
ਵਿਧਾਇਕ ਗੈਰੀ ਬੜਿੰਗ ਨੇ ਤਿੰਨ ਲਿੰਕ ਸੜਕਾਂ ਦੀ ਵਿਸ਼ੇਸ ਮੁਰੰਮਤ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ
Development Project: (ਅਨਿਲ ਲੁਟਾਵਾ) ਅਮਲੋਹ। ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਬੀਤੇ ਦਿਨੀ ਵਿਧਾਨ ਸਭਾ ਹਲਕਾ ਅਮਲੋਹ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਨਿਵਾਸੀਆਂ ਦੀ ਸੜਕਾਂ ਠੀਕ ਕਰਵਾਉਣ ਦੀ ਮੰਗ ਨੂੰ ਪੂਰਾ ਕਰਦੇ ਹੋਏ ਤਿੰਨ ਮਹੱਤਵਪੂਰਨ ਲਿੰਕ ਸੜਕਾਂ ਦੀ ਸਪੈਸ਼ਲ ਮੁਰੰਮਤ ਕਾਰਜਾਂ ਦੀ ਸ਼ੁਰੂਆਤ ਕੀਤੀ।
ਕਰੀਬ 3.17 ਕਰੋੜ ਦੀ ਲਾਗਤ ਨਾਲ ਹੋਵੇਗੀ ਸੜਕਾਂ ਦੀ ਮੁਰੰਮਤ
ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਵਿਧਾਨ ਸਭਾ ਹਲਕਾ ਅਮਲੋਹ ਦੀਆਂ ਲਿੰਕ ਸੜਕਾਂ ਨੂੰ ਦਰੁਸਤ ਕਰਨ ਲਈ ਵੱਖ-ਵੱਖ ਸਰਕਾਰੀ ਕਾਰਜਕਾਰੀ ਏਜੰਸੀਆਂ ਦੀ ਨਿਗਰਾਨੀ ਹੇਠ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਲਗਭਗ 3.17 ਕਰੋੜ ਰੁਪਏ ਦੀ ਲਾਗਤ ਵਾਲੀਆਂ ਤਿੰਨ ਹੋਰ ਮਹੱਤਵਪੂਰਨ ਸੜਕਾਂ ਦੀ ਸਪੈਸ਼ਲ ਮੁਰੰਮਤ ਦਾ ਕੰਮ ਆਰੰਭ ਕਰਵਾਇਆ ਗਿਆ ਹੈ ਅਤੇ ਆਉਣ ਵਾਲੇ ਚਾਰ ਤੋਂ ਪੰਜ ਮਹੀਨਿਆਂ ਅੰਦਰ ਇਹਨਾਂ ਸੜਕਾਂ ਦੇ ਮੁਕੰਮਲ ਹੋਣ ਨਾਲ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ।
ਇਹ ਵੀ ਪੜ੍ਹੋ: Punjab News: ਖੇਡ ਮੈਦਾਨ ਹੋਣਗੇ ਆਜ਼ਾਦੀ ਘੁਲਾਟੀਆਂ ਤੇ ਜੰਗੀ ਸ਼ਹੀਦਾਂ ਨੂੰ ਸਮਰਪਿਤ : ਵਿਧਾਇਕ ਰਜਨੀਸ਼ ਦਹੀਆ
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਖਨਿਆਣ ਤੋਂ ਰਾਮਗੜ੍ਹ ਮੜ੍ਹੀਆਂ ਤੋਂ ਸਲਾਣਾ ਤੱਕ ਬਣਨ ਵਾਲੀ ਲਿੰਕ ਸੜਕ, ਕੌਲਗੜ੍ਹ ਤੋਂ ਹਿੰਮਤਗੜ੍ਹ ਤੱਕ ਬਣਨ ਵਾਲੀ ਲਿੰਕ ਸੜਕ ਅਤੇ ਅਮਲੋਹ ਕੈਂਚੀਆਂ ਤੋਂ ਸ਼ਮਸ਼ਪੁਰ ਤੱਕ ਬਣਨ ਵਾਲੀ ਲਿੰਕ ਸੜਕ ਦੇ ਮੁਰੰਮਤ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਮੁੱਚੇ ਕਾਰਜ, ਪਾਰਦਰਸ਼ੀ ਪ੍ਰਣਾਲੀ ਨਾਲ ਸਮੇਂ ਸਿਰ ਨੇਪਰੇ ਚੜ੍ਹਾਏ ਜਾਣ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਜੇਈ ਰਾਮ ਸਿੰਘ ਤੇ ਪਿੰਡਾਂ ਦੇ ਵਸਨੀਕ ਹਾਜ਼ਰ ਸਨ।













