ਇੱਕ ਮੁੱਦੇ ’ਤੇ ਘੇਰੀ ਆਪਣੀ ਹੀ ਪਾਰਟੀ, ਆਗੂਆਂ ਦੇ ਫੈਸਲੇ ’ਤੇ ਚੁੱਕੇ ਸੁਆਲ | Bikram Majithia
Bikram Majithia: ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਵਿੱਚ ਪਹਿਲਾਂ ਤੋਂ ਹੀ ਚੱਲ ਰਹੀ ਆਪਸੀ ਜੰਗ ਵਿੱਚ ਹੁਣ ਪਾਰਟੀ ਦੇ ਵੱਡੇ ਆਗੂ ਅਤੇ ਸਾਬਕਾ ਕੈਬਿਨੈਟ ਮੰਤਰੀ ਬਿਕਰਮ ਮਜੀਠੀਆ ਵੀ ਬਾਗੀ ਹੋ ਗਏ ਹਨ। ਬਿਕਰਮ ਮਜੀਠੀਆ ਵੱਲੋਂ ਆਪਣੀ ਹੀ ਪਾਰਟੀ ਦੇ ਆਗੂਆਂ ਵੱਲੋਂ ਲਏ ਗਏ ਇੱਕ ਫੈਸਲੇ ਦੇ ਖਿਲਾਫ ਝੰਡਾ ਚੁੱਕ ਲਿਆ ਗਿਆ ਹੈ ਅਤੇ ਉਸ ਫੈਸਲੇ ਨੂੰ ਵੀ ਗਲਤ ਕਰਾਰ ਦਿੰਦੇ ਹੋਏ ਅਕਾਲੀ ਦਲ ਦੇ ਆਗੂਆਂ ਨੂੰ ਅਜਿਹੀ ਕਾਰਵਾਈ ਕਰਨ ਤੋਂ ਗੁਰੇਜ਼ ਕਰਨ ਤੱਕ ਦੀ ਸਲਾਹ ਦੇ ਦਿੱਤੀ ਗਈ ਹੈ।
ਬਿਕਰਮ ਮਜੀਠੀਆ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਤਰਥੱਲੀ ਮੱਚੀ ਹੋਈ ਹੈ ਕਿਉਂਕਿ ਹੁਣ ਤੱਕ ਪਾਰਟੀ ਵਿੱਚ ਉਨ੍ਹਾਂ ਆਗੂਆਂ ਵੱਲੋਂ ਹੀ ਬਗਾਵਤ ਕੀਤੀ ਗਈ ਸੀ, ਜਿਨ੍ਹਾਂ ’ਤੇ ਪਹਿਲਾਂ ਤੋਂ ਹੀ ਥੋੜ੍ਹਾ ਬਹੁਤ ਸ਼ੱਕ ਚੱਲ ਰਿਹਾ ਸੀ ਪਰ ਬਿਕਰਮ ਮਜੀਠੀਆ ਵੱਲੋਂ ਕੀਤੀ ਗਈ ਬਗਾਵਤ ਨੂੰ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਹੈਰਾਨ ਹੋ ਗਏ ਹਨ ਕਿਉਂਕਿ ਬਿਕਰਮ ਮਜੀਠੀਆ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਹਨ, ਸਗੋਂ ਸਾਬਕਾ ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨੇੜਲੇ ਰਿਸ਼ਤੇਦਾਰ ਵੀ ਹਨ। Bikram Majithia
Read Also : Border Villages of Punjab: ਪੰਜਾਬ ਦੇ ਸਰਹੱਦੀ ਪਿੰਡਾਂ ਦੀ ਕਹਾਣੀ
ਹੁਣ ਤੱਕ ਸੁਖਬੀਰ ਬਾਦਲ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਏ ਗਏ ਹਰ ਫੈਸਲੇ ਨਾਲ ਡੱਟ ਕੇ ਖੜੇ੍ਹ ਰਹਿਣ ਵਾਲੇ ਬਿਕਰਮ ਮਜੀਠੀਆ ਵੱਲੋਂ ਪਹਿਲੀ ਵਾਰ ਕਿਸੇ ਫੈਸਲੇ ਦਾ ਜਨਤਕ ਮੰਚ ’ਤੇ ਵਿਰੋਧ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਵਿਰੋਧ ਤਾਂ ਜ਼ਰੂਰ ਕੀਤੇ ਗਏ ਹਨ ਪਰ ਉਹ ਵਿਰੋਧ ਬੰਦ ਕਮਰੇ ਵਿੱਚ ਹੀ ਕੀਤਾ ਜਾ ਰਿਹਾ ਸੀ, ਪਰ ਹੁਣ ਉਹ ਖੁੱਲ੍ਹ ਕੇ ਪਾਰਟੀ ਦੇ ਸਾਹਮਣੇ ਆ ਗਏ ਹਨ। ਓਧਰ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਤੇ ਉਨਾਂ ਦੇ ਨਾਲ ਹੋਰ ਅਕਾਲੀ ਆਗੂਆਂ ਵੱਲੋਂ ਜਾਰੀ ਬਿਆਨ ਨੇ ਮੇਰੇ ਵਰਗੇ ਪਾਰਟੀ ਅੰਦਰ ਸਭ ਤੋਂ ਬਜੁਰਗ ਤੇ ਸੀਨੀਅਰ ਆਗੂ ਨੂੰ ਭਾਰੀ ਠੇਸ ਪਹੁੰਚਾਈ ਹੈ।
Bikram Majithia
ਪਿਛਲੇ ਸਮੇਂ ਤੋਂ ਸਿੱਖ ਸਿਆਸਤ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਭੰਬਲਭੂਸੇ ਵਿੱਚੋਂ ਲੰਘਣਾ ਪੈ ਰਿਹਾ ਉਸ ਲਈ ਕੌਣ ਕੌਣ ਜਿੰਮੇਵਾਰ ਹੈ ਉਸ ਬਾਰੇ ਬਿਕਰਮ ਸਿੰਘ ਮਜੀਠੀਆ ਚੰਗੀ ਤਰ੍ਹਾਂ ਜਾਣਦੇ ਹਨ। ਬਿਕਰਮ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਚਪਨ ਤੋਂ ਪਾਲਿਆ ਤੇ ਬਾਦਲ ਪਰਿਵਾਰ ਦਾ ਹਿੱਸਾ ਹੋਣ ਕਰਕੇ ਵੱਡੇ ਮਾਣ ਦਿਵਾਏ।ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਦੀ ਔਖੇ ਸਮੇਂ ਡਟ ਕੇ ਪਿੱਠ ਥਾਪੜੀ ਪਰ ਅੱਜ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਉੱਪਰ ਆਏ ਔਖੇ ਸਮੇਂ ਬਿਕਰਮ ਸਿੰਘ ਮਜੀਠੀਆ ਨੇ ਨਾਲ ਡਟ ਕੇ ਖੜਨ ਦੀ ਥਾਂ ਇੱਕ ਤਰਾਂ ਨਾਲ ਪਿੱਠ ਵਿੱਚ ਛੁਰਾ ਮਾਰਿਆ ਹੈ।
ਸਵ: ਸ.ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਪਿੱਛੋਂ ਅਕਾਲੀ ਦਲ ਅੰਦਰ ਬਣੇ ਹਾਲਾਤਾਂ ਨੂੰ ਲੈਕੇ ਮਜੀਠੀਆ ਦਾ ਫਰਜ ਬਣਦਾ ਸੀ ਕਿ ਉਸ ਮਹਾਨ ਵਿਅਕਤੀ ਦੇ ਅਹਿਸਾਨਾਂ ਕਾਰਣ ਉਸਦੀ ਵਿਰਾਸਤ ਨੂੰ ਸਾਂਭਣ ਵਿੱਚ ਸੁਖਬੀਰ ਸਿੰਘ ਬਾਦਲ ਦਾ ਡਟ ਕੇ ਸਾਥ ਦੇਂਦਾ। ਮੈਂ ਫਿਰ ਬਿਕਰਮ ਸਿੰਘ ਮਜੀਠੀਆ ਦੇ ਇਸ ਕਦਮ ਨੂੰ ਗਲਤ ਕਰਾਰ ਦੇਂਦਾ ਹੋਇਆ ਸਲਾਹ ਦੇਂਦਾ ਹਾਂ ਕਿ ਵਿਰੋਧੀਆਂ ਦੀ ਸਾਜਿਸ਼ ਦਾ ਹਿੱਸਾ ਬਣਨ ਦੀ ਥਾਂ ਆਓ ਰਲ ਕੇ ਏਨਾਂ ਸਾਜਿਸ਼ਾਂ ਦਾ ਮੁਕਾਬਲਾ ਕਰੀਏ। ਭੂੰਦੜ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੇ ਅੰਦਰ ਹਰ ਇੱਕ ਆਗੂ ਤੇ ਵਰਕਰ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਅਧਿਕਾਰ ਹੈ। ਮੈਂ ਸੁਪਨੇ ਵਿੱਚ ਵੀ ਕਿਆਸ ਨਹੀਂ ਸੀ ਕਰ ਸਕਦਾ ਕਿ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਜਾਬਤੇ ਦੀ ਇਸ ਤਰ੍ਹਾਂ ਉਲੰਘਣਾ ਕਰਨਗੇ।
ਸੁਖਬੀਰ ਬਾਦਲ ਲਈ ਬਣੀ ਵੱਡੀ ਮੁਸ਼ਕਲ | Bikram Majithia
ਸ੍ਰੋਮਣੀ ਅਕਾਲੀ ਦਲ ਨੂੰ ਹੁਣ ਤੱਕ ਹਰ ਸੰਕਟ ਵਿੱਚੋਂ ਬਚਾਉਣ ਲਈ ਸਭ ਤੋਂ ਅੱਗੇ ਰਹਿਣ ਵਾਲੇ ਬਿਕਰਮ ਮਜੀਠੀਆ ਦੀ ਬਗਾਵਤ ਨਾਲ ਸੁਖਬੀਰ ਬਾਦਲ ਲਈ ਵੱਡੀ ਮੁਸ਼ਕਲ ਬਣ ਸਕਦੀ ਹੈ ਕਿਉਂਕਿ ਬਿਕਰਮ ਮਜੀਠੀਆ ਜੇਕਰ ਇਸ ਵਿਰੋਧ ਦੇ ਨਾਲ ਨਾਲ ਪਾਰਟੀ ਨੂੰ ਅਲਵਿਦਾ ਕਹਿ ਦਿੰਦੇ ਹਨ ਤਾਂ ਸੁਖਬੀਰ ਬਾਦਲ ਲਈ ਸਭ ਤੋਂ ਵੱਡਾ ਝਟਕਾ ਹੋਵੇਗਾ। ਸ੍ਰੋਮਣੀ ਅਕਾਲੀ ਦਲ ਨੂੰ ਛੱਡਣ ਵਾਲੇ ਵੱਡੇ ਆਗੂਆਂ ਵਿੱਚ ਜੇਕਰ ਬਿਕਰਮ ਮਜੀਠੀਆ ਵੀ ਸ਼ਾਮਲ ਹੋ ਜਾਂਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਦੁਫਾੜ ਹੋਣਾ ਲਗਭਗ ਤੈਅ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਡੇ ਪੱਧਰ ਤੇ ਲੀਡਰਸ਼ਿਪ ਬਿਕਰਮ ਮਜੀਠੀਆ ਦੇ ਨਾਲ ਹੀ ਚਲਦੀ ਹੈ। ਬਿਕਰਮ ਮਜੀਠੀਆ ਜੇਕਰ ਪਾਰਟੀ ਨੂੰ ਛੱਡਣ ਦਾ ਫੈਸਲਾ ਲੈ ਲੈਂਦੇ ਹਨ ਤਾਂ ਵੱਡੇ ਪੱਧਰ ’ਤੇ ਸ੍ਰੋਮਣੀ ਅਕਾਲੀ ਦਲ ਦੇ ਆਗੂ ਵੀ ਪਾਰਟੀ ਨੂੰ ਛੱਡ ਕੇ ਬਿਕਰਮ ਮਜੀਠੀਆ ਦੇ ਨਾਲ ਜਾ ਸਕਦੇ ਹਨ।