
Ludhiana Central Jail: ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। ਲੁਧਿਆਣਾ ਸੈਂਟਰਲ ਜ਼ੇਲ੍ਹ ਦੀ ਸੁਰੱਖਿਆ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ, ਜਦੋਂ ਜ਼ੇਲ੍ਹ ਦੇ ਅੰਦਰ ਮੋਬਾਈਲ ਫੋਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਖੁਦ ਜ਼ੇਲ੍ਹ ਟਾਵਰ ’ਤੇ ਤਾਇਨਾਤ ਹੋਮਗਾਰਡ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜ਼ੇਲ੍ਹ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਮੁਲਜ਼ਮ ਹੋਮਗਾਰਡ ਵਿਸ਼ਾਲ ਕੁਮਾਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
Read Also : ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੰਦ ਕੀਤੇ ਗਏ ਸਕੂਲ
ਜ਼ੇਲ੍ਹ ਦੇ ਡਿਪਟੀ ਸੁਪਰਡੈਂਟ ਸੁਰਜੀਤ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰਬਰ 7 ਵਿਖੇ ਮੁਲਜ਼ਮ ਵਿਰੁੱਧ ਜ਼ੇਲ੍ਹ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਹੋਮਗਾਰਡ ਵਿਸ਼ਾਲ ਕੁਮਾਰ ਮੂਲ ਰੂਪ ਵਿੱਚ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਉਹ ਜੇਲ੍ਹ ਦੀ ਸੁਰੱਖਿਆ ਕੰਧ ’ਤੇ ਬਣੇ ਟਾਵਰ ’ਤੇ ਡਿਊਟੀ ’ਤੇ ਤਾਇਨਾਤ ਸੀ। Ludhiana Central Jail
ਸਵੇਰੇ ਬੈਰਕ ’ਚ ਸੁੱਟਿਆ ਗਿਆ ਸੂਟ, ਅੰਦਰੋਂ ਨਿੱਕਲੇ 3 ਮੋਬਾਈਲ | Ludhiana Central Jail
ਡਿਪਟੀ ਜ਼ੇਲ੍ਹ ਸੁਪਰਡੈਂਟ ਸੁਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ 27 ਜਨਵਰੀ ਨੂੰ ਸਵੇਰੇ ਕਰੀਬ 7:40 ਵਜੇ ਵਾਰਡ ਨੰਬਰ 2 ਦੀ ਬੈਰਕ ਵਿੱਚ ਬਾਹਰੋਂ ਇੱਕ ਸੂਟ ਸੁੱਟਿਆ ਗਿਆ। ਜਦੋਂ ਜ਼ੇਲ੍ਹ ਅਧਿਕਾਰੀਆਂ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਦੇ ਅੰਦਰੋਂ ਤਿੰਨ ਮੋਬਾਈਲ ਫੋਨ ਬਰਾਮਦ ਹੋਏ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਤਿੰਨੋਂ ਮੋਬਾਈਲ ਫੋਨ ਜ਼ੇਲ੍ਹ ’ਚ ਤਾਇਨਾਤ ਹੋਮਗਾਰਡ ਵਿਸ਼ਾਲ ਕੁਮਾਰ ਦੇ ਸਨ। ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਇਨਕਾਰ ਕੀਤਾ, ਪਰ ਬਾਅਦ ਵਿੱਚ ਉਸ ਨੇ ਮੰਨ ਲਿਆ ਕਿ ਉਸਨੇ ਹੀ ਮੋਬਾਈਲ ਫੋਨ ਕੱਪੜੇ ’ਚ ਲਪੇਟ ਕੇ ਜ਼ੇਲ੍ਹ ਦੇ ਅੰਦਰ ਸੁੱਟੇ ਸਨ।
ਟਾਵਰ ਤੋਂ ਬਣੀ ਕੈਦੀਆਂ ਤੱਕ ਮੋਬਾਈਲ ਪਹੁੰਚਾਉਣ ਦੀ ਚੇਨ
ਜਾਂਚ ਅਧਿਕਾਰੀ ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਜ਼ੇਲ੍ਹ ਦੀਆਂ ਸੁਰੱਖਿਆ ਕੰਧਾਂ ’ਤੇ ਟਾਵਰ ਬਣੇ ਹੋਏ ਹਨ, ਜਿੱਥੇ ਹੋਮਗਾਰਡ ਦੇ ਜਵਾਨ ਤਾਇਨਾਤ ਰਹਿੰਦੇ ਹਨ। ਮੁਲਜਮ ਵਿਸ਼ਾਲ ਕੁਮਾਰ ਵੀ ਉਸੇ ਟਾਵਰ ’ਤੇ ਡਿਊਟੀ ਕਰ ਰਿਹਾ ਸੀ। ਪੁਲਿਸ ਮੁਤਾਬਕ, ਬਾਹਰੋਂ ਇੱਕ ਵਿਅਕਤੀ ਨੇ ਉਸ ਨਾਲ ਸੰਪਰਕ ਕੀਤਾ ਅਤੇ ਤਿੰਨ ਮੋਬਾਈਲ ਫੋਨ ਸੌਂਪੇ, ਜਿਨ੍ਹਾਂ ਨੂੰ ਉਸ ਨੇ ਜ਼ੇਲ੍ਹ ਦੇ ਅੰਦਰ ਸੁੱਟ ਦਿੱਤਾ।
ਪੁਲਿਸ ਨੇ ਦੱਸਿਆ ਕਿ ਮੋਬਾਈਲ ਫੋਨ ਕਿਸ ਕੈਦੀ ਤੱਕ ਪਹੁੰਚਾਉਣੇ ਸਨ, ਇਸ ਸਬੰਧੀ ਜਾਂਚ ਜਾਰੀ ਹੈ ਅਤੇ ਇਸ ਗਿਰੋਹ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਗੇਟ ’ਤੇ ਸਕੈਨਰ, ਫਿਰ ਵੀ ਅੰਦਰ ਪਹੁੰਚ ਰਹੇ ਮੋਬਾਈਲ
ਜੇਲ੍ਹ ਪ੍ਰਸ਼ਾਸਨ ਮੁਤਾਬਕ ਜ਼ੇਲ੍ਹ ਦੇ ਮੁੱਖ ਗੇਟ ’ਤੇ ਸਕੈਨਰ ਲਗੇ ਹੋਏ ਹਨ ਅਤੇ ਹਰ ਵਿਅਕਤੀ ਅਤੇ ਸਮਾਨ ਦੀ ਜਾਂਚ ਕੀਤੀ ਜਾਂਦੀ ਹੈ, ਜਿਸ ਕਾਰਨ ਸਿੱਧੇ ਤੌਰ ’ਤੇ ਮੋਬਾਈਲ ਅੰਦਰ ਲਿਜਾਣਾ ਮੁਸ਼ਕਲ ਹੈ। ਇਸ ਲਈ ਕੈਦੀਆਂ ਦੇ ਰਿਸ਼ਤੇਦਾਰ ਅਤੇ ਬਾਹਰੀ ਤੱਤ ਜ਼ੇਲ੍ਹ ਦੇ ਸੁਰੱਖਿਆ ਕਰਮਚਾਰੀਆਂ ਨਾਲ ਸੰਪਰਕ ਕਰ ਕੇ ਮੋਬਾਈਲ ਅੰਦਰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।
ਦੋ ਹੋਰ ਕੈਦੀਆਂ ਤੋਂ ਵੀ ਮੋਬਾਈਲ ਬਰਾਮਦ
ਇਸ ਮਾਮਲੇ ਤੋਂ ਇਲਾਵਾ ਜ਼ੇਲ੍ਹ ਪ੍ਰਸ਼ਾਸਨ ਨੇ ਲਗਭਗ ਇੱਕ ਮਹੀਨਾ ਪਹਿਲਾਂ ਦੋ ਹੋਰ ਕੈਦੀਆਂ ਕੋਲੋਂ ਵੀ ਮੋਬਾਈਲ ਫੋਨ ਬਰਾਮਦ ਕੀਤੇ ਸਨ। ਜਾਂਚ ਤੋਂ ਬਾਅਦ ਪੁਲਿਸ ਨੇ ਲਵ ਗਿੱਲ ਅਤੇ ਕਰਨਵੀਰ ਸਿੰਘ ਵਿਰੁੱਧ ਵੀ ਥਾਣਾ ਡਿਵੀਜ਼ਨ ਨੰਬਰ 7 ਵਿਖੇ ਮਾਮਲਾ ਦਰਜ ਕਰ ਲਿਆ ਹੈ।












