਪਾ ਚੋਣ ਮੈਦਾਨ ਵਿੱਚ 2022 ਦੀ ਲੜਾਈ ਲੜ ਰਹੀ ਹੈ ਜਾਂ ਫਿਰ 2027 ਦੀ ਤਿਆਰੀ ਕਰ ਰਹੀ ਹੈ ?

ਜਵਾਬ-
ਭਾਰਤੀ ਜਨਤਾ ਪਾਰਟੀ ਸਿਰਫ਼ ਚੋਣ ਲੜਨ ਜਾਂ ਫਿਰ ਸੱਤਾ ਵਿੱਚ ਆਉਣ ਲਈ ਚੋਣ ਨਹੀਂ ਲੜਦੀ ਹੈ। ਸਿਰਫ਼ 2022 ਵਿੱਚ ਸਰਕਾਰ ਬਣਾਉਣ ਲਈ ਇਹ ਲੜਾਈ ਨਹੀਂ ਹੈ। ਸਾਡੇ ਵੱਲੋਂ 2022 ਤੋਂ ਲੈ ਕੇ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਦੇ ਵਿਕਾਸ ਅਤੇ ਪੰਜਾਬ ਦੀ ਦੇਸ਼ ਲਈ ਮਹੱਤਤਾ ਨੂੰ ਲੈ ਕੇ ਹੀ ਚੋਣ ਲੜੀ ਜਾ ਰਹੀ ਹੈ।

4. ਜੇਕਰ ਪੰਜਾਬ ’ਚ ਭਾਜਪਾ ਨੂੰ ਬਹੁਮਤ ਨਹੀਂ ਮਿਲਦਾ ਹੈ ਤਾਂ ਚੋਣਾਂ ਤੋਂ ਬਾਅਦ ਕਿਸੇ ਪਾਰਟੀ ਨਾਲ ਗਠਜੋੜ ਸਰਕਾਰ ਬਣਾਈ ਜਾਏਗੀ?

ਜਵਾਬ-
ਸਵਾਲ ਹੀ ਨਹੀਂ ਉੱਠਦਾ ਹੈ ਕਿ ਅਸੀਂ ਪੰਜਾਬ ਵਿੱਚ ਕਾਮਯਾਬ ਨਾ ਹੋਵਾਂਗੇ। ਘੱਟ ਤੋਂ ਘੱਟ ਅੱਜ ਤਾਂ ਇਹ ਸੁਆਲ ਖੜਾ ਹੀ ਨਹੀਂ ਹੁੰਦਾ। ਅਸੀਂ ਪੰਜਾਬ ਵਿੱਚ ਸਫ਼ਲ ਹੋਵਾਂਗੇ ਅਤੇ ਅਸੀਂ ਸਰਕਾਰ ਬਣਾਉਣ ਦੀ ਲੜਾਈ ਲੜ ਰਹੇ ਹਾਂ। ਜਿਸ ਤਰੀਕੇ ਨਾਲ ਪੰਜਾਬ ਦੀ ਜਨਤਾ ਦਾ ਸਮੱਰਥਨ ਮਿਲ ਰਿਹਾ ਹੈ, ਉਸ ਤੋਂ ਲਗਦਾ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ।

5. ਕੀ ਭਾਜਪਾ ਦੇ ਉਮੀਦਵਾਰਾਂ ਦੀਆਂ ਸੀਟਾਂ ’ਤੇ ਹੀ ਕੇਂਦਰੀ ਲੀਡਰ ਪ੍ਰਚਾਰ ਕਰਨਗੇ ਜਾਂ ਫਿਰ ਗੱਠਜੋੜ ਦੀਆਂ ਸੀਟਾਂ ’ਤੇ ਵੀ ਜਾਣਗੇ?

ਜਵਾਬ-
ਅਮਿਤ ਸ਼ਾਹ ਜੀ ਜਲਦ ਹੀ ਪਟਿਆਲਾ ਅਤੇ ਲਹਿਰਾਗਾਗਾ ਵਿੱਚ ਪ੍ਰਚਾਰ ਕਰਨ ਲਈ ਜਾਣਗੇ ਅਤੇ ਇਸ ਸਬੰਧੀ ਤਿਆਰੀ ਵੀ ਚੱਲ ਰਹੀ ਹੈ। ਅਮਿਤ ਸ਼ਾਹ ਤੋਂ ਇਲਾਵਾ ਜੇ.ਪੀ. ਨੱਢਾ ਜੀ, ਪਿਊਸ਼ ਜੀ, ਸਿਮਰਿਤੀ ਇਰਾਨੀ ਜੀ, ਨਿਤਿਨ ਗਡਕਰੀ ਜੀ, ਮਨੋਹਰ ਲਾਲ ਖੱਟਰ ਜੀ, ਜੈ ਰਾਮ ਠਾਕੁਰ ਜੀ ਅਤੇ ਅਨੁਰਾਗ ਜੀ ਉਨਾਂ ਸੀਟਾਂ ’ਤੇ ਪ੍ਰਚਾਰ ਕਰਨਗੇ, ਜਿਹੜੀ ਸੀਟਾਂ ’ਤੇ ਉਮੀਦਵਾਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਇਹ ਸਾਰੇ ਸਿਰਕੱਢ ਆਗੂ ਜਲਦ ਹੀ ਪੰਜਾਬ ਚੋਣ ਪ੍ਰਚਾਰ ’ਚ ਦਿਖਾਈ ਦੇਣਗੇ।

6. ਪੰਜਾਬ ’ਚ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਹੁਣ ਵੀ ਕਰਨਾ ਪੈ ਰਿਹਾ ਹੈ, ਕਿਵੇਂ ਮਨਾ ਸਕੋਗੇ?

ਜਵਾਬ-
ਪੰਜਾਬ ਦੀਆਂ 117 ਸੀਟਾਂ ਵਿੱਚੋਂ ਅੱਜ ਕੱਲ੍ਹ ਵਿੱਚ ਸ਼ਾਇਦ ਹੀ ਇੱਕ ਦੋ ਥਾਂ ’ਤੇ ਵਿਰੋਧ ਦੀ ਗੱਲ ਸਾਹਮਣੇ ਆਈ ਹੋਏਗੀ ਪਰ ਇਸ ਨੂੰ ਖੇਤੀ ਕਾਨੂੰਨ ਨਾਲ ਜੋੜ ਕੇ ਦਿਖਾਉਣਾ ਗ਼ਲਤ ਹੈ, ਕਿਉਂਕਿ ਉਮੀਦਵਾਰ ਆਪਣਾ ਵੀ ਵਿਰੋਧ ਹੋ ਸਕਦਾ ਹੈ ਅਤੇ ਆਮ ਤੌਰ ’ਤੇ ਪਾਰਟੀ ਦੀ ਥਾਂ ’ਤੇ ਕਿਸੇ ਹੋਰ ਕਾਰਨ ਕਰਕੇ ਉਮੀਦਵਾਰ ਦਾ ਵਿਰੋਧ ਹੋ ਜਾਂਦਾ ਹੈ। ਪੰਜਾਬ ਵਿੱਚ ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਵਿੱਚ ਕੋਈ ਵੀ ਨਰਾਜ਼ਗੀ ਜਾਂ ਫਿਰ ਗੁੱਸਾ ਨਹੀਂ ਹੈ।

7. 700 ਦੇ ਕਰੀਬ ਕਿਸਾਨਾਂ ਦੀ ਮੌਤ ਨੂੰ ਲੈ ਕੇ ਕੋਈ ਮੁਆਵਜ਼ਾ ਦੇਣ ’ਤੇ ਵਿਚਾਰ ਹੈ ?
ਜਵਾਬ-ਇਸ ਮਾਮਲੇ ਵਿੱਚ ਲਗਭਗ ਫੈਸਲਾ ਹੋ ਗਿਆ ਹੈ ਪਰ ਚੋਣ ਜ਼ਾਬਤਾ ਲੱਗਣ ਕਰਕੇ ਆਖਰੀ ਫੈਸਲਾ ਜਨਤਾ ਸਾਹਮਣੇ ਨਹੀਂ ਆ ਸਕਿਆ। ਚੋਣ ਕਮਿਸ਼ਨ ਵੱਲੋਂ ਮੁਆਵਜ਼ਾ ਦੇਣ ਸਬੰਧੀ ਪ੍ਰਵਾਨਗੀ ਮੰਗੀ ਗਈ ਸੀ ਪਰ ਇਸ ਸਬੰਧੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਲਈ ਮੁਆਵਜ਼ਾ ਦਿੱਤਾ ਜਾਏਗਾ ਜਾਂ ਫਿਰ ਕਿੰਨਾ ਦਿੱਤਾ ਜਾਏਗਾ, ਇਸ ਸਬੰਧੀ ਕੋਈ ਐਲਾਨ ਨਹੀਂ ਕੀਤਾ ਜਾ ਸਕਦਾ ਹੈ ਪਰ ਇਸ ਸਬੰਧੀ ਲਗਭਗ ਫੈਸਲਾ ਅਤੇ ਫ਼ਾਰਮੂਲਾ ਤੈਅ ਹੋ ਗਿਆ ਹੈ।

8. ਭਾਜਪਾ ਚੋਣਾਂ ਵਿੱਚ ਪਿਛਲੀ ਸਰਕਾਰ ਨੂੰ ਲੈ ਕੇ ਘੇਰਦੀ ਹੈ ਪਰ ਅਮਰਿੰਦਰ ਸਿੰਘ ਉਨਾਂ ਦੇ ਨਾਲ ਬੈਠੇ ਹੁੰਦੇ ਹਨ, ਕੀ ਇਹ ਭਾਜਪਾ ਲਈ ਪਰੇਸ਼ਾਨੀ ਨਹੀਂ ਖੜੀ ਹੋ ਗਈ ਹੈ ?

ਜਵਾਬ-
ਸਰਕਾਰ ਕਦੇ ਵੀ ਇੱਕ ਵਿਅਕਤੀ ਦੀ ਨਹੀਂ ਹੁੰਦੀ ਹੈ, ਸਰਕਾਰ ਹਮੇਸ਼ਾ ਹੀ ਸਮੂਹਿਕ ਹੁੰਦੀ ਹੈ। ਪਾਰਟੀ ਵਿਚਾਰਧਾਰਾ ਨਾਲ ਵੀ ਸਰਕਾਰ ਚਲਦੀ ਹੈ। ਇਹ ਪੰਜਾਬ ਅਤੇ ਦੇਸ਼ ਵੀ ਮੰਨਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਲਈ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਪਹਿਲਾਂ ਜਰੂਰੀ ਹੈ, ਕਿਉਂਕਿ ਉਹ ਫੌਜੀ ਆਦਮੀ ਵੀ ਹਨ ਅਤੇ ਉਨਾਂ ਲਈ ਦੇਸ਼ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ। ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਵੀ ਇਹ ਹੈ ਕਿ ਦੇਸ਼ ਪਹਿਲਾਂ ਅਤੇ ਪਾਰਟੀ ਤੇ ਸਰਕਾਰ ਬਾਅਦ ਵਿੱਚ ਹੰੁਦੀ ਹੈ। ਇਸ ਲਈ ਅਮਰਿੰਦਰ ਸਿੰਘ ਨਾਲ ਉਨ੍ਹਾਂ ਦਾ ਚੰਗਾ ਸਾਥ ਹੈ। ਅਮਰਿੰਦਰ ਸਿੰਘ ਨੂੰ ਗਲਤ ਠਹਿਰਾਉਣਾ ਠੀਕ ਨਹੀਂ ਹੈ, ਕਿਉਂਕਿ ਸਰਕਾਰ ਵਿੱਚ ਸਾਰੇ ਕੈਬਨਿਟ ਮੰਤਰੀ ਭਾਗੀਦਾਰ ਹੁੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ