ਲੁਧਿਆਣਾ (ਜਸਵੀਰ ਗਹਿਲ)। ਲੁਧਿਆਣਾ ਵਿਖੇ ਸੀਐੱਮਐੱਸ ਕੈਸ਼ ਟਰਾਂਸਫਰ ਸਕਿਓਰਿਟੀ ਏਜੰਸੀ ’ਚ ਹੋਈ ਲੁੱਟ (Ludhiana Robbery Case) ਦੇ ਮਾਮਲੇ ’ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਨੇ ਕੋਟਕਪੂਰਾ ਤੋਂ 3 ਸ਼ੱਕੀ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਸੱਕ ਦੇ ਆਧਾਰ ’ਤੇ ਕਾਬੂ ਕੀਤਾ ਹੈ। ਹਾਲਾਂਕਿ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਦੱਸ ਦੇਈਏ ਕਿ ਪੁਲਿਸ ਨੂੰ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ 7 ਕਰੋੜ ਨਹੀਂ ਬਲ ਕਿ 8.49 ਕਰੋੜ ਦੀ ਲੁੱਟ ਕੀਤੀ ਹੈ।
ਉਹ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਦੋ ਗੱਡੀਆਂ ਸਵਿਫਟ ਅਤੇ ਸਵਿਫਟ ਡਾਇਜਰ, ਦੋ ਬਾਈਕ ਅਤੇ ਇੱਕ ਐਕਟਿਵਾ ’ਤੇ ਆਏ ਸਨ। ਲੁਟੇਰਿਆਂ ਨੇ ਆਪਣੇ ਵਾਹਨ ਵਾਰਦਾਤ ਵਾਲੀ ਥਾਂ ਤੋਂ ਕਾਫ਼ੀ ਦੂਰ ਪਾਰਕ ਕੀਤੇ ਹੋਏ ਸਨ ਤਾਂ ਜੋ ਕਿਸੇ ਨੂੰ ਕੁਝ ਪਤਾ ਨਾ ਲੱਗ ਸਕੇ। ਫਿਰ ਕੈਸ਼ ਵੈਨ ਲੈ ਕੇ ਉਹ ਮੁੱਖ ਮਾਰਗ ਤੋਂ ਨਹੀਂ ਸਗੋਂ ਅੰਦਰਲੇ ਇਲਾਕੇ ਵਿੱਚੋਂ ਹੁੰਦੇ ਹੋਏ ਮੁੱਲਾਂਪੁਰ ਹਾਈਵੇਅ ’ਤੇ ਪਹੁੰਚੇ ਸਨ। (Ludhiana Robbery Case)
ਜਿੱਥੇ ਪਿੰਡ ਪਡੋਰੀ ਨੂੰ ਜਾਂਦੇ ਰਸਤੇ ਵਿੱਚ ਕੈਸ਼ ਵੈਨ ਖੜ੍ਹੀ ਕੀਤੀ ਤਾਂ ਉਹ ਦੋ ਗੱਡੀਆਂ ਵਿੱਚ ਜਗਰਾਓਂ ਵੱਲ ਫਰਾਰ ਹੋ ਗਏ। ਰਸਤੇ ਵਿੱਚ ਪੈਂਦੇ ਚੌਕੀਮਾਨ ਟੋਲ ਪਲਾਜਾ ’ਤੇ ਵੀ ਲੁਟੇਰਿਆਂ ਨੇ ਵਾਹਨਾਂ ਨੂੰ ਨਹੀਂ ਰੋਕਿਆ। ਜਦੋਂ ਟੋਲ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੁਕਣ ਦਾ ਇਸਾਰਾ ਕੀਤਾ ਤਾਂ ਉਹ ਬੈਰੀਕੇਡ ਤੋੜ ਕੇ ਗੱਡੀਆਂ ਭਜਾ ਕੇ ਲੈ ਗਏ। ਇਸ ਦੌਰਾਨ ਮੋਟਰਸਾਈਕਲ ਤੇ ਐਕਟਿਵਾ ਕਿਵੇਂ ਗਏ? ਪੁਲਿਸ ਅਜੇ ਤੱਕ ਉਨ੍ਹਾਂ ਦਾ ਸੁਰਾਗ ਨਹੀਂ ਲਾ ਸਕੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।