ਗੈਰ ਜਿੰਮੇਵਾਰ ਬਿਆਨ ਦੇ ਕੇ ਮਾਹੌਲ ਖ਼ਰਾਬ ਨਾ ਕਰੇ ਭਾਜਪਾ ਲੀਡਰ : ਕਿਸਾਨ ਆਗੂ

ਬਿਹਾਰ ਦੀ ਜਿੱਤ ਵਿੱਚ ਪਟਾਕੇ ਚਲਾ ਰਹੇ ਭਾਜਪਾ ਆਗੂ ਨੇ ਕਿਸਾਨਾਂ ਲਈ ਦਿੱਤਾ ਬਿਆਨ

ਚੰਡੀਗੜ, (ਅਸ਼ਵਨੀ ਚਾਵਲਾ)। ਦਿੱਲੀ ਮੀਟਿੰਗ ਵਿੱਚ ਮਾਮਲਾ ਸੁਲਝਣ ਤੋਂ ਪਹਿਲਾਂ ਪੰਜਾਬ ਭਾਜਪਾ ਨੇ ਮੁੜ ਤੋਂ ਕਿਸਾਨਾਂ ‘ਤੇ ਸ਼ਬਦੀ ਹਮਲਾ ਕਰਦੇ ਹੋਏ ਕਿਸਾਨਾਂ ਨੂੰ ਗੁਮਰਾਹਕੁੰਨ ਕਰਾਰ ਦਿੰਦੇ ਹੋਏ ਸਿਆਸੀ ਪਾਰਟੀਆਂ ਦੇ ਇਸ਼ਾਰੇ ‘ਤੇ ਚੱਲਣ ਵਾਲਾ ਕਰਾਰ ਦੇ ਦਿੱਤਾ ਹੈ। ਭਾਜਪਾ ਦੇ ਇਸ ਬਿਆਨ ਤੋਂ ਕਿਸਾਨ ਜਥੇਬੰਦੀਆਂ ਨੇ ਨਰਾਜ਼ਗੀ ਜ਼ਾਹਰ ਕਰਦੇ ਹੋਏ ਇਸ ਤਰ੍ਹਾਂ ਦੇ ਭੜਕਾਊ ਬਿਆਨਾਂ ਤੋਂ ਬਾਜ ਆਉਣ ਲਈ ਕਿਹਾ ਹੈ ਨਹੀਂ ਤਾਂ ਇਸ ਤਰ੍ਹਾਂ ਦੇ ਬਿਆਨਾਂ ਨਾਲ ਪੰਜਾਬ ਵਿੱਚ ਮਾਹੌਲ ਤੱਕ ਖ਼ਰਾਬ ਹੋ ਸਕਦਾ ਹੈ।

ਪੰਜਾਬ ਭਾਜਪਾ ਦੇ ਇਸ ਬਿਆਨ ਸਬੰਧੀ ਕਿਸਾਨਾਂ ਨਾਲ ਵਿਚੋਲਗੀ ਕਰ ਰਹੇ ਸੁਰਜੀਤ ਕੁਮਾਰ ਜਿਆਣੀ ਨੇ ਵੀ ਗੁੱਸਾ ਜ਼ਾਹਰ ਕੀਤਾ ਹੈ ਕਿ ਇਸ ਤਰ੍ਹਾਂ ਦੇ ਬਿਆਨਾਂ ਤੋਂ ਆਗੂਆਂ ਨੂੰ ਦੂਰ ਰਹਿੰਦੇ ਹੋਏ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਤਾਂ ਕਿ ਮਾਮਲੇ ਦਾ ਹੱਲ਼ ਕੱਢਿਆ ਜਾ ਸਕੇ ਨਾ ਕਿ ਇਸ ਤਰ੍ਹਾਂ ਦੇ ਬਿਆਨਾਂ ਨਾਲ ਗੱਲਬਾਤ ਵਿਗੜ ਜਾਵੇ। ਜਾਣਕਾਰੀ ਅਨੁਸਾਰ ਬਿਹਾਰ ਚੋਣਾਂ ਵਿੱਚ ਜਿੱਤ ਤੋਂ ਬਾਅਦ ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਜਸ਼ਨ ਮਨਾਇਆ ਜਾ ਰਿਹਾ ਸੀ। ਪੰਜਾਬ ਭਾਜਪਾ ਦੇ ਦਫ਼ਤਰ ਵਿਖੇ ਪਟਾਕੇ ਚਲਾਉਣ ਦੇ ਨਾਲ ਹੀ ਪੰਜਾਬ ਭਾਜਪਾ ਸਕੱਤਰ ਸੁਭਾਸ਼ ਸ਼ਰਮਾ ਨੇ ਇੱਕ ਪਟਾਕਾ ਕਿਸਾਨਾਂ ਵੱਲ ਵੀ ਭੰਨ ਦਿੱਤਾ ਹੈ।

ਸੁਭਾਸ਼ ਸ਼ਰਮਾ ਨੇ ਦਫ਼ਤਰ ਵਿਖੇ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਖੇਤੀਬਾੜੀ ਐਕਟ ਚੰਗੀ ਤਰ੍ਹਾਂ ਸਮਝ ਵਿੱਚ ਆ ਗਏ ਹਨ ਤਾਂ ਹੀ ਉਨ੍ਹਾਂ ਨੇ ਭਾਜਪਾ ਨੂੰ ਜਿਤਾਇਆ ਹੈ। ਪੰਜਾਬ ਦੇ ਕਿਸਾਨਾਂ ਨੂੰ ਵੀ ਇਨ੍ਹਾਂ ਐਕਟਾਂ ਬਾਰੇ ਜਲਦ ਹੀ ਸਮਝ ਆ ਜਾਵੇਗੀ, ਜਿਸ ਤੋਂ ਬਾਅਦ ਇਹ ਵਿਰੋਧ ਕਰਨਾ ਹੀ ਛੱਡ ਦੇਣਗੇ।

BJP

ਇੱਥੇ ਹੀ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੀਆਂ ਦੂਜੀ ਸਿਆਸੀ ਪਾਰਟੀਆਂ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਹੋਇਆ ਹੈ, ਜਿਸ ਕਾਰਨ ਹੀ ਉਹ ਇਨ੍ਹਾਂ ਐਕਟ ਨੂੰ ਸਮਝ ਨਹੀਂ ਰਿਹਾ ਜਲਦ ਹੀ ਇਨ੍ਹਾਂ ਕਿਸਾਨਾਂ ਨੂੰ ਐਕਟ ਬਾਰੇ ਸਮਝ ਆ ਜਾਵੇਗੀ। ਭਾਜਪਾ ਆਗੂ ਦਾ ਸਿੱਧਾ ਇਸ਼ਾਰਾ ਸੀ ਕਿ ਪੰਜਾਬ ਦਾ ਕਿਸਾਨ ਇਸ ਸਮੇਂ ਸਿਆਸੀ ਪਾਰਟੀਆਂ ਦੇ ਇਸ਼ਾਰੇ ‘ਤੇ ਚੱਲ ਰਿਹਾ ਹੈ, ਜਿਸ ਕਾਰਨ ਹੀ ਪੰਜਾਬ ਵਿੱਚ ਅੰਦੋਲਨ ਹੋ ਰਹੇ ਹਨ।

ਗੈਰ ਜਿੰਮੇਵਾਰ ਬਿਆਨ, ਕਿਸਾਨਾਂ ‘ਚ ਭੜਕਾਹਟ ਪੈਦਾ ਨਾ ਕਰੇ ਭਾਜਪਾ : ਡਾ. ਦਰਸ਼ਨ ਪਾਲ

30 ਕਿਸਾਨ ਜਥੇਬੰਦੀਆਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਭਾਜਪਾ ਦੇ ਇਸ ਆਗੂ ਨੇ ਗੈਰ ਜਿੰਮੇਵਾਰ ਬਿਆਨ ਦਿੱਤਾ ਹੈ, ਇਸ ਤਰ੍ਹਾਂ ਦੇ ਬਿਆਨ ਭੜਕਾਹਟ ਪੈਦਾ ਕਰਦੇ ਹਨ ਅਤੇ ਹਮੇਸ਼ਾ ਹੀ ਇਨ੍ਹਾਂ ਬਿਆਨਾਂ ਕਰਕੇ ਹੀ ਨੁਕਸਾਨ ਹੁੰਦਾ ਹੈ। ਇਸ ਲਈ ਉਹ ਸਲਾਹ ਦੇਣਾ ਚਾਹੁੰਦੇ ਹਨ ਕਿ  ਭਾਜਪਾ ਵਾਲੇ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਬਾਜ ਆਉਣ, ਜਦੋਂ ਕਿ ਭਲਕੇ ਹੀ ਦਿੱਲੀ ਵਿਖੇ ਮੀਟਿੰਗ ਹੈ। ਇਸ ਤਰ੍ਹਾਂ ਦੇ ਬਿਆਨਾਂ ਨਾਲ ਗੱਲਬਾਤ ‘ਤੇ ਵੀ ਅਸਰ ਪੈਂਦਾ ਹੈ।

ਕਿਸਾਨ ਨਹੀਂ ਗੁੰਮਰਾਹ, ਬਿਆਨ ਦੇਣਾ ਗਲਤ : ਜਿਆਣੀ

ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬਣਾਈ ਗਈ ਤਾਲਮੇਲ ਕਮੇਟੀ ਦੇ ਮੁੱਖੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਇਸ ਮਾਹੌਲ ਵਿੱਚ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਉਨ੍ਹਾਂ ਕਿਹਾ ਕਿ ਕਿਸਾਨ ਗੁਮਰਾਹ ਨਹੀਂ ਹੈ, ਉਹ ਪੂਰੀ ਤਰ੍ਹਾਂ ਸਮਝਦਾਰ ਹੈ, ਬੱਸ ਕਾਨੂੰਨ ਨੂੰ ਲੈ ਕੇ ਕੋਈ ਪਰੇਸ਼ਾਨੀ ਹੈ ਤਾਂ ਉਸ ਦਾ ਹੱਲ਼ ਕੱਢਿਆ ਜਾ ਰਿਹਾ ਹੈ। ਇਹ ਕਹਿਣਾ ਵੀ ਗਲਤ ਹੈ ਕਿ ਸਿਆਸੀ ਪਾਰਟੀਆਂ ਦੇ ਇਸ਼ਾਰੇ ‘ਤੇ ਹੀ ਸਾਰਾ ਕੁਝ ਕਿਸਾਨ ਕਰ ਰਹੇ ਹਨ। ਇਹ ਸਮਾਂ ਇਸ ਤਰ੍ਹਾਂ ਦੇ ਦੋਸ਼ ਲਗਾਉਣ ਦਾ ਨਹੀਂ ਹੈ, ਸਗੋਂ ਮਾਮਲੇ ਦਾ ਹੱਲ਼ ਕੱਢਦੇ ਹੋਏ ਮਾਹੌਲ ਠੀਕ ਕਰਨ ਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.