ਵੱਡੀ ਅਪਡੇਟ : ਪੰਜਾਬ ਵਿੱਚ ਪ੍ਰੀ-ਪੇਡ ਮੀਟਰ ਲੱਗਣੇ ਸ਼ੁਰੂ

Prepaid Meters

ਸਮਾਰਟ ਮੀਟਰਾਂ ਨੂੰ ਰਿਚਾਰਜ਼ ਕਰਨ ਤੋਂ ਬਾਅਦ ਹੀ ਮਿਲੇਗੀ ਬਿਜਲੀ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਸਮਾਰਟ ਪ੍ਰੀ-ਪੇਡ ਮੀਟਰ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਸੱਤ ਹਜ਼ਾਰ ਤੋਂ ਜ਼ਿਆਦਾ ਸਮਾਰਟ ਮੀਟਰ ਲੱਗ ਵੀ ਚੁੱਕੇ ਹਨ। ਉਕਤ ਸਮਾਰਟ ਮੀਟਰ ਲੱਗਣ ਤੋਂ ਬਾਅਦ ਇਨ੍ਹਾਂ ਸਰਕਾਰੀ ਦਫ਼ਤਰਾਂ ਨੂੰ ਰਿਚਾਰਜ਼ ਕਰਵਾਉਣ ਤੋਂ ਬਾਅਦ ਹੀ ਬਿਜਲੀ ਮੁਹੱਈਆ ਹੋ ਸਕੇਗੀ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਅੰਦਰ ਪ੍ਰੀ ਪੇਡ ਮੀਟਰ ਲਾਉਣ ਦਾ ਵੱਡਾ ਫੈਸਲਾ ਪਿਛਲੇ ਮਹੀਨਿਆਂ ਦੌਰਾਨ ਕੀਤਾ ਗਿਆ ਸੀ, ਕਿਉਂਕਿ ਸਰਕਾਰੀ ਦਫ਼ਤਰਾਂ ਵੱਲ ਪਾਵਰਕੌਮ ਦਾ ਕਰੋੜਾਂ ਰੁਪਏ ਬਿਜਲੀ ਬਿੱਲਾਂ ਦਾ ਬਕਾਇਆ ਪਿਆ ਹੈ। ਪਤਾ ਲੱਗਾ ਹੈ ਕਿ ਪਾਵਰਕੌਮ ਵੱਲੋਂ ਹੁਣ ਤੱਕ ਵੱਖ-ਵੱਖ ਸਰਕਾਰੀ ਦਫ਼ਤਰਾਂ ਅੰਦਰ 7 ਹਜ਼ਾਰ ਸਮਾਰਟ ਮੀਟਰ ਲਗਾ ਵੀ ਦਿੱਤੇ ਹਨ, ਜਦੋਂਕਿ ਬਾਕੀ ਦਾ ਕੰਮ ਜਾਰੀ ਹੈ। ਸੂਬੇ ਅੰਦਰ 50 ਹਜ਼ਾਰ ਦੇ ਕਰੀਬ ਸਰਕਾਰੀ ਦਫ਼ਤਰ ਹਨ ਜਿੱਥੇ ਕਿ ਇਹ ਸਮਾਰਟ ਮੀਟਰ ਲਗਾਏ ਜਾਣੇ ਹਨ।

ਸੱਤ ਹਜ਼ਾਰ ਤੋਂ ਜ਼ਿਆਦਾ ਸਮਾਰਟ ਮੀਟਰ ਸਰਕਾਰੀ ਦਫ਼ਤਰਾਂ ’ਚ ਲੱਗੇ

ਜਿਹੜੇ ਸਰਕਾਰੀ ਦਫ਼ਤਰਾਂ ਵਿੱਚ ਇਹ ਸਮਾਰਟ ਮੀਟਰ ਲੱਗ ਚੁੱਕੇ ਹਨ, ਉੱਥੇ ਅਗਲੇ ਮਹੀਨੇ ਤੋਂ ਰਿਚਾਰਜ਼ ਕਰਨ ਦੇ ਨਾਲ ਹੀ ਬਿਜਲੀ ਮੁਹੱਈਆ ਕਰਵਾਉਣਗੇ। ਜਿਹੜਾ ਵੀ ਸਰਕਾਰੀ ਦਫ਼ਤਰ ਆਪਣੇ ਮੀਟਰਾਂ ਨੂੰ ਰਿਚਾਰਜ਼ ਨਹੀਂ ਕਰੇਗਾ, ਉਨ੍ਹਾਂ ਨੂੰ ਬਿਨਾਂ ਬਿਜਲੀ ਤੋਂ ਆਪਣੇ ਕੰਮ ਕਰਨੇ ਪੈਣਗੇ। ਸਰਕਾਰੀ ਦਫ਼ਤਰਾਂ ਵਿੱਚ ਸਮਾਰਟ ਮੀਟਰ ਲੱਗਣ ਤੋਂ ਬਾਅਦ ਪਾਵਰਕੌਮ ਦਾ ਵੱਡਾ ਕੰਮ ਸੌਖਾ ਹੋ ਜਾਵੇਗਾ। ਸਰਕਾਰ ਵੱਲੋਂ ਇਹ ਵੀ ਆਦੇਸ਼ ਦਿੱਤਾ ਹੋਇਆ ਹੈ ਕਿ ਜਿਹੜੇ ਸਰਕਾਰੀ ਦਫ਼ਤਰਾਂ ਵੱਲ ਪਾਵਰਕੌਮ ਦਾ ਬਕਾਇਆ ਖੜ੍ਹਾ ਹੈ, ਪਹਿਲਾਂ ਉਹ ਆਪਣਾ ਬਕਾਇਆ ਅਦਾ ਕਰਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਫ਼ੀ ਦਫ਼ਤਰਾਂ ਵੱਲੋਂ ਆਪਣੀ ਬਕਾਇਆ ਰਾਸ਼ੀ ਜਮ੍ਹਾਂ ਵੀ ਕਰਵਾਈ ਜਾ ਰਹੀ ਹੈ, ਜਦੋਂਕਿ ਕਾਫ਼ੀ ਵੱਲ ਅਜੇ ਵੀ ਬਕਾਇਆ ਖੜ੍ਹੀ ਹੈ।

ਦੱਸਣਯੋਗ ਹੈ ਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ ਵੱਲੋਂ ਬਿਜਲੀ ਦੇ ਪੈਂਡਿੰਗ ਬਿੱਲਾਂ ਦੀ ਪਿਛਲੇ ਸਾਲਾਂ ਤੋਂ ਵਧਦੀ ਇਹ ਰਾਸ਼ੀ 2600 ਕਰੋੜ ’ਤੇ ਪੁੱਜ ਗਈ ਸੀ। ਜਿਸ ਤੋਂ ਬਾਅਦ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਇਹ ਮਾਮਲਾ ਪੰਜਾਬ ਸਰਕਾਰ ਕੋਲ ਉਠਾਇਆ ਗਿਆ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਸਮਾਰਟ ਮੀਟਰ ਲਾਉਣ ਦਾ ਫੈਸਲਾ ਲਿਆ ਗਿਆ ਸੀ ਤਾਂ ਜੋ ਬਿਜਲੀ ਬਿੱਲਾਂ ਦਾ ਝੰਜਟ ਹੀ ਖਤਮ ਕਰ ਦਿੱਤਾ ਜਾਵੇ।

ਪ੍ਰੀ ਪੇਡ ਮੀਟਰਾਂ ਨਾਲ ਪਾਵਰਕੌਮ ਨੂੰ ਮਿਲੇਗਾ ਸੌਖਾ ਸਾਹ | Prepaid Meters

ਪਾਵਰਕੌਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਦਫ਼ਤਰਾਂ ਅੰਦਰ ਪ੍ਰੀ ਪੇਡ ਮੀਟਰ ਲੱਗਣ ਕਾਰਨ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਸਰਕਾਰੀ ਦਫ਼ਤਰਾਂ ਨੂੰ ਬਿੱਲਾਂ ਦੇ ਬਕਾਏ ਭਰਨ ਲਈ ਸਾਲ ਵਿੱਚ ਅਨੇਕਾਂ ਵਾਰ ਨੋਟਿਸ ਭੇਜੇ ਜਾਂਦੇ ਸਨ, ਪਰ ਉਨ੍ਹਾਂ ’ਤੇ ਕੋਈ ਅਸਰ ਨਹੀਂ ਸੀ। ਹੁਣ ਪ੍ਰੀ ਪੇਡ ਮੀਟਰ ਲੱਗਣ ਤੋਂ ਬਾਅਦ ਬਿਜਲੀ ਬਿੱਲਾਂ ਦਾ ਝੰਜਟ ਖਤਮ ਹੀ ਹੋ ਜਾਵੇਗਾ। ਜੇਕਰ ਸਮਾਰਟ ਮੀਟਰ ਰਿਚਾਰਜ਼ ਕੀਤੇ ਜਾਣਗੇ, ਫੇਰ ਹੀ ਬਿਜਲੀ ਹਾਸਲ ਹੋ ਸਕੇਗੀ।

ਇਨ੍ਹਾਂ ਵਿਭਾਗਾਂ ’ਚ ਨਹੀਂ ਲੱਗਣਗੇ ਸਮਾਰਟ ਮੀਟਰ | Prepaid Meters

ਪਾਵਰਕੌਮ ਵੱਲੋਂ ਹਸਪਤਾਲਾਂ, ਵਾਟਰ ਵਰਕਸ ਅਤੇ ਸਟਰੀਟ ਲਾਇਟਾਂ ਨੂੰ ਪ੍ਰੀ ਪੇਡ ਮੀਟਰ ਲਾਉਣ ਤੋਂ ਫਿਲਹਾਲ ਦੀ ਘੜੀ ਬਾਹਰ ਰੱਖਿਆ ਹੋਇਆ ਹੈ। ਪਾਵਰਕੌਮ ਵੱਲੋਂ ਤਰਕ ਦਿੱਤਾ ਗਿਆ ਹੈ ਕਿ ਇਹ ਐਮਰਜੈਂਸੀ ਸੇਵਾਵਾਂ ਹਨ ਅਤੇ ਆਮ ਲੋਕਾਂ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਇਨ੍ਹਾਂ ਦਫ਼ਤਰਾਂ ਅੰਦਰ ਸਮਾਰਟ ਪ੍ਰੀ ਪੇਡ ਮੀਟਰ ਨਹੀਂ ਲਾਏ ਜਾਣਗੇ ਅਤੇ ਇੱਥੇ ਪਹਿਲਾਂ ਵਾਂਗ ਹੀ ਚੱਲ ਰਹੇ ਮੀਟਰਾਂ ਰਾਹੀਂ ਹੀ ਬਿਜਲੀ ਸਪਲਾਈ ਹੋਵੇਗੀ। ਇਨ੍ਹਾਂ ਵਿਭਾਗਾਂ ਨੂੰ ਛੱਡ ਕੇ ਬਾਕੀ ਸਾਰੇ ਸਰਕਾਰੀ ਦਫ਼ਤਰਾਂ ਅੰਦਰ ਸਮਾਰਟ ਮੀਟਰ ਲਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ’ਤੇ ਚੱਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ