‘ਅਸੀਂ ਚਾਹੁੰਦੇ ਹਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਅਕਾਲੀ-ਭਾਜਪਾ ਇਕੱਠੇ ਹੋ ਕੇ ਲੜਨ’
Punjab BJP: (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਭਾਰਤੀ ਜਨਤਾ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਰਵਿੰਦ ਖੰਨਾ ਨੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੂਰੀ ਤਰ੍ਹਾਂ ਨਾਲ ਅਕਾਲੀ-ਭਾਜਪਾ ਦੇ ਗਠਜੋੜ ਕਰਨ ਦੇ ਹੱਕ ਵਿੱਚ ਆ ਗਏ ਹਨ। ਉਨ੍ਹਾਂ ‘ਸੱਚ ਕਹੂੰ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇਕੱਠੇ ਹੋ ਕੇ ਲੜਨ ਕਿਉਂਕਿ ਦਹਾਕਿਆਂ ਤੋਂ ਗਠਜੋੜ ਵਿੱਚ ਰਹਿ ਚੁੱਕੇ ਅਕਾਲੀ ਦਲ ਤੇ ਭਾਜਪਾ ਨੇ ਇਕੱਲੇ ਇਕੱਲੇ ਚੋਣ ਲੜ ਕੇ ਵੱਡੀ ਜਿੱਤ ਹਾਸਲ ਨਹੀਂ ਕੀਤੀ।
ਇਹ ਵੀ ਪੜ੍ਹੋ: Punjab Farmers: ਪੰਜਾਬ ਦੇ ਕਿਸਾਨਾਂ ਲਈ ਸਰਕਾਰ ਦਾ ਇੱਕ ਹੋਰ ਉਪਰਾਲਾ, ਖੇਤੀਬਾੜੀ ਮੰਤਰੀ ਨੇ ਦਿੱਤੀ ਜਾਣਕਾਰੀ
ਸ੍ਰੀ ਖੰਨਾ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮਸਲਿਆਂ ਲਈ ਇੱਕ ਖ਼ੇਤਰੀ ਪਾਰਟੀ ਦਾ ਉਭਾਰ ਬਹੁਤ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਪੰਜਾਬੀਆਂ ਲਈ ਕਾਫ਼ੀ ਵਧੀਆ ਕੰਮ ਕੀਤੇ ਹਨ ਉਨ੍ਹਾਂ ਆਖਿਆ ਕਿ ਮੇਰੀ ਨਿੱਜੀ ਰਾਇ ਹੈ ਕਿ ਹੁਣ ਸਮਾਂ ਆ ਚੁੱਕਿਆ ਹੈ ਕਿ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਮੁੜ ਤੋਂ ਇੱਕਜੁਟ ਹੋ ਜਾਣਾ ਚਾਹੀਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਜਿਸ ਨੂੰ ਲੋਕਾਂ ਨੇ ਬਦਲਾਓ ਲਈ ਵੋਟਾਂ ਪਾ ਕੇ ਸੱਤਾ ਵਿੱਚ ਲਿਆਂਦਾ ਸੀ, ਉਸ ਦੀ ਕਾਰਗੁਜ਼ਾਰੀ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਵਿੱਚ ਇੱਕ ਵੀ ਪੂਰਾ ਨਹੀਂ ਕੀਤਾ ਪੰਜਾਬ ਦੀਆਂ ਮਹਿਲਾਵਾਂ 11 ਸੌ ਰੁਪਏ ਮਾਣ ਭੱਤੇ ਦੀ ਉਡੀਕ ਕਰ ਰਹੀਆਂ ਹਨ ਪਰ ਪਰ ਸਰਕਾਰ ਨੇ ਆਪਣੇ ਇਸ ਸਾਲ ਦੇ ਬੱਜਟ ਵਿੱਚ ਪੰਜਾਬ ਦੀਆਂ ਮਹਿਲਾਵਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਨਹੀਂ ਕੀਤਾ।
ਸੁਖਬੀਰ ਬਾਦਲ ਵਿੱਚ ਚੰਗੀ ਲੀਡਰਸ਼ਿਪ ਵਾਲੇ ਗੁਣ : ਅਰਵਿੰਦ ਖੰਨਾ
ਸ੍ਰੀ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਜ਼ੋਰਦਾਰ ਢੰਗ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਵਿੱਚ ਚੰਗੀ ਲੀਡਰਸ਼ਿਪ ਵਾਲੇ ਪੂਰੇ ਗੁਣ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਨਬਜ਼ ਪਤਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਇਕੱਠਿਆਂ ਸਰਕਾਰ ਚਲਾ ਕੇ ਰਿਕਾਰਡ ਤੋੜ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੜਕਾਂ ਦਾ ਵੱਡਾ ਜਾਲ ਅਕਾਲੀ-ਭਾਜਪਾ ਦੀ ਸਰਕਾਰ ਵੇਲੇ ਹੀ ਪਿਆ ਹੈ ਪੰਜਾਬ ਵਿੱਚ ਵੱਡੇ ਪੱਧਰ ’ਤੇ ਵਿਕਾਸ ਦੇ ਕੰਮ ਇਸ ਸਰਕਾਰ ਨੇ ਕਰਵਾਏ ਕਿਸਾਨਾਂ ਨੂੰ ਮੁਫ਼ਤ ਬਿਜਲੀ, ਆਟਾ ਦਾਲ ਸਕੀਮ ਅਤੇ ਆਸ਼ੀਰਵਾਦ ਸਕੀਮ ਦਿੱਤੀ ਗਈ ਕਿਸਾਨਾਂ ਨੂੰ ਟਿਊਬਵੈੱਲਾਂ ਦੇ ਵੱਡੀ ਗਿਣਤੀ ਕੁਨੈਕਸ਼ਨ ਦਿੱਤੇ ਗਏ। Punjab BJP
ਅਰਵਿੰਦ ਖੰਨਾ ਨੇ ਨੇ ਇਹ ਵੀ ਆਖਿਆ ਪੰਜਾਬ ਭਾਜਪਾ ਹੁਣ ਪਿੰਡਾਂ ਵਿੱਚ ਆਪਣਾ ਆਧਾਰ ਕਾਇਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਪੰਜਾਬ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਹੋਰ ਮਜ਼ਬੂਤ ਹੋਵੇਗੀ ਅਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਬਿਸਤਰਾ ਗੋਲ ਕੀਤਾ ਹੈ, ਆਉਂਦੀਆਂ ਚੋਣਾਂ ਵਿੱਚ ਪੰਜਾਬ ਵਿੱਚੋਂ ਵੀ ਇਸ ਆਮ ਆਦਮੀ ਪਾਰਟੀ ਦਾ ਲੋਕ ਬਿਸਤਰਾ ਗੋਲ ਕਰਵਾ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਹੋਰ ਭਾਜਪਾ ਆਗੂ ਵੀ ਮੌਜ਼ੂਦ ਸਨ । Punjab BJP