ਨਸ਼ੇ ਦੇ ਮਾਮਲੇ ’ਤੇ ਪੰਜਾਬ ਲਈ ਲੜਦਾ ਰਹਾਂਗਾ, ਜਦੋਂ ਫਿਰ ਸੱਦਣਗੇ, ਹੋਵਾਂਗਾ ਹਾਜ਼ਰ : ਬੋਨੀ ਅਜਨਾਲਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਤੋਂ ਡਰੱਗ ਮਾਮਲੇ ਸਬੰਧੀ ਵਿਸ਼ੇਸ਼ ਜਾਂਚ ਕਮੇਟੀ ਵੱਲੋਂ ਲਗਭਗ ਪੰਜ ਘੰਟੇ ਪੁੱਛ-ਪੜਤਾਲ ਕੀਤੀ ਗਈ। ਪੁੱਛ ਪੜਤਾਲ ਤੋਂ ਬਾਅਦ ਸਾਬਕਾ ਵਿਧਾਇਕ ਬੋਨੀ ਅਜਨਾਲਾ ਵੱਲੋਂ ਆਖਿਆ ਗਿਆ ਕਿ ਉਹ ਨਸ਼ੇ ਖਿਲਾਫ਼ ਲੜਦੇ ਰਹਿਣਗੇ ਅਤੇ ਜਾਂਚ ਕਮੇਟੀ ਵੱਲੋਂ ਅਗਲੀ ਵਾਰ ਜਦੋਂ ਵੀ ਸੱਦਿਆ ਜਾਵੇਗਾ ਤਾਂ ਉਹ ਹਾਜਰ ਹੋਣਗੇ। (Drug case)
ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਬੋਨੀ ਅਜਨਾਲਾ ਇੱਥੇ ਵੱਡੀ ਬਾਰਾਂਦਰੀ ਵਿਖੇ ਸਥਿਤ ਐਸਆਈਟੀ ਮੁੱਖੀ ਦੇ ਦਫ਼ਤਰ ਸਾਢੇ ਗਿਆਰਾਂ ਵਜੇ ਦੇ ਲਗਭਗ ਪੁੱਜੇ। ਇਸ ਦੌਰਾਨ ਉਨ੍ਹਾਂ ਤੋਂ ਐਸਆਈਟੀ ਵੱਲੋਂ ਲਗਭਗ ਪੰਜ ਘੰਟੇ ਪੁੱਛਗਿਛ ਕੀਤੀ ਗਈ। ਐਸਆਈਟੀ ਦੇ ਮੁੱਖੀ ਅਤੇ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਸਮੇਤ ਟੀਮ ਵੱਲੋਂ ਡਰੱਗ ਦੇ ਮਾਮਲੇ ਨੂੰ ਲੈ ਕੇ ਵੱਖ ਵੱਖ ਦਰਜ਼ਨਾਂ ਸੁਆਲ ਪੁੱਛੇ ਗਏ। ਬੋਨੀ ਅਜਨਾਲਾ ਸ਼ਾਮ 4 ਵਜੇ ਪੁੱਛਗਿਛ ਖਤਮ ਹੋਣ ਤੋਂ ਬਾਅਦ ਬਾਹਰ ਨਿੱਕਲੇ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖਿਆ ਡਰੱਗ ਮਾਮਲੇ ਵਿੱਚ ਕਈ ਸਿੱਟਾਂ ਬਣ ਚੁੱਕੀਆਂ ਹਨ। Drug case
2016 ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਬਾਦਲ ਨੂੰ ਚਿੱਠੀ ਲਿਖਕੇ ਕੀਤਾ ਗਿਆ ਸੀ ਅਗਾਹ
ਉਨ੍ਹਾਂ ਕਿਹਾ ਕਿ ਪਹਿਲਾਂ ਡਰੱਗ ਮਾਮਲੇ ’ਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਵੀ ਸਿੱਟ ਬਣੀ, ਕਾਂਗਰਸ ਸਰਕਾਰ ਵਿੱਚ ਵੀ ਅਤੇ ਇਸ ਸਰਕਾਰ ਵਿੱਚ ਵੀ ਬਣੀ ਹੈ ਪਰ ਅੱਜ ਤੱਕ ਇਸ ਮਾਮਲੇ ’ਚ ਦੋਸ਼ੀ ਤੇ ਜ਼ਮਾਨਤ ’ਤੇ ਬਾਹਰ ਘੁੰਮਣ ਵਾਲਿਆਂ ਤੋਂ ਪੁੱਛਗਿਛ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਲ 2016 ਵਿਚ ਉਨ੍ਹਾਂ ਵੱਲੋਂ ਬਤੌਰ ਵਿਧਾਇਕ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਸੀ ਕਿ ਤੁਹਾਡਾ ਨਜ਼ਦੀਕੀ ਰਿਸ਼ਤੇਦਾਰ ਅਕਾਲੀ ਦਲ ਦੇ ਸਿਧਾਂਤਾਂ ਨੂੰ ਖੋਰਾ ਲਾ ਰਿਹਾ ਹੈ, ਪਰ ਕੋਈ ਧਿਆਨ ਨਹੀਂ ਦਿੱਤਾ ਗਿਆ। ਬੋਨੀ ਅਜਨਾਲਾ ਨੇ ਕਿਹਾ ਕਿ ਅੱਜ ਸਿੱਟ ਵੱਲੋਂ ਉਨ੍ਹਾਂ ਨੂੰ ਨਸ਼ੇ ਦੇ ਮਾਮਲੇ ਸਬੰਧੀ ਜੋ ਵੀ ਸੁਆਲ ਪੁੱਛੇ ਗਏ, ਮੇਰੇ ਵੱਲੋਂ ਉਨ੍ਹਾਂ ਦਾ ਜੁਆਬ ਦਿੱਤਾ ਗਿਆ। Drug case
ਇਹ ਵੀ ਪੜ੍ਹੋ: ਸਟਾਰ ਪਲੱਸ ਸਕੂਲ ਦੀ ਅਧਿਆਪਕਾ ਨੂੰ ਮਿਲਿਆ ਬੈਸਟ ਟੀਚਰ ਐਵਾਰਡ
ਉਨ੍ਹਾਂ ਕਿਹਾ ਕਿ ਇਹ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂ ਸਗੋਂ ਪੰਜਾਬ ਨਾਲ ਸਬੰਧਿਤ ਮਸਲਾ ਹੈ, ਕਿਉਂਕਿ ਨਸ਼ੇ ਕਾਰਨ ਪੰਜਾਬ ਅੰਦਰ ਅਨੇਕਾਂ ਮਾਵਾਂ ਦੇ ਪੁੱਤ ਇਸ ਜਹਾਨ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਕਿਹਾ ਕਿ ਨਸ਼ੇ ਦੇ ਮਾਮਲੇ ਵਿੱਚ ਸਿੱਟ ਅੱਗੇ ਵੀ ਜਦੋਂ ਉਨ੍ਹਾਂ ਨੂੰ ਸੱਦੇਗੀ ਤਾਂ ਉਹ ਜ਼ਰੂਰ ਪੁੱਜਣਗੇ। ਦੱਸਣਯੋਗ ਹੈ ਕਿ ਬੋਨੀ ਅਜਨਾਲਾ ਅੱਜ ਸਿੱਟ ਅੱਗੇ ਦੂਜੀ ਵਾਰ ਪੇਸ਼ ਹੋਏ ਸਨ। ਇਸ ਤੋਂ ਪਹਿਲਾਂ ਉਹ ਮਈ 2022 ਵਿੱਚ ਪੇਸ਼ ਹੋਏ ਸਨ। 13 ਦਸੰਬਰ ਨੂੰ ਵੀ ਉਨ੍ਹਾਂ ਸਿੱਟ ਵੱਲੋਂ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਸੀ, ਪਰ ਉਹ ਕਿਸੇ ਰੁਝੇਵੇ ਕਾਰਨ ਪੇਸ਼ ਨਹੀਂ ਹੋਏ ਸਨ। ਬੋਨੀ ਅਜਨਾਲਾ ਸਿੱਟ ਕੋਲ ਇੱਕ ਗਵਾਹ ਵਜੋਂ ਹੀ ਪੇਸ਼ ਹੋ ਰਹੇ ਹਨ। Drug case
ਪੰਜਾਬ ’ਚੋਂ ਨਸ਼ਾ ਅਤੇ ਮਾਫ਼ੀਆ ਨੂੰ ਸਿਰਫ਼ ਭਾਜਪਾ ਹੀ ਕਰ ਸਕਦੀ ਐ ਖਤਮ
ਇਸ ਮੌਕੇ ਬੋਨੀ ਅਜਨਾਲਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਅਤੇ ਮਾਈਨਿੰਗ ਮਾਫ਼ੀਏ ਨੂੰ ਸਿਰਫ਼ ਭਾਜਪਾ ਸਰਕਾਰ ਹੀ ਖਤਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਸ਼ੇ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਸਖ਼ਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿਰਫ਼ ਸਰਕਾਰਾਂ ਬਦਲਦੀਆਂ ਹਨ ਪਰ ਮਾਫ਼ੀਆਂ ਖਤਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ, ਕਾਂਗਰਸ ਅਤੇ ਆਪ ਨੂੰ ਦੇਖ ਲਿਆ ਹੈ ਅਤੇ ਪਹਿਲਾਂ ਵਾਂਗ ਹੀ ਸਭ ਕੁਝ ਚੱਲ ਰਿਹਾ ਹੈ। ਇਸ ਲਈ ਪੰਜਾਬ ਦੇ ਲੋਕ ਇੱਕ ਮੌਕਾ ਭਾਜਪਾ ਨੂੰ ਦੇਣ ਅਤੇ ਫਿਰ ਦੇਖਣ ਕਿ ਕਿਸ ਤਰ੍ਹਾਂ ਪੰਜਾਬ ਵਿੱਚੋਂ ਨਸ਼ਾ ਮਾਫ਼ੀਆ, ਮਾਈਨਿੰਗ ਮਾਫ਼ੀਆ ਖ਼ਤਮ ਹੁੰਦਾ ਹੈ।
ਬਿਕਰਮ ਮਜੀਠੀਆ ਤੋਂ ਇਸੇ ਸਿੱਟ ਵੱਲੋਂ ਪੁੱਛਗਿਛ 18 ਨੂੰ
ਇੱਧਰ ਡਰੱਗ ਮਾਮਲੇ ਵਿੱਚ ਜਾਂਚ ਕਰ ਰਹੀ ਇਸੇ ਐਸਆਈਟੀ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 18 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਭੇਜਿਆ ਹੋਇਆ ਹੈ। ਸਿੱਟ ਦੇ ਮੁੱਖੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿਛ ਕੀਤੀ ਜਾਵੇਗੀ। ਹੁਣ 18 ਦਸੰਬਰ ’ਤੇ ਨਜ਼ਰਾ ਲੱਗੀਆਂ ਹੋਈਆਂ ਹਨ ਕਿ ਬਿਕਰਮ ਮਜੀਠੀਆ ਸਿੱਟ ਅੱਗੇ ਪਟਿਆਲਾ ਵਿਖੇ ਪੇਸ਼ ਹੋਣ ਲਈ ਪੁੱਜਦੇ ਹਨ ਜਾਂ ਨਹੀਂ। Drug case